ਇੰਦੌਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਵਾਸੀ ਭਾਰਤੀਆਂ ਨੂੰ ਵਿਦੇਸ਼ੀ ਧਰਤੀ ‘ਤੇ ਮੁਲਕ ਦੇ ਬ੍ਰਾਂਡ ਅੰਬੈਸਡਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਦਾ ਦੇਸ਼ ਦੇ ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਦੌਰਾਨ ਮਹੱਤਵਪੂਰਨ ਸਥਾਨ ਰਹੇਗਾ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ 17ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਦੇ ਰਸਮੀ ਉਦਘਾਟਨ ਮਗਰੋਂ ਆਪਣੇ ਸੰਬੋਧਨ ‘ਚ ਮੋਦੀ ਨੇ ਕਿਹਾ, ”ਮੈਂ ਪਰਵਾਸੀ ਭਾਰਤੀਆਂ ਨੂੰ ਵਿਦੇਸ਼ੀ ਧਰਤੀ ‘ਤੇ ਭਾਰਤ ਦੇ ਬ੍ਰਾਂਡ ਅੰਬਸੈਡਰ ਸਮਝਦਾ ਹਾਂ। ਤੁਹਾਡੀ ਭੂਮਿਕਾ ਵੱਖ ਹੈ। ਤੁਸੀਂ ਯੋਗ, ਆਯੁਰਵੈਦ, ਛੋਟੀਆਂ ਸਨਅਤਾਂ, ਦਸਤਕਾਰੀ ਅਤੇ ਮੋਟੇ ਅਨਾਜ ਦੇ ਬ੍ਰਾਂਡ ਅੰਬੈਸਡਰ ਵੀ ਹੋ। ਪਰਵਾਸੀਆਂ ਦੀ ਅਗਲੀ ਪੀੜ੍ਹੀ ਆਪਣੇ ਮਾਪਿਆਂ ਦੇ ਮੁਲਕ ਬਾਰੇ ਜਾਣਨ ਦੀ ਇੱਛੁਕ ਹੈ।” ਪ੍ਰਧਾਨ ਮੰਤਰੀ ਮੋਦੀ ਨੇ ਮੁਲਕ ਦੀਆਂ ਯੂਨੀਵਰਸਿਟੀਆਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਦੀ ਸਹੂਲਤ ਲਈ ਪਰਵਾਸੀ ਭਾਰਤੀਆਂ ਵੱਲੋਂ ਬਾਹਰਲੇ ਮੁਲਕਾਂ ‘ਚ ਪਾਏ ਗਏ ਯੋਗਦਾਨ ਦੀ ਜਾਣਕਾਰੀ ਇਕੱਠੀ ਕਰਨ। ਮੱਧ ਪ੍ਰਦੇਸ਼ ‘ਚ ਸੈਰ-ਸਪਾਟੇ ਦੀਆਂ ਕਈ ਥਾਵਾਂ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਪਰਵਾਸੀ ਭਾਰਤੀਆਂ ਨੂੰ ਇਨ੍ਹਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ। ਇੰਦੌਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ”ਇੰਦੌਰ ਨਾ ਸਿਰਫ਼ ਸਾਫ-ਸਫਾਈ ਸਗੋਂ ਆਪਣੀ ਵਿਰਾਸਤ ਸੰਭਾਲਣ ‘ਚ ਹੋਰਾਂ ਸ਼ਹਿਰਾਂ ਨਾਲੋਂ ਅੱਗੇ ਹੈ। ਇੰਦੌਰ ਦੇ ਪਕਵਾਨ ਮੂੰਹ ‘ਚ ਪਾਣੀ ਲਿਆਉਣ ਵਾਲੇ ਹਨ ਅਤੇ ਜਿਹੜੇ ਲੋਕ ਇਸ ਦਾ ਆਨੰਦ ਮਾਣਦੇ ਹਨ, ਉਹ ਫੇਰ ਕਿਸੇ ਹੋਰ ਦਾ ਸੁਆਦ ਤੱਕ ਨਹੀਂ ਲੈਂਦੇ।” ਸੰਮੇਲਨ ‘ਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸੁਰੀਨਾਮ ਦੇ ਰਾਸ਼ਟਰਪਤੀ ਚੰਦਰਿਕਾ ਪ੍ਰਸਾਦ ਸੰਤੋਖੀ ਨੇ ਕਿਹਾ ਕਿ ਭਾਰਤ ਨੇ ਆਪਣੇ ਆਪ ਨੂੰ ਖੇਤਰੀ ਅਤੇ ਆਲਮੀ ਮੰਚਾਂ ‘ਤੇ ਭਰੋਸੇਯੋਗ ਭਾਈਵਾਲ ਵਜੋਂ ਸਾਬਿਤ ਕੀਤਾ ਹੈ। ਸੰਮੇਲਨ ਦੇ ਮੁੱਖ ਮਹਿਮਾਨ ਗੁਇਆਂਨਾ ਦੇ ਰਾਸ਼ਟਰਪਤੀ ਮੁਹੰਮਦ ਇਰਫ਼ਾਨ ਅਲੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮਹਾਮਾਰੀ ਦੌਰਾਨ ਜਦੋਂ ਦੁਨੀਆ ਨਾਕਾਮ ਸਾਬਿਤ ਹੋਈ ਤਾਂ ਮੋਦੀ ਨੇ ਰਾਹ ਦਿਖਾਇਆ।
Check Also
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਮੁੜ ਤੋਂ ਪੈਦਾ ਹੋਈ ਖਟਾਸ
ਦੋਵੇਂ ਦੇਸ਼ਾਂ ਨੇ ਆਪੋ-ਆਪਣੇ ਡਿਪਲੋਮੈਟਸ ਨੂੰ ਵਾਪਸ ਸੱਦਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਕੈਨੇਡਾ …