Breaking News
Home / ਪੰਜਾਬ / ਹਾਈਕਮਾਨ ਨੂੰ ਬਿਨਾ ਮਿਲੇ ਵਾਪਸ ਪਰਤੇ ਕੈਪਟਨ ਅਮਰਿੰਦਰ

ਹਾਈਕਮਾਨ ਨੂੰ ਬਿਨਾ ਮਿਲੇ ਵਾਪਸ ਪਰਤੇ ਕੈਪਟਨ ਅਮਰਿੰਦਰ

ਪੰਜਾਬ ਕਾਂਗਰਸ ’ਚ ਫੇਰਬਦਲ ਦੀ ਚਰਚਾ!
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਹਨ ਅਤੇ ਕਾਂਗਰਸ ਪਾਰਟੀ ’ਚ ਚੱਲ ਰਹੀ ਧੜੇਬੰਦੀ ਨੇ ਹਾਈਕਮਾਨ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ। ਹੁਣ ਚਰਚਾ ਚੱਲ ਰਹੀ ਹੈ ਕਿ ਪੰਜਾਬ ਕਾਂਗਰਸ ’ਚ ਫੇਰਬਦਲ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਤਿੰਨ ਮੈਂਬਰੀ ਕਮੇਟੀ ਨਾਲ ਦੂਜੀ ਵਾਰ ਮੁਲਾਕਾਤ ਕੀਤੀ, ਪਰ ਹਾਈਕਮਾਨ ਨਾਲ ਮੁਲਾਕਾਤ ਕੀਤੇ ਬਿਨਾ ਉਹ ਵਾਪਸ ਪਰਤ ਆਏ। ਹਾਈਕਮਾਨ ਵਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਵਿਚ ਮਲਿਕਾਰਜੁਨ ਖੜਗੇ, ਜੈ ਪ੍ਰਕਾਸ਼ ਅਗਰਵਾਲ ਅਤੇ ਹਰੀਸ਼ ਰਾਵਤ ਸ਼ਾਮਲ ਹਨ। ਪੰਜਾਬ ਸਰਕਾਰ ਦੇ ਪੰਜ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ ਤੇ ਚਰਨਜੀਤ ਸਿੰਘ ਚੰਨੀ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਹਾਲਾਤ ਨੂੰ ਜਾਣੂ ਕਰਵਾਇਆ। ਇਸੇ ਦੌਰਾਨ ਸੰਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ, ਇੰਦਰਬੀਰ ਸਿੰਘ ਬੁਲਾਰੀਆ ਅਤੇ ਕੁਸ਼ਲਦੀਪ ਸਿੰਘ ਢਿਲੋਂ ਨੇ ਵੀ ਰਾਹੁਲ ਨਾਲ ਗੱਲਬਾਤ ਕੀਤੀ। ਰਾਹੁਲ ਨੇ ਹਰੇਕ ਆਗੂ ਦੀ 15 ਤੋਂ 20 ਮਿੰਟ ਤੱਕ ਗੱਲ ਸੁਣੀ ਅਤੇ ਪੰਜਾਬ ਕਾਂਗਰਸ ’ਚ ਚੱਲ ਰਹੇ ਰੇੜਕੇ ਨੂੰ ਖਤਮ ਕਰਨ ਦਾ ਭਰੋਸਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਚੱਲ ਰਹੀ ਬਗ਼ਾਵਤ ਨੂੰ ਖ਼ਤਮ ਕਰਨ ਲਈ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਜੇਕਰ ਪੰਜਾਬ ਕਾਂਗਰਸ ਵਿਚ ਚੱਲ ਰਹੀ ਧੜੇਬੰਦੀ ਦਾ ਕੋਈ ਹੱਲ ਨਾ ਹੋਇਆ ਤਾਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ਅਤੇ ਅਜਿਹਾ ਪ੍ਰਗਟਾਵਾ ਪਰਗਟ ਸਿੰਘ ਪਹਿਲਾਂ ਹੀ ਕਰ ਚੁੱਕੇ ਹਨ।

 

Check Also

ਕਾਂਗਰਸ ਦੇ ਕਲੇਸ਼ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ: ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ …