ਨਵਦੀਪ ਸਿੰਘ ਗਿੱਲ
ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ ਸੰਪੰਨ ਹੋਈਆਂ ਏਸ਼ੀਆਈ ਖੇਡਾਂ ਭਾਰਤ ਅਤੇ ਪੰਜਾਬ ਲਈ ਯਾਦਗਾਰ ਹੋ ਨਿੱਬੜੀਆਂ। ਇਨ੍ਹਾਂ ਖੇਡਾਂ ਵਿਚ ਜਿੱਥੇ ਪਹਿਲੀ ਵਾਰ ਭਾਰਤ ਨੇ ਤਗ਼ਮਿਆਂ ਦਾ ਸੈਂਕੜਾ ਪਾਰ ਕੀਤਾ, ਉੱਥੇ ਪੰਜਾਬ ਦੇ ਖਿਡਾਰੀਆਂ ਨੇ ਵੀ ਖੇਡਾਂ ਦੇ 72 ਵਰ੍ਹਿਆਂ ਦੇ ਸਾਰੇ ਰਿਕਾਰਡ ਤੋੜਦਿਆਂ ਸੋਨੇ ਦੇ ਤਗ਼ਮੇ ਅਤੇ ਕੁੱਲ ਤਗ਼ਮੇ ਸਭ ਤੋਂ ਵੱਧ ਜਿੱਤੇ। ਭਾਰਤ ਨੇ 28 ਸੋਨੇ, 38 ਚਾਂਦੀ ਤੇ 41 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 107 ਤਗ਼ਮੇ ਜਿੱਤੇ। ਭਾਰਤ ਤਗ਼ਮਾ ਸੂਚੀ ਵਿਚ ਚੀਨ, ਜਪਾਨ ਤੇ ਦੱਖਣੀ ਕੋਰੀਆਂ ਤੋਂ ਬਾਅਦ ਚੌਥੇ ਸਥਾਨ ‘ਤੇ ਰਿਹਾ। ਹਾਲਾਂਕਿ ਭਾਰਤ 1951 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ਦੀ ਤਗ਼ਮਾ ਸੂਚੀ ਵਿਚ ਦੂਜੇ ਅਤੇ 1962 ਜਕਾਰਤਾ ਵਿਚ ਤੀਜੇ ਸਥਾਨ ਉਤੇ ਸੀ, ਪਰ ਤਗ਼ਮੇ ਜਿੱਤਣ ਪੱਖੋਂ ਇਸ ਵਾਰ ਸਰਵੋਤਮ ਪ੍ਰਦਰਸ਼ਨ ਰਿਹਾ। ਭਾਰਤ ਨੇ ਸਾਰੀਆਂ 19 ਏਸ਼ੀਆਈ ਖੇਡਾਂ ਵਿਚ ਹਿੱਸਾ ਲਿਆ ਹੈ ਅਤੇ 1951 ਨਵੀਂ ਦਿੱਲੀ ਤੋਂ 2023 ਹਾਂਗਜ਼ੂ ਤੱਕ ਇਨ੍ਹਾਂ ਖੇਡਾਂ ਵਿਚ ਕੁੱਲ 183 ਸੋਨੇ, 239 ਚਾਂਦੀ ਤੇ 357 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 779 ਤਗ਼ਮੇ ਜਿੱਤੇ ਹਨ ਅਤੇ ਓਵਰਆਲ ਪੰਜਵੇਂ ਸਥਾਨ ਉਤੇ ਹੈ।
ਪੰਜਾਬ ਦੇ ਵੀ 32 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 6 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 20 ਤਗ਼ਮੇ ਜਿੱਤੇ। ਏਸ਼ੀਆਈ ਖੇਡਾਂ ਦੇ ਇਤਿਹਾਸ ਵਿਚ ਪੰਜਾਬ ਦੇ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਧ ਸੋਨ ਤਗ਼ਮੇ 1951 ਵਿਚ ਨਵੀਂ ਦਿੱਲੀ ਅਤੇ 1962 ਵਿਚ ਜਕਾਰਤਾ ਏਸ਼ੀਅਨ ਗੇਮਜ਼ ਵਿਚ 7-7 ਸੋਨ ਤਗ਼ਮੇ ਜਿੱਤੇ ਸਨ ਅਤੇ ਇਸ ਵਾਰ ਇਹ ਰਿਕਾਰਡ ਤੋੜਦਿਆਂ ਪੰਜਾਬ ਦੇ ਖਿਡਾਰੀਆਂ ਨੇ 8 ਸੋਨ ਤਗ਼ਮੇ ਜਿੱਤ ਲਏ। ਇਸ ਤੋਂ ਇਲਾਵਾ ਪੰਜਾਬੀ ਖਿਡਾਰੀਆਂ ਨੇ ਕੁੱਲ ਸਭ ਤੋਂ ਵੱਧ 15 ਤਗ਼ਮੇ 1951 ਵਿਚ ਨਵੀਂ ਦਿੱਲੀ ਵਿਖੇ ਜਿੱਤੇ ਸਨ। ਇਸ ਵਾਰ ਇਹ ਵੀ ਰਿਕਾਰਡ ਤੋੜਦਿਆਂ ਕੁੱਲ 20 ਤਗ਼ਮੇ ਜਿੱਤੇ ਹਨ। ਫ਼ਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਜਿੱਥੇ ਵਿਸ਼ਵ ਰਿਕਾਰਡ ਤੋੜਿਆ ਉੱਥੇ ਇਕ ਸੋਨੇ ਅਤੇ ਇਕ ਚਾਂਦੀ ਦਾ ਤਗ਼ਮਾ ਵੀ ਜਿੱਤਿਆ। ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੇ ਲਗਾਤਾਰ ਦੂਜੀ ਵਾਰ ਏਸ਼ੀਆਈ ਖੇਡਾਂ ਵਿਚ ਸ਼ਾਟਪੁੱਟ ਮੁਕਾਬਲੇ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਤੂਰ ਤੇ ਨੀਰਜ ਚੋਪੜਾ ਦੋ ਹੀ ਅਜਿਹੇ ਅਥਲੀਟ ਸਨ ਜਿਨ੍ਹਾਂ ਲਗਾਤਾਰ ਦੂਜੀ ਵਾਰ ਇਨ੍ਹਾਂ ਖੇਡਾਂ ਵਿਚ ਸੋਨੇ ਦਾ ਤਗ਼ਮਾ ਜਿੱਤਿਆ। ਸੋਨ ਤਗ਼ਮਾ ਜਿੱਤਣ ਵਾਲੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਪੰਜਾਬੀ ਹੈ। ਹਾਕੀ ਵਿਚ ਚੌਥੀ ਵਾਰ ਏਸ਼ੀਆਈ ਖੇਡਾਂ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿਚ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਕੁੱਲ 10 ਖਿਡਾਰੀ ਪੰਜਾਬ ਤੋਂ ਸਨ। ਹਰਮਨਪ੍ਰੀਤ ਸਿੰਘ ਨੇ ਭਾਰਤ ਵੱਲੋਂ ਸਭ ਤੋਂ ਵੱਧ 13 ਗੋਲ, ਮਨਦੀਪ ਸਿੰਘ ਨੇ 12 ਗੋਲ ਅਤੇ ਵਰੁਣ ਕੁਮਾਰ ਨੇ 8 ਗੋਲ ਕੀਤੇ। ਭਾਰਤ ਨੇ ਕੁੱਲ 68 ਗੋਲ ਕੀਤੇ ਜਿਨ੍ਹਾਂ ਵਿਚੋਂ ਇਕੱਲੇ ਪੰਜਾਬੀ ਖਿਡਾਰੀਆਂ ਨੇ 43 ਗੋਲ ਕੀਤੇ। ਹਾਂਗਜ਼ੂ ਵਿਖੇ ਏਸ਼ੀਅਨ ਗੇਮਜ਼ ਵਿਚ ਭਾਰਤ ਨੇ ਪੁਰਸ਼ ਹਾਕੀ ਦੇ ਫਾਈਨਲ ਵਿਚ ਪਿਛਲੇ ਗੋਲਡ ਮੈਡਲਿਸਟ ਜਪਾਨ ਨੂੰ 5-1 ਨਾਲ ਹਰਾ ਕੇ ਸੋਨੇ ਦਾ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਨੇ 1966 ਬੈਕਾਂਕ, 1998 ਬੈਕਾਂਕ ਤੇ 2014 ਇੰਚੇਓਨ ਵਿਖੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ 2024 ਪੈਰਿਸ ਓਲੰਪਿਕਸ ਦੀ ਟਿਕਟ ਵੀ ਕਟਾ ਲਈ ਹੈ। ਭਾਰਤੀ ਹਾਕੀ ਟੀਮ ਕੋਲ ਪਹਿਲੀ ਵਾਰ ਇਕੋ ਮੌਕੇ ਸਾਰੀਆਂ ਖੇਡਾਂ (ਓਲੰਪਿਕਸ/ਏਸ਼ਿਆਈ/ਰਾਸ਼ਟਰਮੰਡਲ ਖੇਡਾਂ) ਦਾ ਤਗ਼ਮਾ ਹੈ ਅਤੇ ਸਾਰੇ ਰੰਗਾਂ ਦੇ ਤਗ਼ਮੇ ਹਨ। ਭਾਰਤੀ ਹਾਕੀ ਟੀਮ ਕੋਲ 2021 ਵਿਚ ਟੋਕੀਓ ਓਲੰਪਿਕ ਖੇਡਾਂ ਵਿਚ ਕਾਂਸੀ, 2022 ਵਿਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਚਾਂਦੀ ਅਤੇ ਹੁਣ 2023 ਵਿਚ ਹਾਂਗਜ਼ੂ ਏਸ਼ੀਆਈ ਖੇਡਾਂ ਦਾ ਸੋਨ ਤਗ਼ਮਾ ਹੈ। ਭਾਰਤੀ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਤੇ ਪੀ.ਆਰ. ਸ੍ਰੀਜੇਸ਼ ਦੋ ਅਜਿਹੇ ਭਾਰਤੀ ਹਾਕੀ ਖਿਡਾਰੀ ਬਣ ਗਏ ਜਿਨ੍ਹਾਂ ਏਸ਼ੀਆਈ ਖੇਡਾਂ ਵਿਚ ਦੋ ਵਾਰ ਸੋਨੇ ਦਾ ਤਗ਼ਮਾ (ਇੰਚੇਓਨ 2014 ਤੇ ਹਾਂਗਜ਼ੂ 2023) ਜਿੱਤਿਆ ਹੈ। 1966 ਵਿਚ ਪਹਿਲੀ ਵਾਰ ਏਸ਼ੀਅਨ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਵਿਚ 10 ਖਿਡਾਰੀ ਪੰਜਾਬੀ ਸਨ ਅਤੇ ਹੁਣ 2023 ਵਿੱਚ ਚੌਥੀ ਵਾਰ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਵਿਚ ਵੀ 10 ਖਿਡਾਰੀ ਪੰਜਾਬੀ ਹਨ। ਪੰਜਾਬ ਦੇ 48 ਖਿਡਾਰੀਆਂ ਨੂੰ ਇਸ ਵਾਰ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਤੋਂ ਪਹਿਲਾਂ ਸੂਬਾ ਸਰਕਾਰ ਨੇ 8 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਕੁੱਲ 4.64 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ।
ਇਸ ਵਾਰ ਹਾਂਗਜ਼ੂ ਵਿਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਦਲ 653 ਮੈਂਬਰੀ ਹਿੱਸਾ ਲੈਣ ਗਿਆ ਸੀ। ਭਾਰਤ ਨੇ ਐਤਕੀ 22 ਖੇਡਾਂ ਵਿਚ ਤਮਗ਼ੇ ਜਿੱਤੇ। ਨਿਸ਼ਾਨੇਬਾਜ਼ੀ ਵਿਚ ਸਭ ਤੋਂ ਵੱਧ 6 ਸੋਨੇ ਦੇ ਤਗ਼ਮਿਆਂ ਸਮੇਤ ਕੁੱਲ 22 ਤਗ਼ਮੇ ਜਿੱਤੇ ਜਦੋਂਕਿ ਅਥਲੈਟਿਕਸ ਵਿਚ ਕੁੱਲ ਸਭ ਤੋਂ ਵੱਧ 29 ਤਗ਼ਮੇ ਜਿੱਤੇ ਜਿਨ੍ਹਾਂ ਵਿਚ ਪੰਜ ਸੋਨੇ, 14 ਚਾਂਦੀ ਤੇ 9 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਤੀਰਅੰਦਾਜ਼ੀ ਵਿਚ ਪਹਿਲੀ ਵਾਰ ਸਰਵੋਤਮ ਪ੍ਰਦਰਸ਼ਨ ਕਰਦਿਆਂ 5 ਸੋਨੇ ਦੇ ਤਗ਼ਮਿਆਂ ਸਮੇਤ ਕੁੱਲ 9 ਤਗ਼ਮੇ ਜਿੱਤੇ। ਗੌਰਤਲਬ ਹੈ ਕਿ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਦੋਵੇਂ ਖੇਡਾਂ ਓਲੰਪਿਕਸ ਖੇਡਾਂ ਵੀ ਹਨ, ਪਰ ਪਿਛਲੇ ਸਾਲ ਦੋਵੇਂ ਖੇਡਾਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਸ਼ਾਮਲ ਨਹੀਂ ਕੀਤੀਆਂ ਗਈਆਂ। ਕਬੱਡੀ ਤੇ ਕ੍ਰਿਕਟ ਵਿਚ ਦੋਵੇਂ ਵਰਗਾਂ ਵਿਚ ਸੋਨੇ ਦੇ ਤਗ਼ਮੇ ਜਿੱਤਦਿਆਂ 2-2 ਸੋਨੇ ਦੇ ਤਗ਼ਮਿਆਂ ਨਾਲ ਹੂੰਝਾ ਫੇਰਿਆ, ਹਾਲਾਂਕਿ ਇਹ ਦੋਵੇਂ ਖੇਡਾਂ ਓਲੰਪਿਕਸ ਦਾ ਹਿੱਸਾ ਨਹੀਂ ਹਨ।
ਹਾਕੀ ਵਿਚ ਮੁੰਡਿਆਂ ਨੇ ਸੋਨਾ ਅਤੇ ਕੁੜੀਆਂ ਨੇ ਕਾਂਸੀ ਜਿੱਤ ਕੇ ਦੋਵੇਂ ਵਰਗਾਂ ਵਿਚ ਤਗ਼ਮੇ ਝੋਲੀ ਪਾਏ। ਖੇਡਾਂ ਅਨੁਸਾਰ ਤਗ਼ਮਾ ਸੂਚੀ ਵਿਚ ਭਾਰਤ ਤੀਰਅੰਦਾਜ਼ੀ, ਕ੍ਰਿਕਟ, ਕਬੱਡੀ ਤੇ ਹਾਕੀ ਵਿਚ ਪਹਿਲੇ ਨੰਬਰ ਉੱਤੇ ਰਿਹਾ। ਨਿਸ਼ਾਨੇਬਾਜ਼ੀ ਅਤੇ ਸ਼ਕੁਐਸ਼ ਵਿਚ ਦੂਜੇ ਅਤੇ ਅਥਲੈਟਿਕਸ, ਬੈਡਮਿੰਟਨ, ਲਾਅਨ ਟੈਨਿਸ ਤੇ ਘੋੜਸਵਾਰੀ ਵਿਚ ਤੀਜੇ ਨੰਬਰ ਉੱਤੇ ਰਿਹਾ। ਬੈਡਮਿੰਟਨ ਵਿਚ ਇਕ-ਇਕ ਸੋਨੇ, ਚਾਂਦੀ ਤੇ ਕਾਂਸੀ, ਘੋੜਸਵਾਰੀ ਵਿਚ ਇਕ ਸੋਨੇ ਤੇ ਇਕ ਕਾਂਸੀ ਅਤੇ ਟੇਬਲ ਟੈਨਿਸ ਵਿਚ ਇਕ ਕਾਂਸੀ ਦੇ ਤਗ਼ਮੇ ਨਾਲ ਇਨ੍ਹਾਂ ਤਿੰਨਾਂ ਖੇਡਾਂ ਵਿਚ ਭਾਰਤ ਨੇ ਏਸ਼ੀਆਈ ਖੇਡਾਂ ਵਿਚ ਆਪਣਾ ਪ੍ਰਦਰਸ਼ਨ ਸੁਧਾਰਿਆ। ਕੁਸ਼ਤੀ ਤੇ ਮੁੱਕੇਬਾਜ਼ੀ ਵਿਚ ਕੋਈ ਵੀ ਸੋਨ ਤਗ਼ਮਾ ਨਾ ਜਿੱਤ ਸਕਣ ਕਰਕੇ ਦੋਵਾਂ ਖੇਡਾਂ ਵਿਚ ਉਮੀਦ ਨਾਲੋਂ ਮਾੜਾ ਪ੍ਰਦਰਸ਼ਨ, ਕੁਸ਼ਤੀ ਫੈਡਰੇਸ਼ਨ ਦਾ ਵਿਵਾਦ ਅਤੇ ਪਹਿਲਵਾਨਾਂ ਦਾ ਨਿਰਾਦਰ ਮਹਿੰਗਾ ਪਿਆ। ਕੁਸ਼ਤੀ ਵਿਚ ਇਕ ਚਾਂਦੀ ਤੇ ਪੰਜ ਕਾਂਸੀ ਅਤੇ ਮੁੱਕੇਬਾਜ਼ੀ ਵਿਚ ਇਕ ਚਾਂਦੀ ਤੇ ਚਾਰ ਕਾਂਸੀ ਦੇ ਤਗ਼ਮੇ ਜ਼ਰੂਰ ਜਿੱਤੇ। ਰੋਇੰਗ ਵਿਚ ਕੁੱਲ ਪੰਜ, ਸਤਰੰਜ ਵਿਚ ਦੋ, ਸੇਲਿੰਗ ਵਿਚ ਤਿੰਨ, ਬਰਿੱਜ, ਗੌਲਫ ਤੇ ਵੁਸ਼ੂ ਵਿਚ ਇਕ-ਇਕ ਚਾਂਦੀ, ਰੋਲਰ ਸਕੇਟਿੰਗ ਵਿਚ ਦੋ ਕਾਂਸੀ ਅਤੇ ਕੈਨੋਇੰਗ, ਸਪੀਕਤਕਰਾਅ ਤੇ ਟੇਬਲ ਟੈਨਿਸ ਵਿਚ ਇਕ-ਇਕ ਕਾਂਸੀ ਦਾ ਤਗ਼ਮਾ ਜਿੱਤਿਆ। ਵੇਟਲਿਫਟਿੰਗ ਵਿਚ ਓਲੰਪਿਕ ਮੈਡਲਿਸਟ ਮੀਰਾਬਾਈ ਚਾਨੂ, ਬੈਡਮਿੰਟਨ ਵਿਚ ਓਲੰਪਿਕ ਮੈਡਲਿਸਟ ਪੀਵੀ ਸਿੰਧੂ ਤੇ ਓਲੰਪਿਕ ਮੈਡਲਿਸਟ ਪਹਿਲਵਾਨ ਬਜਰੰਗ ਪੂਨੀਆ ਦੀ ਹਾਰ ਨੇ ਵੀ ਨਿਰਾਸ਼ ਕੀਤਾ। ਬਾਲ ਖੇਡਾਂ (ਫੁੱਟਬਾਲ, ਬਾਸਕਟਬਾਲ, ਹੈਂਡਬਾਲ ਤੇ ਵਾਲੀਬਾਲ) ਸਮੇਤ ਤੈਰਾਕੀ, ਤਲਵਾਰਬਾਜ਼ੀ, ਜਿਮਨਾਸਟਿਕ ਆਦਿ ਵਿਚ ਭਾਰਤ ਖਾਲੀ ਹੱਥ ਪਰਤਿਆ।
ਵਿਅਕਤੀਗਤ ਵਰਗ ਦੀ ਗੱਲ ਕਰੀਏ ਤਾਂ ਸਿਰਫ਼ ਦੋ ਹੀ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਨੀਰਜ ਚੋਪੜਾ ਹੀ ਅਜਿਹੇ ਅਥਲੀਟ ਰਹੇ ਜਿਨ੍ਹਾਂ ਨੇ ਲਗਾਤਾਰ ਦੋ ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਗ਼ਮਾ ਜਿੱਤਿਆ। 32 ਅਜਿਹੇ ਖਿਡਾਰੀ ਸਨ ਜਿਨ੍ਹਾਂ ਨੇ 2 ਜਾਂ 2 ਤੋਂ ਵੱਧ ਤਗ਼ਮੇ ਜਿੱਤੇ। ਤੀਰਅੰਦਾਜ਼ ਜਯੋਤੀ ਸੁਰੇਖਾ ਤੇ ਓਜਸ ਨੇ ਸਭ ਤੋਂ ਵੱਧ 3-3 ਸੋਨੇ ਦੇ ਤਗ਼ਮੇ ਜਿੱਤੇ ਅਤੇ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਤੇ ਈਸ਼ਾ ਸਿੰਘ ਨੇ ਸਭ ਤੋਂ ਵੱਧ 4-4 ਤਗ਼ਮੇ ਜਿੱਤੇ। ਤੋਮਰ ਨੇ 2 ਸੋਨੇ ਅਤੇ 1-1 ਚਾਂਦੀ ਤੇ ਕਾਂਸੀ ਅਤੇ ਈਸ਼ਾ ਨੇ 1 ਸੋਨੇ ਤੇ 3 ਚਾਂਦੀ ਦੇ ਤਗ਼ਮੇ ਜਿੱਤੇ।
ਭਾਰਤੀ ਖੇਡ ਦਲ ਨੇ ਇਕ ਦਿਨ ਵਿਚ ਸਭ ਤੋਂ ਵੱਧ 15 ਤਗ਼ਮੇ 1 ਅਕਤੂਬਰ ਨੂੰ ਜਿੱਤੇ ਅਤੇ ਇਕ ਦਿਨ ਵਿਚ ਸਭ ਤੋਂ ਵੱਧ 6 ਸੋਨੇ ਦੇ ਤਗ਼ਮੇ 7 ਅਕਤੂਬਰ ਨੂੰ ਜਿੱਤੇ। ਮੁੰਡਿਆਂ ਨੇ 15 ਸੋਨੇ ਦੇ ਤਗ਼ਮਿਆਂ ਸਮੇਤ ਕੁੱਲ 52 ਤਗ਼ਮੇ, ਕੁੜੀਆਂ ਨੇ 9 ਸੋਨੇ ਦੇ ਤਗ਼ਮਿਆਂ ਸਮੇਤ ਕੁੱਲ 46 ਤਗ਼ਮੇ ਅਤੇ ਮਿਕਸਡ ਈਵੈਂਟ ਵਿਚ ਦੋਵਾਂ ਨੇ 4 ਸੋਨੇ ਦੇ ਤਗ਼ਮਿਆਂ ਸਮੇਤ ਕੁੱਲ 9 ਤਗ਼ਮੇ ਜਿੱਤੇ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਤੇ ਮੁੱਕੇਬਾਜ਼ ਲਵਲੀਨਾ 653 ਮੈਂਬਰੀ ਭਾਰਤੀ ਖੇਡ ਦਲ ਦੇ ਝੰਡਾਬਰਦਾਰ ਸਨ ਜਦੋਂਕਿ ਸਮਾਪਤੀ ਸਮਾਰੋਹ ਵਿਚ ਹਾਕੀ ਟੀਮ ਦਾ ਗੋਲਚੀ ਪੀ. ਸ੍ਰੀਜੇਸ਼ ਝੰਡਾਬਰਦਾਰ ਸੀ। ਦੋਵੇਂ ਹਾਕੀ ਖਿਡਾਰੀਆਂ ਨੇ ਸੋਨੇ ਅਤੇ ਲਵਲੀਨਾ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਹਾਂਗਜ਼ੂ ਵਿਖੇ ਅੰਪਾਇਰਿੰਗ ਦੇ ਪੱਖ ਤੋਂ ਜ਼ਰੂਰ ਖਾਮੀਆਂ ਸਾਹਮਣੇ ਆਈਆਂ ਖ਼ਾਸ ਕਰਕੇ ਅਥਲੈਟਿਕਸ ਵਿਚ ਜਿਸ ਬਾਰੇ ਫਿਰ ਚਰਚਾ ਕਰਾਂਗੇ।