ਕਿਹਾ, ਅਮਰੀਕਾ ’ਚ ਹੋ ਰਿਹਾ ਮੇਰਾ ਇਲਾਜ-ਇਸ ਲਈ ਰਾਸ਼ਟਰਪਤੀ ਚੋਣ ਲਈ ਵੋਟ ਨਹੀਂ ਪਾ ਸਕਿਆ
ਚੰਡੀਗੜ੍ਹ/ਬਿਊਰੋ ਨਿਊਜ਼
ਮਸ਼ਹੂਰ ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਵੋਟ ਨਹੀਂ ਪਾਈ ਸੀ ਅਤੇ ਹੁਣ ਉਨ੍ਹਾਂ ਇਸ ਸਬੰਧੀ ਸਫਾਈ ਵੀ ਦਿੱਤੀ ਹੈ। ਸੰਨੀ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਵਿਚ ਇਲਾਜ ਚੱਲ ਰਿਹਾ ਹੈ ਅਤੇ ਇਸ ਸਮੇਂ ਭਾਰਤ ਵਿਚ ਨਹੀਂ ਹਨ। ਇਸ ਕਰਕੇ ਹਾਲ ਹੀ ਵਿਚ ਪਈਆਂ ਰਾਸ਼ਟਰਪਤੀ ਅਹੁਦੇ ਲਈ ਵੋਟਾਂ ਵਿਚ ਉਹ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੰਨੀ ਦਿਓਲ ਵਲੋਂ ਵੋਟ ਨਾ ਪਾਉਣ ਕਰਕੇ ਉਸਦੀ ਆਲੋਚਨਾ ਹੋ ਰਹੀ ਸੀ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਉਠ ਰਹੇ ਸਨ। ਗੁਰਦਾਸਪੁਰ ਲੋਕ ਸਭਾ ਹਲਕੇ ਵਿਚੋਂ ਜ਼ਿਆਦਾਤਰ ਗੈਰਹਾਜ਼ਰ ਰਹਿਣ ਕਰਕੇ ਵੀ ਸੰਨੀ ਦਿਓਲ ਦੀ ਆਲੋਚਨਾ ਹੁੰਦੀ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਫਿਲਮ ਦੀ ਸ਼ੂੁਟਿੰਗ ਦੌਰਾਨ ਸੰਨੀ ਦਿਓਲ ਦੇ ਸੱਟ ਲੱਗ ਗਈ ਸੀ। ਉਨ੍ਹਾਂ ਪਹਿਲਾਂ ਮੁੰਬਈ ਵਿਚ ਇਲਾਜ ਕਰਵਾਇਆ, ਪਰ ਬਾਅਦ ਵਿਚ ਉਹਨਾਂ ਨੂੰ ਇਲਾਜ ਦੇ ਲਈ ਅਮਰੀਕਾ ਜਾਣਾ ਪਿਆ ਹੈ। ਉਹ ਪਿਛਲੇ ਦੋ ਹਫਤਿਆਂ ਤੋਂ ਅਮਰੀਕਾ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਦੌਰਾਨ ਪੰਜਾਬ ਦੇ ਦੋ ਸੰਸਦ ਮੈਂਬਰਾਂ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਅਤੇ ਫਰੀਦਕੋਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਸੀ। ਇਸੇ ਤਰ੍ਹਾਂ ਪੰਜਾਬ ਦੇ ਤਿੰਨ ਵਿਧਾਇਕਾਂ ਜਿਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ, ਉਨ੍ਹਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਅਤੇ ਹਰਦੇਵ ਲਾਡੀ ਸ਼ਾਮਲ ਹਨ।