Breaking News
Home / ਭਾਰਤ / ਦਿੱਲੀ ‘ਚ ਭਾਜਪਾ ਦਾ ਅਕਾਲੀ ਦਲ ਨਾਲੋਂ ਤੋੜ ਵਿਛੋੜਾ

ਦਿੱਲੀ ‘ਚ ਭਾਜਪਾ ਦਾ ਅਕਾਲੀ ਦਲ ਨਾਲੋਂ ਤੋੜ ਵਿਛੋੜਾ

ਭਾਜਪਾ ਨੇ ਗਠਜੋੜ ਤਹਿਤ ਅਕਾਲੀਆਂ ਨੂੰ ਨਹੀਂ ਦਿੱਤੀ ਕੋਈ ਸੀਟ ੲ ਅਕਾਲੀ ਦਲ ਦਿੱਲੀ ਚੋਣਾਂ ਨਹੀਂ ਲੜੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲੰਬੇ ਸਮੇਂ ਤੋਂ ਇਕ ਦੂਜੇ ਦੇ ਸਹਿਯੋਗੀ ਭਾਜਪਾ ਅਤੇ ਅਕਾਲੀ ਦਲ ਦਾ 21 ਸਾਲ ਪੁਰਾਣਾ ਗਠਜੋੜ ਦਿੱਲੀ ਵਿਚ ਟੁੱਟ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵਿਧਾਨ ਸਭਾ ਚੋਣਾਂ ਤੋਂ ਆਪਣੇ ਆਪ ਨੂੰ ਵੱਖ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਨਾਗਕਿਰਤਾ ਸੋਧ ਕਾਨੂੰਨ ਨੂੰ ਲੈ ਕੇ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ‘ਤੇ ਕਾਫੀ ਦਬਾਅ ਸੀ।
ਇਸੇ ਦੌਰਾਨ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਚੋਣ ਨਿਸ਼ਾਨ ਉਪਰ ਚੋਣਾਂ ਲੜਨ ਦੇ ਮੁੱਦੇ ‘ਤੇ ਪਏ ਰੱਫੜ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਰਾਹ ਕੱਢ ਲਿਆ ਗਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਦਲ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਲ ਦੀ ਸਥਿਤੀ ਸਾਫ਼ ਕੀਤੀ ਕਿ ਨਾਗਰਿਕਤਾ ਸੋਧ ਕਾਨੂੰਨ ਵਿੱਚ ਭਾਜਪਾ ਵੱਲੋਂ ਅਕਾਲੀ ਦਲ ਉਪਰ ਸਟੈਂਡ ਬਦਲਣ ਦਾ ਦਬਾਅ ਪਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੌਮੀ ਨਾਗਰਿਕਤਾ ਰਜਿਸਟਰ (ਐੱਨਸੀਆਰ) ਬਾਰੇ ਵੀ ਦਲ ਦੀ ਰਾਇ ਵਿਰੋਧ ਵਾਲੀ ਹੈ।
ਸਿਰਸਾ ਨੇ ਕਿਹਾ ਕਿ ਭਾਜਪਾ ਆਗੂਆਂ ਨਾਲ ਕਈ ਦੌਰ ਦੀਆਂ ਬੈਠਕਾਂ ਹੋਈਆਂ ਜਿਸ ਦੌਰਾਨ ਭਾਜਪਾ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਬਾਰੇ ਅਕਾਲੀਆਂ ਨੂੰ ਸਟੈਂਡ ਬਦਲਣ ਲਈ ਕਿਹਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਗਰਿਕਤਾ ਸੋਧ ਕਾਨੂੰਨ ਬਾਰੇ ਸਪੱਸ਼ਟ ਸਟੈਂਡ ਰੱਖਦਾ ਹੈ ਕਿ ਸੀਏਏ ਵਿੱਚੋਂ ਮੁਸਲਮਾਨ ਨਹੀਂ ਛੱਡੇ ਜਾਣੇ ਚਾਹੀਦੇ। ਉਨ੍ਹਾਂ ਕਿਹਾ, ”ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਅਗਾਮੀ ਦਿੱਲੀ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਕਿਰਿਆ ਤੋਂ ਦੂਰ ਰਹੇਗੀ। ਭਾਰਤ ਧਾਰਮਿਕ, ਸੱਭਿਆਚਾਰਕ, ਭਾਸ਼ਾਈ ਅਤੇ ਨਸਲੀ ਵਿਭਿੰਨਤਾ ਵਾਲਾ ਅਮੀਰ ਧਰਮ ਨਿਰਪੱਖ ਦੇਸ਼ ਹੈ। ਇਹ ਵਿਭਿੰਨਤਾ ਸਾਡੀ ਏਕਤਾ ਦੀ ਤਾਕਤ ਹੈ ਅਸੀਂ ਭਾਰਤ ਦੇ ਇਸ ਦ੍ਰਿਸ਼ਟੀਕੋਣ ‘ਤੇ ਸਮਝੌਤਾ ਨਹੀਂ ਕਰ ਸਕਦੇ ਜਿਸ ਲਈ ਪੁਰਖਿਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।”
ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ ‘ਤੇ ਵੀ ਦੋਵਾਂ ਧਿਰਾਂ ਵਿਚਾਲੇ ਸਖ਼ਤ ਵਿਚਾਰਕ ਮੱਤਭੇਦ ਹਨ, ਜਿਸ ‘ਤੇ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿ ਮੁਸਲਮਾਨਾਂ ਨੂੰ ਐਕਟ ਵਿੱਚ ਸ਼ਾਮਲ ਕੀਤਾ ਜਾਵੇ। ਅਕਾਲੀ ਦਲ ਐੱਨਆਰਸੀ ਦੇ ਪੂਰੀ ਤਰ੍ਹਾਂ ਵਿਰੁੱਧ ਹੈ ਅਤੇ ਕਦੇ ਵੀ ਇਸ ਦਾ ਸਮਰਥਨ ਨਹੀਂ ਕਰ ਸਕਦਾ।
ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਸ ਵਾਰ ਤੱਕੜੀ ਉਪਰ ਚੋਣਾਂ ਨਹੀਂ ਸੀ ਲੜਨਾ ਚਾਹੁੰਦੇ ਜਦੋਂ ਕਿ 2015 ਵਾਲੀਆਂ ਹੀ ਸੀਟਾਂ ਅਕਾਲੀਆਂ ਨੂੰ ਛੱਡਣ ਲਈ ਭਾਜਪਾ ਰਾਜ਼ੀ ਸੀ। ਸੂਤਰਾਂ ਅਨੁਸਾਰ ਭਾਜਪਾ ਵੱਲੋਂ ਅਕਾਲੀ ਦਲ ਨੂੰ ਤਿੰਨ ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਸੀਏਏ ਅਤੇ ਐੱਨਆਰਸੀ ਦੇ ਮੁੱਦੇ ‘ਤੇ ਆਪਣਾ ਸਟੈਂਡ ਨਾ ਛੱਡਦਿਆਂ ਪੇਸ਼ਕਸ਼ ਠੁਕਰਾ ਦਿੱਤੀ। ਇੱਕ ਏਜੰਸੀ (ਆਈਏਐੱਨਐੱਸ) ਮੁਤਾਬਕ ਭਾਜਪਾ ਨੇ ਦਿੱਲੀ ਵਿੱਚ ਜਨਤਾ ਦਲ-ਯੂਨਾਈਟਿਡ ਲਈ ਦੋ ਸੀਟਾਂ ਅਤੇ ਲੋਕ ਜਨਸ਼ਕਤੀ ਪਾਰਟੀ ਲਈ ਇੱਕ ਸੀਟ ਰੱਖੀ ਸੀ ਜਦਕਿ ਅਕਾਲੀ ਦਲ ਲਈ ਕੋਈ ਸੀਟ ਨਹੀਂ ਰੱਖੀ ਸੀ।

ਜਾਖੜ ਤੇ ਚੀਮਾ ਨੇ ਹਰਸਿਮਰਤ ਬਾਦਲ ਦਾ ਅਸਤੀਫਾ ਮੰਗਿਆ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫਾ ਮੰਗਦਿਆਂ ਕਿਹਾ ਕਿ ਇਕ ਪਾਸੇ ਅਕਾਲੀ ਦਲ-ਭਾਜਪਾ ਸਰਕਾਰ ਵਿਚ ਰਾਜ ਭਾਗ ਭੋਗ ਰਿਹਾ ਹੈ। ਦੂਜੇ ਪਾਸੇ ਦਿੱਲੀ ਵਿਚ ਭਾਜਪਾ ਨਾਲ ਸਮਝੌਤਾ ਨਾ ਕਰਨ ਦੀ ਨਾਟਕਬਾਜ਼ੀ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਭਾਜਪਾ ਨੂੰ ਅਕਾਲੀ ਦਲ ਵਲੋਂ ਬੀਜੇ ਗਏ ਕੰਡੇ ਚੁਗਣੇ ਪੈਣਗੇ ਅਤੇ ਦਿੱਲੀ ਦੇ ਲੋਕ ਭਾਜਪਾ ਨੂੰ ਮੂੰਹ ਨਹੀਂ ਲਾਉਣਗੇ। ਜਾਖੜ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੇ ਸੱਚਮੁੱਚ ਦਿੱਲੀ ਵਿਚ ਭਾਜਪਾ ਤੋਂ ਨਾਤਾ ਤੋੜਿਆ ਹੈ ਤਾਂ ਪੰਜਾਬ ਵਿਚ ਕਿਉਂ ਇਕੱਠੇ ਪੀਂਘ ਝੂਟ ਰਹੇ ਹਨ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ ਭਲਕੇ 102 ਸੀਟਾਂ ’ਤੇ ਪੈਣਗੀਆਂ ਵੋਟਾਂ

ਪੰਜਾਬ ’ਚ 7ਵੇਂ ਗੇੜ ’ਚ 1 ਜੂਨ ਨੂੰ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …