ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਸੈਸ਼ਨ ਦੌਰਾਨ ‘ਟੈਕਸ ਇੰਟੈਲੀਜੈਂਸ ਵਿੰਗ’ ਦੀ ਸਥਾਪਨਾ ਦਾ ਕੀਤਾ ਸੀ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਟੈਕਸ ਚੋਰੀ ਰੋਕਣ ਲਈ ‘ਟੈਕਸ ਇੰਟੈਲੀਜੈਂਸ ਵਿੰਗ’ ਦੀ ਸਥਾਪਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਸੈਸ਼ਨ ਦੌਰਾਨ 27 ਜੂਨ ਨੂੰ ‘ਟੈਕਸ ਇੰਟੈਲੀਜੈਂਸ ਵਿੰਗ’ ਦੀ ਸਥਾਪਨਾ ਦਾ ਐਲਾਨ ਕੀਤਾ ਸੀ ਤਾਂ ਜੋ ਟੈਕਸ ਚੋਰੀ ਰੋਕਣ ਲਈ ਸਭ ਮੋਰੀਆਂ ਨੂੰ ਬੰਦ ਕੀਤਾ ਜਾ ਸਕੇ।
ਪੰਜਾਬ ਸਰਕਾਰ ਨੇ ਹੁਣ ‘ਟੈਕਸ ਇੰਟੈਲੀਜੈਂਸ ਵਿੰਗ’ ਦੀ ਬਣਤਰ ਅਤੇ ਅਮਲੇ ਦੀ ਸ਼ਮੂਲੀਅਤ ਆਦਿ ਬਾਰੇ ਪ੍ਰਵਾਨਗੀ ਦੇ ਦਿੱਤੀ ਹੈ।
‘ਟੈਕਸ ਇੰਟੈਲੀਜੈਂਸ ਵਿੰਗ’ ਦੀ ਅਗਵਾਈ ਵਧੀਕ ਕਮਿਸ਼ਨਰ ਕਰਨਗੇ ਜਦੋਂ ਕਿ ਇਸ ‘ਚ ਇੱਕ ਸੰਯੁਕਤ ਕਮਿਸ਼ਨਰ, ਤਿੰਨ ਈ.ਟੀ.ਓਜ਼, ਛੇ ਇੰਸਪੈਕਟਰਾਂ ਤੋਂ ਇਲਾਵਾ ਮਾਹਿਰ ਸ਼ਾਮਲ ਹੋਣਗੇ।
ਇਨ੍ਹਾਂ ਵਿਚ ਸਾਈਬਰ, ਕਾਨੂੰਨੀ ਤੇ ਕਾਰੋਬਾਰੀ ਮਾਹਿਰਾਂ ਨੂੰ ਸ਼ਾਮਲ ਕੀਤਾ ਜਾਣਾ ਹੈ। ਇੱਕ ਕੇਂਦਰੀ ਯੂਨਿਟ ਤੋਂ ਇਲਾਵਾ ਦੋ ਯੂਨਿਟਾਂ ਦੀ ਸਥਾਪਨਾ ਵੀ ਕੀਤੀ ਜਾਣੀ ਹੈ, ਜਿਸ ਲਈ ਵੱਖਰਾ ਸਟਾਫ ਹੋਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਡੇਟਾ ਸਿਸਟਮ ਜ਼ਰੀਏ ਸਰਕਾਰ ਨੂੰ ਹੁਣ ਤੱਕ 107 ਕਰੋੜ ਰੁਪਏ ਦੀ ਆਮਦਨ ਹੋਈ ਹੈ। ਉਨ੍ਹਾਂ ਕਿਹਾ ਕਿ ‘ਟੈਕਸ ਇੰਟੈਲੀਜੈਂਸ ਵਿੰਗ’ ਦੀ ਸਥਾਪਤੀ ਨਾਲ ਇਕੱਠੀ ਟੈਕਸਾਂ ਦੀ ਚੋਰੀ ਹੀ ਨਹੀਂ ਰੁਕੇਗੀ ਬਲਕਿ ਸਰਕਾਰ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਫ਼ਰਜ਼ੀ ਬਿਲਾਂ ਨੂੰ ਫੜਨਾ ਸੌਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟੈਕਸਾਂ ਦੀ ਚੋਰੀ ਰੋਕਣ ਲਈ ਗੁਪਤ ਅਪਰੇਸ਼ਨ ਚਲਾਉਣ ਵਿਚ ਵੀ ਸੌਖ ਮਿਲੇਗੀ।