ਐਮਪੀ ਰੂਬੀ ਸਹੋਤਾ ਨੇ ਵੀ ਕੀਤੀ ਸ਼ਿਰਕਤ
ਬਰੈਂਪਟਨ : ਬਲੈਕ ਓਕ ਸੀਨੀਅਰ ਕਲੱਬ, ਬਰੈਪਟਨ ਵਲੋਂ ਬਲਿਉ ਓਕ ਪਾਰਕ ਵਿਖੇ 8 ਜੁਲਾਈ ਨੂੰ ਸ਼ਾਮ ਦੇ 5 ਵਜ਼ੇ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਬੜੇ ਹਰਸ਼ੋ ਉਲਾਸ ਨਾਲ ਕਨੇਡਾ ਡੇਅ ਮਨਾਇਆ ਗਿਆ। ਇਸ ਸਮਾਰੋਹ ਵਿਚ ਕਲੱਬ ਦੇ ਅਹੁਦੇਦਾਰਾਂ, ਮੈਬਰਾਂ ਤੋਂ ਇਲਾਵਾ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਵੱਡੀ ਗਿਣਤੀ ਮਹਿਮਾਨਾਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਅਨੰਦ ਮਾਣਿਆਂ। ਪ੍ਰੋਗਰਾਮ ਦੀ ਸ਼ੁਰੂਆਤ ਕਨੇਡਾ ਦੇ ਨੈਸ਼ਨਲ ਗੀਤ ‘ਓ ਕਨੇਡਾ’ ਨਾਲ ਕੀਤੀ ਗਈ। ਸਾਰੇ ਹਾਜ਼ਰੀਨ ਵਲੋਂ ਸੰਗੀਤ ਮਈ ਧੁੰਨ ‘ਤੇ ਗਾਏ ਰਾਸ਼ਟਰੀ ਗੀਤ ਓ-ਕਨੇਡਾ ਦਾ ਸਤਿਕਾਰ ਵਜੋਂ ਖੜੇ ਹੋ ਕੇ ਅਨੰਦ ਮਾਣਿਆ।
ਸਟੇਜ ਸੰਚਾਲਣ ਦੀ ਜ਼ਿੰਮੇਵਾਰੀ ਜਸਵੰਤ ਸਿੰਘ ਧਾਲੀਵਾਲ ਨੂੰ ਸੌਂਪੀ ਗਈ। ਉਨ੍ਹਾਂ ਵਲੋਂ ਮੰਚ ‘ਤੇ ਉਪ ਸਥਿਤ ਹਾਜ਼ਰੀਨ ਅਤੇ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਕਨੇਡਾ ਡੇਅ ਦੀ ਵਧਾਈ ਦਿੱਤੀ ਗਈ। ਪ੍ਰੋਫੈਸਰ ਹਰਨੇਕ ਸਿੰਘ ਗਿੱਲ ਵਲੋਂ ਕਨੇਡਾ ਡੇਅ ਦੇ ਇਤਹਾਸਕ ਪੱਖ ਬਾਰੇ ਜਾਣੂ ਕਰਵਾਉਦਿਆਂ ਦਸਿਆ ਕਿ 1867 ਈ: ਨੂੰ ਓਨਟਾਰੀਓ ਅਤੇ ਕਿਉਬਿਕ ਵਿਚ ਵੰਡੀਆਂ ਵੱਖ-ਵੱਖ ਕਲੋਨੀਆਂ ਨੂੰ ਇਕੱਠਾ ਕਰਕੇ ਚਾਰ ਸੂਬੇ ਓਨਟਾਰੀਓ, ਕਿਉਬਿਕ, ਨੋਵਾਸ਼ਕੋਸ਼ੀਆ ਅਤੇ ਬਰੰਸਵਿਕ ਬਣਾਏ ਗਏ ਸਨ। ਓਦੋਂ ਕਨੇਡਾ ਬ੍ਰਿਟਿਸ਼ ਸਾਮਰਾਜ ਦਾ ਇਕ ਵੱਡਾ ਰਾਜ਼ ਬਣ ਗਿਆ ਅਤੇ ਹਰ ਸਾਲ 1 ਜੁਲਾਈ ਨੂੰ ਕਨੇਡਾ ਡੇਅ ਮਨਾਇਆ ਜਾਂਦਾ ਹੈ। ਬੂਟਾ ਸਿੰਘ ਅਤੇ ਭਰਪੂਰ ਸਿੰਘ ਚਹਿਲ ਵਲੋਂ ਕਵਿਤਾਵਾਂ ਸੁਣਾ ਕੇ ਰੰਗ ਬੰਨਿਆਂ। ਪਿਰਥੀ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਤੂਰ, ਪਰਮਜੀਤ ਸਿੰਘ ਬਰਾੜ, ਗਜ਼ਨ ਸਿੰਘ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ। ਕਲੱਬ ਦੇ ਫਾਉਂਡਰ ਮੈਂਬਰ ਸਰੂਪ ਸਿੰਘ ਗਿੱਲ ਅਤੇ ਜੋਤਇੰਦਰ ਸਿੰਘ ਸੋਢੀ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਇਸ ਸਮਾਰੋਹ ਵਿਚ ਐਮਪੀਪੀ ਗਰੈਮ ਮੈਕਗਰੇਗਰ ਦੇ ਪੀਏ ਜਸਕਰਨ ਕੈਲੇ ਅਤੇ ਓਨਟਾਰੀਓ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਦੇ ਪੀ.ਏ. ਕਰਮਜੋਤ ਸਿੰਘ ਵਲੋਂ ਕਲੱਬ ਦੇ ਨਾਮ ਵਧਾਈ ਸੰਦੇਸ਼/ਸਨਮਾਨ ਚਿੰਨ ਭੇਂਟ ਕੀਤੇ ਗਏ। ਸੁਰਿੰਦਰ ਸਿੰਘ ਜੱਸਲ ਵਲੋਂ ਬਲਿਊ ਓਕ ਪਾਰਕ ਦੀ ਸਾਫ ਸਫਾਈ ਲਈ ਪਾਏ ਜਾਂਦੇ ਯੋਗਦਾਨ ਲਈ ਉਹਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਸਾਰਿਆਂ ਨੂੰ ਪਾਰਕ ਵਿਚ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਅਤੇ ਗਾਰਬੇਜ਼ ਬਿੰਨਾਂ ਵਿਚ ਸੁਟਣ ਦੀ ਅਪੀਲ ਕੀਤੀ। ਕਲੱਬ ਦੇ ਸਕੱਤਰ-ਕਮ-ਕੈਸ਼ੀਅਰ ਸਿਕੰਦਰ ਸਿੰਘ ਝੱਜ ਭਰਤ ਗਏ ਹੋਣ ਕਾਰਣ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕੇ।
ਇਸ ਮੌਕੇ ਕਲੱਬ ਦੇ ਵਿਸ਼ੇਸ਼ ਸੱਦੇ ‘ਤੇ ਸ਼ਾਮਲ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੂੰ ਸਟੇਜ ਤੋਂ ਵੱਧ ਰਹੀ ਮਹਿੰਗਾਈ ‘ਤੇ ਕਾਬੂ ਪਾਉਣ, ਵਧ ਰਹੇ ਟਰੈਫਿਕ ਅਤੇ ਹੋਰ ਸਮੱਸਿਆਵਾਂ ਦੇ ਹੱਲ ਕਰਨ ਦੀ ਮੰਗ ਰੱਖੀ। ਐਮਪੀ ਸਹੋਤਾ ਵਲੋ ਵੱਖ-ਵੱਖ ਲੋਕਾਂ ਵਲੋਂ ਉਠਾਏ ਮਸਲਿਆਂ ਨੂੰ ਧਿਆਨ ਨਾਲ ਸੁਣਿਆਂ ਅਤੇ ਆਪਣੀ ਸਰਕਾਰ ਦੀਆਂ ਨੀਤੀਆਂ ਬਾਰੇ ਦਸਦੇ ਹੋਏ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਅੰਤ ਵਿਚ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਨੇ ਸਭ ਨੂੰ ਕਨੇਡਾ ਡੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋਣ ‘ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦਸਿਆ ਕਿ ਭਾਵੇਂ ਵੱਡੀ ਗਿਣਤੀ ਪੰਜਾਬੀ ਵੱਖ-ਵੱਖ ਦੇਸ਼ਾਂ ਵਿਚ ਪ੍ਰਵਾਸ ਕਰ ਗਏ ਹਨ ਫਿਰ ਵੀ ਉਹ ਆਪਣੇ ਦੇਸ਼ ਅਤੇ ਰਾਜ਼ਾਂ ਦੀ ਮਿਟੀ ਦੇ ਮੋਹ ਨਾਲ ਜੁੜੇ ਹੋਏ ਹਨ। ਪ੍ਰਬੰਧਕਾਂ ਵਲੋਂ ਹਾਜ਼ਰੀਨ ਵਾਸਤੇ ਚਾਹ, ਪਕੌੜੇ, ਮਠਿਆਈ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ। ਸਭ ਨੂੰ ਲੰਗਰ ਛਕਣ ਦੀ ਬੇਨਤੀ ਕੀਤੀ ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆਂ।