ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਕੀਤਾ ਗਿਆ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਗਜ਼ ਅਦਾਕਾਰਾ ਆਸ਼ਾ ਪਾਰਿਖ ਨੂੰ ਸਾਲ 2022 ਦੇ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਐਲਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਦਾਕਾਰਾ ਦੇ ਜਨਮ ਦਿਨ ਤੋਂ ਕੁੱਝ ਦਿਨ ਪਹਿਲਾਂ ਕੀਤਾ ਹੈ। ਉਨ੍ਹਾਂ ਕਿਹਾ ਕਿ ਵੈਸੇ ਤਾਂ ਆਸ਼ਾ ਪਾਰਿਖ ਐਕਟਿੰਗ ਦੇ ਖੇਤਰ ਵਿਚੋਂ ਰਿਟਾਇਰਮੈਂਟ ਲੈ ਚੁੱਕੇ ਹਨ ਪ੍ਰੰਤੂ ਉਹ 60 ਅਤੇ 70 ਦੇ ਦਹਾਕੇ ਦੀਆਂ ਬੇਹਤਰੀਨ ਅਦਾਕਾਰ ਵਿਚੋਂ ਇਕ ਹਨ। ਆਪਣੇ ਸਮੇਂ ’ਚ ਫਿਲਮੀ ਪਰਦੇ ’ਤੇ ਰਾਜ ਕਰਨ ਵਾਲੀ ਆਸ਼ਾ ਪਾਰਿਖ ਫਿਲਮਾਂ ’ਚ ਕੰਮ ਕਰਨ ਬਦਲੇ ਸਭ ਤੋਂ ਵੱਧ ਪੈਸੇ ਲੈਣ ਵਾਲੀ ਅਭਿਨੇਤਰੀ ਸੀ। ਧਿਆਨ ਰਹੇ ਕਿ 1992 ’ਚ ਹਿੰਦੀ ਸਿਨੇਮਾ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਆਸ਼ਾ ਪਾਰਿਖ ਨੇ 95 ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕੀਤਾ। ਹੁਣ ਹਿੰਦੀ ਸਿਨੇਮਾ ਨੂੰ ਦਿੱਤੇ ਵਡਮੁੱਲੇ ਯੋਗਦਾਨ ਬਦਲੇ ਉਨ੍ਹਾਂ ਨੂੰ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਫ਼ਿਲਮ ਇੰਡਸਟਰੀ ’ਚ ਕਲਾਕਾਰਾਂ ਦੇ ਕੰਮ ਨੂੰ ਸਨਮਾਨਿਤ ਕਰਨ ਦੇ ਲਈ ਹਰ ਸਾਲ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਦਾ ਆਯੋਜਨ ਕੀਤਾ ਜਾਂਦਾ ਹੈ।

