0.1 C
Toronto
Tuesday, January 13, 2026
spot_img
Homeਪੰਜਾਬਮਾਤ ਭਾਸ਼ਾ ਦੇ ਮਹੱਤਵ ਨੂੰ ਪਛਾਣਨ ਦੀ ਲੋੜ 'ਤੇ ਜ਼ੋਰ

ਮਾਤ ਭਾਸ਼ਾ ਦੇ ਮਹੱਤਵ ਨੂੰ ਪਛਾਣਨ ਦੀ ਲੋੜ ‘ਤੇ ਜ਼ੋਰ

ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-11 ਵਿਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ‘ਤੇ ਮਾਤ ਭਾਸ਼ਾ ਦੇ ਮਹੱਤਵ ਨੂੰ ਪਛਾਣਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਪੰਜਾਬੀ ਕਵੀ ਤੇ ਨਾਟਕਕਾਰ ਸਵਰਾਜਬੀਰ ਦੇ ਨਾਟਕ ‘ਕੱਲਰ’ ਉੱਪਰ ਵਿਸ਼ੇਸ਼ ਚਰਚਾ ਕੀਤੀ ਗਈ। ਸਮਾਗਮ ਦੇ ਸ਼ੁਰੂ ਵਿੱਚ ਸਵਰਾਜਬੀਰ ਨੇ ਨਜ਼ਮ ਹੁਸੈਨ ਸਈਅਦ ਦੀ ਮਸ਼ਹੂਰ ਨਜ਼ਮ ‘ਲੋਕ ਬੋਲੜੀ’ ਅਤੇ ‘ਕੱਲਰ’ ਨਾਟਕ ਵਿੱਚ ਦਰਪੇਸ਼ ਸਮੱਸਿਆਵਾਂ ਤੇ ਉਸ ਦੀਆਂ ਸੰਭਾਵਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ। ਉਨ੍ਹਾਂ ਖਾਸ ਤੌਰ ‘ਤੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਅਤੇ ਕਿਰਤ ਦੇ ਆਰਥਿਕ ਮੁੱਲਾਂ ‘ਤੇ ਚਰਚਾ ਕੀਤੀ।
ਉਨ੍ਹਾਂ ਪਰਵਾਸ ਨੂੰ ਆਪਣੀ ਵਿਚਾਰ ਚਰਚਾ ਦਾ ਮੂਲ ਬਿੰਦੂ ਬਣਾ ਕੇ ਸਮੁੱਚੇ ਪੰਜਾਬੀ ਸਮਾਜ ਨੂੰ ਸਮਝਣ ‘ਤੇ ਜ਼ੋਰ ਦਿੱਤਾ। ਵਿਚਾਰ ਚਰਚਾ ਵਿੱਚ ਵਿਦਿਆਰਥੀਆਂ ਨੇ ਪਰਵਾਸ, ਬੇਰੁਜ਼ਗਾਰੀ, ਵਿਦਿਅਕ ਢਾਂਚੇ ਵਰਗੇ ਗੰਭੀਰ ਮੁੱਦਿਆਂ ਉੱਪਰ ਸਵਾਲ ਕੀਤੇ।
ਇਨ੍ਹਾਂ ਸਵਾਲਾਂ ਦੇ ਜਵਾਬ ਸਵਰਾਜਬੀਰ ਨੇ ਇਤਿਹਾਸ, ਮਿਥਿਹਾਸ ਤੇ ਅੰਤਰਰਾਸ਼ਟਰੀ ਵਰਤਾਰਿਆਂ ਦੇ ਹਵਾਲਿਆਂ ਨਾਲ ਦਿੱਤੇ। ਇਸ ਸਮਾਗਮ ਵਿੱਚ ਪਹਿਲਾਂ ਡਾ. ਪਰਮਜੀਤ ਸਿੰਘ ਨੇ ਸਵਰਾਜਬੀਰ ਨਾਲ ਵਿਦਿਆਰਥੀਆਂ ਦੀ ਜਾਣ ਪਛਾਣ ਕਰਵਾਈ ਅਤੇ ਸਮਾਗਮ ਦੌਰਾਨ ਪੰਜਾਬੀ ਦੇ ਸਾਹਿਤਕ ਮੈਗਜ਼ੀਨ ‘ਵਾਹਗਾ’ ਦਾ 12ਵਾਂ ਅੰਕ ਲੋਕ ਅਰਪਣ ਕੀਤਾ ਗਿਆ। ਡਾ. ਗੁਰਮੇਲ ਸਿੰਘ ਨੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਰਨਲ (ਸੇਵਾਮੁਕਤ) ਬਲਦੇਵ ਸਿੰਘ, ਡਾ. ਹਰਦੀਪ ਸਿੰਘ, ਡਾ. ਜਤਿੰਦਰ, ਡਾ. ਪ੍ਰਕਾਸ਼ ਸਿੰਘ, ਡਾ. ਜਸਬੀਰ ਕੌਰ, ਡਾ. ਲਖਵੀਰ ਸਿੰਘ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

 

RELATED ARTICLES
POPULAR POSTS