ਚੈਟ ਕਾਲ ਤੋਂ ਮਿਲਿਆ ਸਤਿੰਦਰ ਜੈਨ ਅਤੇ ਕੈਲਾਸ਼ ਗਹਿਲੋਤ ਨੂੰ ਪੈਸੇ ਦੇਣ ਦਾ ਰਿਕਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਕਿਉਂਕਿ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਨੇ ਤਿਹਾੜ ਜੇਲ੍ਹ ’ਚ ਬੰਦ ਸਿਹਤ ਮੰਤਰੀ ਸਤਿੰਦਰ ਜੈਨ, ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ ਅਤੇ ਜੇਲ੍ਹ ਦੇ ਡੀਜੀ ਸੰਦੀਪ ਗੋਇਲ ’ਤੇ ਜਿਹੜੇ ਪੈਸੇ ਲੈਣ ਦੇ ਆਰੋਪ ਲਗਾਏ ਸਨ। ਉਹ ਆਰੋਪ ਜਾਂਚ ਕਮੇਟੀ ਦੀ ਰਿਪੋਰਟ ’ਚ ਸਹੀ ਪਾਏ ਗਏ ਹਨ। ਸੁਕੇਸ਼ ਵੱਲੋਂ ਲਗਾਏ ਆਰੋਪਾਂ ਤੋਂ ਬਾਅਦ ਉਪ ਰਾਜਪਾਲ ਵੀ ਕੇ ਸਕਸੇਨਾ ਨੇ ਇਕ ਹਾਈ ਪਾਵਰ ਕਮੇਟੀ ਬਣਾਈ ਸੀ। ਇਸ ਕਮੇਟੀ ਨੇ ਜੇਲ੍ਹ ’ਚ ਬੰਦ ਸੁਕੇਸ਼ ਨਾਲ ਦੋ ਵਾਰ ਮੁਲਾਕਾਤ ਕੀਤੀ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਸੌਂਪੀ। ਰਿਪੋਰਟ ਦੌਰਾਨ ਠੱਗ ਸੁਕੇਸ਼, ਸਤਿੰਦਰ ਜੈਨ ਅਤੇ ਕੈਲਾਸ਼ ਗਹਿਲੋਤ ਦਰਮਿਆਨ ਹੋਈ ਚੈਟ ਅਤੇ ਫੋਨ ਕਾਲ ’ਤੇ ਜੋ ਵੀ ਗੱਲਬਾਤ ਹੋਈ। ਉਸ ਨੂੰ ਆਧਾਰ ਬਣਾ ਕੇ ਜਾਂਚ ਕਮੇਟੀ ਵੱਲੋਂ ਜਾਂਚ ਕੀਤੀ ਗਈ ਅਤੇ ਸਚਾਈ ਸਾਹਮਣੇ ਲਿਆਂਦੀ। ਮੀਡੀਆ ਰਿਪੋਰਟਾਂ ਅਨੁਸਾਰ ਰਾਜਪਾਲ ਇਸ ਰਿਪੋਰਟ ਦੇ ਆਧਾਰ ’ਤੇ ਇਸ ਮਾਮਲੇ ਦੀ ਜਾਂਚ ਜਲਦੀ ਹੀ ਕਿਸੇ ਕੇਂਦਰੀ ਜਾਂਚ ਏਜੰਸੀ ਨੂੰ ਸੌਂਪ ਸਕਦੇ ਹਨ।