ਡੀਐਸਪੀ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗੀ ਹਰਿਆਣਾ ਸਰਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ’ਚ ਭਾਜਪਾ ਦੀ ਸਰਕਾਰ ਵਿਚ ਨਾਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਹਰਿਆਣਾ ਦੇ ਨੂਹ ’ਚ ਬੇਖੌਫ ਮਾਈਨਿੰਗ ਮਾਫ਼ੀਆ ਨੇ ਅੱਜ ਡੀਐਸਪੀ ਨੂੰ ਟਰੱਕ ਹੇਠ ਕੁਚਲ ਕੇ ਮਾਰ ਦਿੱਤਾ। ਤਾਵੜੂ ਇਲਾਕੇ ਦੇ ਪੰਚਗਾਂਵ ’ਚ ਪਹਾੜੀ ’ਤੇ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਸੁਰਿੰਦਰ ਸਿੰਘ ਛਾਪਾ ਮਾਰਨ ਲਈ ਗਏ ਸਨ। ਇਸੇ ਦੌਰਾਨ ਡੀ ਐਸ ਪੀ ਸੁਰਿੰਦਰ ਸਿੰਘ ਨੇ ਘਟਨਾ ਵਾਲੀ ਥਾਂ ’ਤੇ ਪੱਥਰਾਂ ਨਾਲ ਭਰੇ ਇਕ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਡਰਾਈਵਰ ਨੇ ਟਰੱਕ ਰੋਕਣ ਦੀ ਬਜਾਏ ਸਿੱਧਾ ਡੀਐਸਪੀ ਸੁਰਿੰਦਰ ’ਤੇ ਹੀ ਚੜ੍ਹਾ ਦਿੱਤਾ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਡੀਐਸਪੀ ਹੱਤਿਆ ਮਾਮਲੇ ’ਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਮਾਰੇ ਗਏ ਡੀ ਐਸ ਪੀ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵਿਚੋਂ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ।