ਅਡਾਨੀ ਮਾਮਲੇ ’ਤੇ ਵਿਰੋਧੀ ਧਿਰ ਨੇ ਪੈਦਲ ਮਾਰਚ ਵੀ ਕੀਤਾ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਅੱਜ ਨਵੀਂ ਦਿੱਲੀ ਵਿਖੇ ਰਾਜ ਸਭਾ ਤੇ ਲੋਕ ਸਭਾ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਲੰਡਨ ਵਿਚ ਭਾਰਤ ਦੇ ਲੋਕਤੰਤਰ ਦੇ ਸਬੰਧ ਵਿਚ ਦਿੱਤੇ ਬਿਆਨ ’ਤੇ ਭਾਜਪਾ ਦੇ ਮੈਂਬਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਵਿਰੋਧੀ ਧਿਰ ਨੇ ਵੀ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਤੋਂ ਕਰਵਾਉਣ ਲਈ ਜ਼ੋਰ ਪਾਇਆ। ਇਸ ਕਾਰਨ ਹੋਏ ਹੰਗਾਮੇ ਦੇ ਮੱਦੇਨਜ਼ਰ ਸਦਨਾਂ ਦੀ ਕਾਰਵਾਈ ਨੂੰ ਮੁਲਤਵੀ ਵੀ ਕਰਨਾ ਪਿਆ। ਇਸਦੇ ਚੱਲਦਿਆਂ ਅਡਾਨੀ ਮਾਮਲੇ ’ਤੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਪੈਦਲ ਮਾਰਚ ਵੀ ਕੀਤਾ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਪਾਰਟੀ ਆਗੂ ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਲਈ ਮੁਆਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਅਜਿਹੀ ਮੰਗ ਕਰਨ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦੇਸ਼ ’ਚ ਦਿੱਤੇ ਦੇਸ਼ ਦੀ ਜਨਤਾ ਨੂੰ ਅਪਮਾਨਿਤ ਕਰਨ ਵਾਲੇ ਬਿਆਨਾਂ ’ਤੇ ਜਵਾਬ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਅਤੇ ਕਈ ਸੀਨੀਅਰ ਕੇਂਦਰੀ ਮੰਤਰੀ ਬਰਤਾਨੀਆ ਵਿੱਚ ਭਾਰਤੀ ਲੋਕਤੰਤਰ ਬਾਰੇ ਦਿੱਤੇ ਬਿਆਨ ਲਈ ਰਾਹੁਲ ਤੋਂ ਮੁਆਫੀ ਮੰਗਣ ਦੀ ਮੰਗ ਕਰ ਰਹੇ ਹਨ।