ਨਵੀਂ ਦਿੱਲੀ : ਭਾਰਤ ਦੇ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੇ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਵਿਚਕਾਰ ਆਸਥਾ ਟਰੇਨ ਚਲਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਨਾਂਦੇੜ ਸਾਹਿਬ ਜਾਣ ਵਾਲੀ ਸਿੱਖ ਸੰਗਤ ਨੂੰ ਸਹੂਲਤ ਮਿਲੇਗੀ। ਇਸ ਐਲਾਨ ਨਾਲ ਸਿੱਖ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਰੇਲ ਬਜਟ 2016-17
ਰੇਲ ਭਾੜੇ ‘ਚ ਵਾਧਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਸਾਲ 2016-17 ਲਈ ਰੇਲ ਬਜਟ ਪੇਸ਼ ਕੀਤਾ। ਰੇਲ ਬਜਟ ਵਿੱਚ ਮੁੱਖ ਤੌਰ ‘ਤੇ ਪੰਜ ਚੀਜ਼ਾਂ ‘ਤੇ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਉਪਭੋਗਤਾ ਸੇਵਾਵਾਂ, ਮਾਲ-ਭਾੜੇ ਤੋਂ ਵੱਧ ਤੋਂ ਵੱਧ ਕਮਾਈ, ਕਿਰਾਇਆ ਵਧਾਉਣ ਤੋਂ ਬਿਨਾ ਕਮਾਈ ਵਿਚ ਵਾਧਾ, ਪਾਰਦਰਸ਼ਤਾ ਤੇ ਸੁਧਾਰ ਸ਼ਾਮਲ ਹਨ। ਇਸ ਬਜਟ ਵਿੱਚ ਕਿਰਾਇਆ ਨਹੀਂ ਵਧਾਇਆ ਗਿਆ। ਚਾਰ ਤਰ੍ਹਾਂ ਦੀਆਂ ਨਵੀਆਂ ਰੇਲਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਮਸਫਰ, ਤੇਜ਼ਸ, ਉਦੈ ਤੇ ਅੰਤੋਦਿਆ ਨਾਂ ਦੀਆਂ ਰੇਲਾਂ ਚਲਾਈਆਂ ਜਾਣਗੀਆਂ।
ਬਜਟ ਪੇਸ਼ ਕਰਦਿਆਂ ਪ੍ਰਭੂ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ 400 ਸਟੇਸ਼ਨਾਂ ‘ਤੇ ਵਾਈ-ਫਾਈ ਦੀ ਸਹੂਲਤ ਮਿਲੇਗੀ। ਕੋਲਕਾਤਾ ਮੈਟਰੋ ਦਾ 100 ਕਿਲੋਮੀਟਰ ਵਿਸਥਾਰ ਹੋਏਗਾ। ਦਿੱਲੀ ਵਿੱਚ ਰਿੰਗ ਰੋਡ ਵਾਂਗ ਰਿੰਗ ਰੇਲ ਦੀ ਸਹੂਲਤ ਹੋਏਗੀ।
ਇਸ ਵਿੱਚ 21 ਸਟੇਸ਼ਨ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਲਈ ਈ-ਟਿਕਟ ਬੁਕਿੰਗ ਦੀ ਸਹੂਲਤ ਹੋਏਗੀ। ਤੀਰਥ ਸਥਾਨਾਂ ਲਈ ਆਸਥਾ ਸਰਕਿਟ ਰੇਲਾਂ ਚਲਾਈਆਂ ਜਾਣਗੀਆਂ। ਰੇਲ ਯਾਤਰੀਆਂ ਲਈ ਬੀਮਾ ਸਹੂਲਤ ਵੀ ਹੋਏਗੀ।
ਬਜਟ ਦੀਆਂ ਅਹਿਮ ਗੱਲਾਂ
ਸਿਰਫ ਕਿਰਾਇਆ ਵਧਾ ਕੇ ਕਮਾਈ ਨਹੀਂ ਕੀਤੀ ਜਾ ਸਕਦੀ।
ਵਿੱਤੀ ਸਾਲ 2016-17 ਲਈ ਪੂੰਜੀਗਤ ਯੋਜਨਾ ਦੇ ਲਈ 1.21 ਲੱਖ ਕਰੋੜ ਰੁਪਏ ਰੱਖੇ ਗਏ ਹਨ।
2020 ਤੱਕ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਦਾ ਵਾਅਦਾ।
ਮਾਨਵ ਰਹਿਤ ਫਾਟਕ ਖਤਮ ਕੀਤੇ ਜਾਣਗੇ।
ਮੁਸਾਫਰ ਗੱਡੀ ਦੀ ਔਸਤ ਰਫਤਾਰ 80 ਕਿਲੋਮੀਟਰ ਪ੍ਰਤੀ ਘੰਟੇ
ਕਰਨ ਦਾ ਟੀਚਾ।
ਮੇਕ ਇਨ ਇੰਡੀਆ ਦੇ ਤਹਿਤ ਰੇਲ ਇੰਜਣ ਦੇ ਦੋ ਕਾਰਖਾਨੇ ਲੱਗਣਗੇ।
ਜਨਰਲ ਡੱਬਿਆਂ ‘ਚ ਮੋਬਾਇਲ ਚਾਰਜ ਕਰਨ ਦੀ ਸਹੂਲਤ।
ਕੰਮ ਵਿਚ ਪਾਰਦਰਸ਼ਤਾ ਲਿਆਉਣ ਲਈ ਸੋਸ਼ਲ ਮੀਡੀਆ ਦੀ
ਵਰਤੋਂ ਕੀਤੀ ਜਾਵੇਗੀ।
ਮਹਿਲਾ ਮੁਸਾਫਰਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਜਾਣਗੇ।
ਇਸ ਸਾਲ 40 ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ।
ਪੱਤਰਕਾਰਾਂ ਲਈ ਰਿਆਇਤੀ ਪਾਸ ‘ਤੇ ਈ-ਟਿਕਟ ਬੁਕਿੰਗ ਦੀ
ਵਿਵਸਥਾ ਕੀਤੀ ਜਾਵੇਗੀ।