ਰਾਜਪਾਲ ਨੂੰ ਸੌਂਪਿਆ ਅਸਤੀਫਾ ਅਤੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਬਿਹਾਰ ਵਿਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗਠਜੋੜ ਫਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ’ਤੇ ਜਨਤਾ ਦਲ (ਯੂ) ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ ਵਿਚ ਇਹ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਨਿਤੀਸ਼ ਕੁਮਾਰ ਨੇ ਰਾਜਪਾਲ ਫਾਗੂ ਚੌਹਾਨ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਤੇ ਨਾਲ ਹੀ ਨਵੀਂ ਸਰਕਾਰ ਬਣਾਉਣ ਲਈ 160 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਪੇਸ਼ ਕੀਤਾ ਹੈ। ਅਸਤੀਫੇ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਦੀ ਅਗਵਾਈ ਹੇਠਲਾ ਐਨਡੀਏ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਨੇ ਹਮੇਸ਼ਾ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਭਾਜਪਾ ਨੇ ਮੈਨੂੰ ਵੀ ਅਪਮਾਨਿਤ ਕੀਤਾ। ਨਿਤੀਸ਼ ਦਾ ਕਹਿਣਾ ਸੀ ਕਿ 2013 ਤੋਂ ਲੈ ਕੇ ਹੁਣ ਤੱਕ ਭਾਜਪਾ ਨੇ ਸਿਰਫ ਧੋਖਾ ਹੀ ਦਿੱਤਾ। ਇਸੇ ਦੌਰਾਨ ਰਾਸ਼ਟਰੀ ਜਨਤਾ ਦਲ ਅਤੇ ਖੱਬੇ ਪੱਖੀ ਦਲਾਂ ਨੇ ਨਿਤੀਸ਼ ਸਰਕਾਰ ਨੂੰ ਸਮਰਥਨ ਦੇਣ ਲਈ ਇਕ ਪੱਤਰ ਵੀ ਤਿਆਰ ਕਰ ਲਿਆ ਹੈ। ਇਸੇ ਦੌਰਾਨ ਕਾਂਗਰਸੀ ਵਿਧਾਇਕ ਸ਼ਕੀਲ ਅਹਿਮਦ ਖਾਨ ਨੇ ਕਿਹਾ ਕਿ ਮਹਾਂਗਠਜੋੜ ਵਲੋਂ ਨਿਤੀਸ਼ ਕੁਮਾਰ ਹੀ ਮੁੱਖ ਮੰਤਰੀ ਹੋਣਗੇ ਅਤੇ ਇਸ ਸਬੰਧੀ ਸਭ ਕੁਝ ਤੈਅ ਹੋ ਗਿਆ ਹੈ।