0.9 C
Toronto
Thursday, November 27, 2025
spot_img
Homeਭਾਰਤਬਿਲਕੀਸ ਬਾਨੋ ਕੇਸ : ਸਾਰੇ ਦੋਸ਼ੀਆਂ ਵੱਲੋਂ ਗੋਧਰਾ ਜੇਲ੍ਹ ਵਿੱਚ ਸਮਰਪਣ

ਬਿਲਕੀਸ ਬਾਨੋ ਕੇਸ : ਸਾਰੇ ਦੋਸ਼ੀਆਂ ਵੱਲੋਂ ਗੋਧਰਾ ਜੇਲ੍ਹ ਵਿੱਚ ਸਮਰਪਣ

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਐਤਵਾਰ ਦੇਰ ਰਾਤ ਜੇਲ੍ਹ ਪ੍ਰਸ਼ਾਸਨ ਅੱਗੇ ਪੇਸ਼ ਹੋਏ 11 ਦੋਸ਼ੀ
ਗੋਧਰਾ : ਬਿਲਕੀਸ ਬਾਨੋ ਕੇਸ ਦੇ ਸਾਰੇ 11 ਦੋਸ਼ੀਆਂ ਨੇ ਐਤਵਾਰ ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਗੁਜਰਾਤ ਦੀ ਗੋਧਰਾ ਸਬ ਜੇਲ੍ਹ ਵਿਚ ਸਮਰਪਣ ਕਰ ਦਿੱਤਾ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਜੇਲ੍ਹ ਪ੍ਰਸ਼ਾਸਨ ਅੱਗੇ ਪੇਸ਼ ਹੋਣ ਲਈ 21 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ। ਸਥਾਨਕ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ 11 ਦੋਸ਼ੀ ਐਤਵਾਰ ਦੇਰ ਰਾਤ ਜੇਲ੍ਹ ਪ੍ਰਸ਼ਾਸਨ ਅੱਗੇ ਸਮਰਪਣ ਲਈ ਪੇਸ਼ ਹੋਏ। ਜ਼ਿਕਰਯੋਗ ਹੈ ਕਿ ਸਿਖਰਲੀ ਅਦਾਲਤ ਨੇ 8 ਜਨਵਰੀ ਨੂੰ ਇਨ੍ਹਾਂ ਦੋਸ਼ੀਆਂ ਦੀ ਸਜ਼ਾ ਮੁਆਫੀ ਰੱਦ ਕਰ ਦਿੱਤੀ ਸੀ। ਇਨ੍ਹਾਂ ਦੀ ਸਜ਼ਾ ਗੁਜਰਾਤ ਸਰਕਾਰ ਵੱਲੋਂ ਮੁਆਫ ਕੀਤੀ ਗਈ ਸੀ। ਸਿਖਰਲੀ ਅਦਾਲਤ ਨੇ ਇਸ ਮਾਮਲੇ ਵਿਚ ਰਾਜ ਸਰਕਾਰ ਦੀ ਖਿਚਾਈ ਵੀ ਕੀਤੀ ਸੀ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ 2022 ਵਿਚ ਆਜ਼ਾਦੀ ਦਿਹਾੜੇ ‘ਤੇ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਛੱਡੇ ਗਏ ਦੋਸ਼ੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਮੁੜ ਜੇਲ੍ਹ ਭੇਜਿਆ ਜਾਵੇ। ਇਸ ਤੋਂ ਪਹਿਲਾਂ ਇਹ ਸਾਰੇ 14 ਸਾਲ ਜੇਲ੍ਹ ਵਿਚ ਬਿਤਾ ਚੁੱਕੇ ਸਨ। ਅਦਾਲਤ ਨੇ ਪਿਛਲੇ ਦਿਨੀਂ ਇਨ੍ਹਾਂ ਦੋਸ਼ੀਆਂ ਦੀ ਉਹ ਅਪੀਲ ਖਾਰਜ ਕਰ ਦਿੱਤੀ ਸੀ ਜਿਸ ਵਿਚ ਉਨ੍ਹਾਂ ਸਮਰਪਣ ਲਈ ਹੋਰ ਸਮਾਂ ਮੰਗਿਆ ਸੀ। ਬਿਲਕੀਸ ਉਸ ਵੇਲੇ 21 ਵਰ੍ਹਿਆਂ ਦੀ ਸੀ ਜਦੋਂ ਇਨ੍ਹਾਂ 11 ਜਣਿਆਂ ਨੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ ਸੀ। ਬਾਨੋ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ 2002 ਦੇ ਗੁਜਰਾਤ ਦੰਗਿਆਂ ਦੌਰਾਨ ਹੱਤਿਆ ਵੀ ਕਰ ਦਿੱਤੀ ਗਈ ਸੀ। ਇਸ ਮਾਮਲੇ ਦੇ 11 ਦੋਸ਼ੀਆਂ ‘ਚ ਬਾਕਾ ਭਾਈ ਵੋਹਾਨੀਆ, ਬਿਪਿਨ ਚੰਦਰ ਜੋਸ਼ੀ, ਕੇਸਰ ਭਾਈ ਵੋਹਾਨੀਆ, ਗੋਵਿੰਦ, ਜਸਵੰਤ, ਮਿਤੇਸ਼ ਭੱਟ, ਪ੍ਰਦੀਪ ਮੋਰਧੀਆ, ਰਾਧੇ ਸ਼ਿਆਮ ਸ਼ਾਹ, ਰਾਜੂ ਭਾਈ ਸੋਨੀ, ਰਮੇਸ਼ ਅਤੇ ਸ਼ੈਲੇਸ਼ ਭੱਟ ਸ਼ਾਮਲ ਹਨ। 11 ਅਗਸਤ 2022 ਨੂੰ ਗੁਜਰਾਤ ਸਰਕਾਰ ਨੇ 1992 ਦੀ ਨੀਤੀ ਤਹਿਤ ਉਮਰ ਕੈਦ ਦੀ ਸਜ਼ਾਯਾਫਤਾ ਸਾਰੇ 11 ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਸੀ। ਦੋਸ਼ੀਆਂ ਦੀ ਇਹ ਰਿਹਾਈ ਜੇਲ੍ਹ ਦੀ ਸਜ਼ਾ ਦੌਰਾਨ ਚੰਗਾ ਆਚਰਨ ਅਪਣਾਉਣ ਦੇ ਆਧਾਰ ‘ਤੇ ਕੀਤੀ ਗਈ ਸੀ। ਇਹ ਸਾਰੇ ਦੋਸ਼ੀ ਦਹੋੜ ਜ਼ਿਲ੍ਹੇ ਦੇ ਸਿੰਗਵਾੜ ਤੇ ਰਣਧੀਕਪੁਰ ਪਿੰਡਾਂ ਦੇ ਰਹਿਣ ਵਾਲੇ ਹਨ। ਸਜ਼ਾ ਮੁਆਫੀ ਦੇ ਹੁਕਮ ਰੱਦ ਕਰਦਿਆਂ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਸੀ ਕਿ ਗੁਜਰਾਤ ਸਰਕਾਰ ਕੋਲ ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ ਕਿਉਂਕਿ ਕੇਸ ਦੀ ਸੁਣਵਾਈ ਮਹਾਰਾਸ਼ਟਰ ‘ਚ ਹੋਈ ਸੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮੁਲਜ਼ਮਾਂ ਨੇ ਸਿਖਰਲੀ ਅਦਾਲਤ ਕੋਲ ਪਹੁੰਚ ਕਰਕੇ ਆਤਮ-ਸਮਰਪਣ ਕਰਨ ਲਈ ਹੋਰ ਸਮੇਂ ਦੀ ਮੰਗ ਕੀਤੀ ਸੀ ਤੇ ਇਸ ਲਈ ਵੱਖ ਵੱਖ ਕਾਰਨਾਂ ਦਾ ਹਵਾਲਾ ਦਿੱਤਾ ਸੀ। ਸੁਪਰੀਮ ਕੋਰਟ ਨੇ ਹਾਲਾਂਕਿ ਇਹ ਕਹਿੰਦਿਆਂ ਦੋਸ਼ੀਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਕਿ ਉਨ੍ਹਾਂ ਦੇ ਕਾਰਨਾਂ ਵਿੱਚ ਦਮ ਨਹੀਂ ਹੈ।

RELATED ARTICLES
POPULAR POSTS