ਪੁਰਾਤਨ ਗ੍ਰੰਥਾਂ ਦੇ ਆਸਾਨੀ ਨਾਲ ਪੜ੍ਹੇ ਜਾਣ ਪਿੱਛੇ ਪ੍ਰੈੱਸ ਦੇ ਯੋਗਦਾਨ ਦੀ ਕੀਤੀ ਸ਼ਲਾਘਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੋਰਖਪੁਰ ਸਥਿਤ ਗੀਤਾ ਪ੍ਰੈੱਸ ਨੂੰ ਸਾਲ 2021 ਲਈ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦੇ ਐਲਾਨ ਦੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਆਲੋਚਨਾ ਵਿਚਾਲੇ ਕਿਹਾ ਕਿ ਇਸ ਵੱਕਾਰੀ ਪੁਰਸਕਾਰ ਨਾਲ ਨਿਵਾਜਿਆ ਜਾਣਾ ਗੀਤਾ ਪ੍ਰੈੱਸ ਦੇ ਸ਼ਾਨਦਾਰ ਕੰਮਾਂ ਦਾ ਸਨਮਾਨ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਾਰੀ ਕੀਤੇ ਗਏ ਇਕ ਸਰਕਾਰੀ ਬਿਆਨ ਅਨੁਸਾਰ, ”ਗੋਰਖਪੁਰ ਵਿੱਚ ਸਥਿਤ ਗੀਤਾ ਪ੍ਰੈੱਸ ਨੂੰ 2021 ਲਈ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਗੀਤਾ ਪ੍ਰੈੱਸ ਨੂੰ ਇਹ ਪੁਰਸਕਾਰ ਅਹਿੰਸਾ ਅਤੇ ਹੋਰ ਗਾਂਧੀਵਾਦੀ ਤਰੀਕਿਆਂ ਰਾਹੀਂ ਸਮਾਜਿਕ, ਆਰਥਿਕ ਤੇ ਰਾਜਨੀਤਕ ਪਰਿਵਰਤਨ ਕਰਨ ‘ਚ ਅਹਿਮ ਯੋਗਦਾਨ ਪਾਉਣ ਲਈ ਦਿੱਤਾ ਜਾ ਰਿਹਾ ਹੈ।” ਸ਼ਾਹ ਨੇ ਹਿੰਦੀ ਵਿੱਚ ਕੀਤੇ ਇਕ ਟਵੀਟ ‘ਚ ਕਿਹਾ, ”ਭਾਰਤ ਦੀ ਮਾਣਮੱਤੇ ਪੁਰਾਤਨ ਸਨਾਤਨ ਸਭਿਆਚਾਰ ਅਤੇ ਆਧਾਰ ਗ੍ਰੰਥਾਂ ਨੂੰ ਜੇਕਰ ਅੱਜ ਆਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ ਤਾਂ ਇਸ ਵਿੱਚ ਗੀਤਾ ਪ੍ਰੈੱਸ ਦਾ ਬੇਮਿਸਾਲ ਯੋਗਦਾਨ ਹੈ। 100 ਸਾਲਾਂ ਤੋਂ ਵੱਧ ਸਮੇਂ ਤੋਂ ਗੀਤਾ ਪ੍ਰੈੱਸ ਰਾਮਚਰਿਤਮਾਨਸ ਤੋਂ ਲੈ ਕੇ ਸ੍ਰੀਮਦਭਗਵਦਗੀਤਾ ਵਰਗੇ ਕਈ ਪਵਿੱਤਰ ਗ੍ਰੰਥਾਂ ਨੂੰ ਬਿਨਾਂ ਕਿਸੇ ਸੁਆਰਥ ਤੋਂ ਲੋਕਾਂ ਤੱਕ ਪਹੁੰਚਾਉਣ ਦਾ ਸ਼ਾਨਦਾਰ ਕੰਮ ਕਰ ਰਹੀ ਹੈ।” ਉਨ੍ਹਾਂ ਕਿਹਾ, ”ਗੀਤਾ ਪ੍ਰੈੱਸ ਨੂੰ ਇਹ ਪੁਰਸਕਾਰ ਮਿਲਣਾ ਉਸ ਵੱਲੋਂ ਕੀਤੇ ਜਾ ਰਹੇ ਇਨ੍ਹਾਂ ‘ਭਗੀਰਥ’ ਕੰਮਾਂ ਦਾ ਸਨਮਾਨ ਹੈ।”
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …