Breaking News
Home / ਪੰਜਾਬ / ਕਰੋਨਾ ਵਾਇਰਸ ਪੰਜਾਬ ‘ਚ ਸ਼ਾਪਿੰਗ ਮਾਲ, ਕਿਸਾਨ ਮੰਡੀਆਂ ਤੇ ਅਜਾਇਬਘਰ ਬੰਦ

ਕਰੋਨਾ ਵਾਇਰਸ ਪੰਜਾਬ ‘ਚ ਸ਼ਾਪਿੰਗ ਮਾਲ, ਕਿਸਾਨ ਮੰਡੀਆਂ ਤੇ ਅਜਾਇਬਘਰ ਬੰਦ

ਧਾਰਮਿਕ ਸੰਸਥਾਵਾਂ ਤੇ ਡੇਰਾ ਮੁਖੀਆਂ ਨੂੰ ਆਪਣੇ ਧਾਰਮਿਕ ਸਮਾਗਮ 31 ਮਾਰਚ ਤੱਕ ਮੁਲਤਵੀ ਕਰਨ ਦੇ ਆਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਮੰਤਰੀ ਸਮੂਹ ਨੇ ਜਨਤਕ ਇਕੱਠ ਨੂੰ ਰੋਕਣ ਲਈ ਕਈ ਹੋਰ ਸਖ਼ਤ ਕਦਮ ਚੁੱਕੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ‘ਚ ਸਾਰੇ ਸ਼ਾਪਿੰਗ ਕੰਪਲੈਕਸ, ਮਾਲ, ਅਜਾਇਬ ਘਰ ਤੇ ਸਥਾਨਕ ਹਫਤਾਵਰੀ ਕਿਸਾਨ ਮੰਡੀਆਂ ਨੂੰ ਬੰਦ ਕਰਨ ਦੇ ਨਾਲ-ਨਾਲ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਡੇਰਾ ਮੁਖੀਆਂ ਨੂੰ ਆਪਣੇ ਧਾਰਮਿਕ ਸਮਾਗਮ 31 ਮਾਰਚ ਤੱਕ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਮੈਰਿਜ ਪੈਲੇਸਾਂ ਵਿਖੇ ਕਰਵਾਏ ਜਾ ਰਹੇ ਵਿਆਹ ਸਮਾਗਮਾਂ ਦੌਰਾਨ ਇਕੱਠ ਨਾ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਮੈਰਿਜ ਪੈਲੇਸਾਂ ‘ਚ ਕਿਸੇ ਵੀ ਸਮਾਰੋਹ ਦੌਰਾਨ 50 ਵਿਅਕਤੀਆਂ ਤੋਂ ਵੱਧ ਇਕੱਠ ਨਾ ਕੀਤਾ ਜਾਵੇ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਧਿਕਾਰ ਖੇਤਰ ਵਿਚਲੇ ਸਾਰੇ ਰੈਸਟੋਰੈਂਟਾਂ, ਹੋਟਲਾਂ, ਢਾਬਿਆਂ ਤੇ ਫੂਡ ਕੋਰਟਾਂ ‘ਚ ਹੈਂਡ ਵਾਸ਼ਿੰਗ ਪ੍ਰੋਟੋਕੋਲ ਲਾਗੂ ਕਰਨ ਤੇ ਜਿਸ ਜਗ੍ਹਾ ਨੂੰ ਲੋਕ ਵੱਧ ਛੂੰਹਦੇ ਹਨ, ਉਨ੍ਹਾਂ ਦੀ ਢੁਕਵੀਂ ਸਫਾਈ ਤੋਂ ਇਲਾਵਾ ਵਿਅਕਤੀਆਂ ਤੇ ਟੇਬਲਾਂ ਵਿਚਕਾਰ 1 ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਬੇ ਦੇ ਸਾਰੇ ਸ਼ਾਪਿੰਗ ਕੰਪਲੈਕਸ, ਮਾਲ ਤੇ ਸਿਨੇਮਾ-ਘਰ 31 ਮਾਰਚ ਤੱਕ ਬੰਦ ਰਹਿਣਗੇ, ਪਰ ਮਾਲਾਂ ਵਿਚਲੀਆਂ ਕੈਮਿਸਟਾਂ ਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਲੋਕਾਂ ਦੇ ਇਕੱਠ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਸਥਾਨਕ ਹਫਤਾਵਰੀ ਕਿਸਾਨ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਮੰਤਰੀ ਸਮੂਹ ਨੇ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਗਲੀ/ਮੁਹੱਲਿਆਂ ‘ਚ ਸਬਜ਼ੀ ਵੇਚਣ ਦੀ ਆਗਿਆ ਦੇ ਦਿੱਤੀ ਹੈ। ਮੰਤਰੀ ਸਮੂਹ ਨੇ ਸਕੂਲ ਸਿੱਖਿਆ ਵਿਭਾਗ ਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਅਦਾਰਿਆਂ ਨੂੰ ਵੀ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਨਿਰਦੇਸ ਦਿੱਤੇ ਹਨ। ਜੇ ਪ੍ਰੀਖਿਆਵਾਂ ਕਰਵਾਉਣ ਦੀ ਸਖ਼ਤ ਜ਼ਰੂਰਤ ਹੈ ਤਾਂ ਉਹ ਸੰਸਥਾਵਾਂ ਤੇ ਸਕੂਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨਗੇ ਤੇ ਇਹ ਵੀ ਯਕੀਨੀ ਬਣਾਉਣਗੇ ਕਿ ਦੋ ਵਿਦਿਆਰਥੀਆਂ ਵਿਚਕਾਰ ਇਕ ਮੀਟਰ ਦੀ ਦੂਰੀ ਰੱਖੀ ਜਾਵੇ। ਮੰਤਰੀ ਸਮੂਹ ਨੇ ਸੂਬੇ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਤੇ ਨਿਰਧਾਰਤ ਦਵਾਈਆਂ ਦੀ ਉਪਲਬਧਤਾ ਤੇ ਮਹੱਤਵਪੂਰਨ ਸਥਾਨਾਂ ‘ਤੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਦਾ ਵੀ ਜਾਇਜ਼ਾ ਲਿਆ।
ਮੰਤਰੀ ਸਮੂਹ ਨੇ ਇਸ ਤੱਥ ‘ਤੇ ਗੰਭੀਰਤਾ ਜਾਹਿਰ ਕੀਤੀ ਕਿ ਕੋਵਿਡ-19 ਨੇ ਸਾਰੇ ਯੂਰਪ ‘ਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਤੇ ਯੂਰਪ ਦੇ ਸਾਰੇ ਕਾਰੋਬਾਰ, ਸਿੱਖਿਆ ਸੰਸਥਾਵਾਂ, ਧਾਰਮਿਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਹੈ। ਮੀਟਿੰਗ ‘ਚ ਓਮ ਪ੍ਰਕਾਸ਼ ਸੋਨੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਜ਼ੀਆ ਸੁਲਤਾਨਾ, ਬਲਬੀਰ ਸਿੰਘ ਸਿੱਧੂ, ਵਿਜੇਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਸਾਰੇ ਕੈਬਨਿਟ ਮੰਤਰੀਆਂ ਨਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ, ਮੈਡੀਕਲ ਸਿੱਖਿਆ ਤੇ ਖੋਜ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਪੀ.ਐਚ.ਐਸ.ਸੀ. ਦੇ ਐਮਡੀ ਮਨਵੇਸ ਸਿੰਘ ਸਿੱਧੂ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਅਵਨੀਤ ਕੌਰ ਸਾਮਿਲ ਸਨ।
ਸਿਨੇਮਾ ਘਰ, ਜਿਮ, ਸਵਿਮਿੰਗ ਪੂਲ ਬੰਦ
ਵਿਰਾਸਤ-ਏ-ਖ਼ਾਲਸਾ ਬੰਦ ਰੱਖਣ ਦਾ ਫ਼ੈਸਲਾ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਇਹਤਿਹਾਤ ਵਜੋਂ ਸੂਬੇ ‘ਚ ਵੱਡੇ ਇਕੱਠ ਨਾ ਕਰਨ, ਖੇਡ ਮੇਲੇ ਤੇ ਸੱਭਿਆਚਾਰਕ ਸਮਾਗਮ ਨਾ ਕਰਾਉਣ ਸਮੇਤ ਸਾਰੇ ਸਿਨੇਮਾ ਘਰ, ਜਿਮ, ਸਵਿਮਿੰਗ ਪੂਲ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਪਾਬੰਦੀਆਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਫਿਲਹਾਲ ਸ਼ਾਪਿੰਗ ਮਾਲਜ਼ ਬੰਦ ਨਹੀਂ ਕੀਤੇ ਪਰ ਸ਼ਰਾਬ ਦੇ ਅਹਾਤੇ ਬੰਦ ਕੀਤੇ ਜਾਣਗੇ। ਸਿਹਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਸੂਬੇ ਵਿੱਚ ਕਰੋਨਾਵਾਇਰਸ ਤੋਂ ਪੀੜਤ ਇੱਕੋ ਵਿਅਕਤੀ ਹੈ ਤੇ ਉਸ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ। ਇਹ ਵਿਅਕਤੀ ਇਟਲੀ ਤੋਂ ਆਇਆ ਤੇ ਸਥਾਨਕ ਲੋਕ ਅਜੇ ਤੱਕ ਪੂਰੀ ਤਰ੍ਹਾਂ ਸਰੱਖਿਅਤ ਹਨ। ਉਨ੍ਹਾਂ ਇਸ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਵਿਅਕਤੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਖਾਰਜ ਕਰਦਿਆਂ ਕਿਹਾ ਕਿ ਵਿਦੇਸ਼ਾਂ ਤੋਂ ਨਵੀਂ ਦਿੱਲੀ, ਅੰਮ੍ਰਿਤਸਰ ਅਤੇ ਮੁਹਾਲੀ ਦੇ ਹਵਾਈ ਅੱਡਿਆਂ ‘ਤੇ ਉਤਰਨ ਵਾਲੇ ਸਾਰੇ ਵਿਅਕਤੀਆਂ ਦੀ ਸੂਚੀ ਵਿਭਾਗ ਕੋਲ ਹੈ ਤੇ ਸਾਰੇ ਵਿਅਕਤੀਆਂ ਨੂੰ ਮੈਡੀਕਲ ਜਾਂਚ ਤੋਂ ਬਾਅਦ ਹੀ ਹਵਾਈ ਅੱਡਿਆਂ ਤੋਂ ਬਾਹਰ ਆਉਣ ਦਿੱਤਾ ਗਿਆ ਹੈ।
ਪੰਜਾਬ ਦੀਆਂ ਸਾਰੀਆਂ ਤਕਨੀਕੀ ਸੰਸਥਾਵਾਂ 31 ਤੱਕ ਬੰਦ
ਚੰਡੀਗੜ੍ਹ: ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਈਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਜਲੰਧਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ, ਪੰਜਾਬ ਦੇ ਸਮੂਹ ਸਰਕਾਰੀ ਤੇ ਗ਼ੈਰ ਸਰਕਾਰੀ ਇੰਜਨੀਅਰਿੰਗ, ਸਮੂਹ ਸਰਕਾਰੀ ਤੇ ਗ਼ੈਰ ਸਰਕਾਰੀ ਬਹੁ-ਤਕਨੀਕੀ ਕਾਲਜ ਤੇ ਉਦਯੋਗਿਕ ਸਿਖਲਾਈ ਸੰਸਥਾਵਾਂ 31 ਮਾਰਚ ਤੱਕ ਬੰਦ ਰਹਿਣਗੀਆਂ।
ਪੰਜਾਬ ਵਿਚ ਡਾਕਟਰਾਂ ਦੀਆਂ ਸੇਵਾਵਾਂ 30 ਸਤੰਬਰ ਤੱਕ ਵਧਾਈਆਂ
ਪੰਜਾਬ ਦੇ ਸਾਰੇ ਚਿੜਿਆਘਰ ਵੀ 31 ਮਾਰਚ ਤੱਕ ਬੰਦ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਚ ਪੰਜਾਬ ਸਰਕਾਰ ਨਾਲ ਕੰਮ ਕਰ ਰਹੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀਆਂ ਸੇਵਾਵਾਂ 30 ਸਤੰਬਰ ਤੱਕ ਵਧਾਉਣ ਦੇ ਫ਼ੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਕੋਵਿਡ-19 ਦੇ ਕਹਿਰ ਨਾਲ ਨਜਿੱਠਣ ਲਈ ਸੂਬੇ ਦੀਆਂ ਤਿਆਰੀਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਚਿੜਿਆਘਰ 31 ਮਾਰਚ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਬਣਾਏ 7 ਮੈਂਬਰੀ ਮੰਤਰੀ ਸਮੂਹ (ਜੀਓਐਮ) ਦੀਆਂ ਰਿਪੋਰਟਾਂ ਦਾ ਜਾਇਜ਼ਾ ਵੀ ਲਿਆ ਗਿਆ। ਮੰਤਰੀ ਮੰਡਲ ਨੇ ਆਪਣੇ ਮਤੇ ਰਾਹੀਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਅਤੇ ਸਮੂਹਿਕ ਇਕੱਠਾਂ ਵਿਚ ਨਾ ਜਾਣ, ਗੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਮੀਟਿੰਗ ਵਿਚ ਵਿਚਾਰ-ਵਟਾਂਦਰੇ ਮਗਰੋਂ ਮੰਤਰੀ ਮੰਡਲ ਨੇ ਲੋਕਾਂ ਨੂੰ ਵਿਆਹ ਦੀਆਂ ਰਸਮਾਂ ਮੁਲਤਵੀ ਕਰਨ ਜਾਂ ਵਿਆਹ ਵਿਚ 50 ਤੋਂ ਵੱਧ ਵਿਅਕਤੀ ਇਕੱਠੇ ਨਾ ਕਰਨ, ਧਾਰਮਿਕ ਆਗੂਆਂ ਅਤੇ ਡੇਰਾ ਮੁਖੀਆਂ ਨੂੰ ਆਪਣੇ ਧਾਰਮਿਕ ਸਮਾਗਮਾਂ ਨੂੰ ਸੀਮਤ ਕਰਨ ਅਤੇ ਆਪਣੇ ਪੈਰੋਕਾਰਾਂ ਨੂੰ ਕਰੋਨਾਵਾਇਰਸ ਦੇ ਖ਼ਤਰੇ ਪ੍ਰਤੀ ਜਾਗਰੂਕ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਸਮੂਹ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਿਲ੍ਹਿਆਂ ਵਿਚ ਇਸ ਸਥਿਤੀ ਬਾਰੇ ਸਪੱਸ਼ਟ ਜਾਣਕਾਰੀ ਦੇਣ ਤੇ ਲੋਕਾਂ ਵਿਚ ਵਿਸ਼ਵਾਸ ਵਧਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਨ। ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਐਮਰਜੈਂਸੀ ਸਮੇਂ ਸਥਿਤੀ ਨਾਲ ਨਜਿੱਠਣ ਲਈ ਸਾਰੇ ਜ਼ਿਲ੍ਹਾ ਹਸਪਤਾਲਾਂ ਵਿਚ ਵੈਂਟੀਲੇਟਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਮੰਤਰੀ ਮੰਡਲ ਨੇ ਫ਼ੈਸਲਾ ਲਿਆ ਹੈ ਕਿ ਐੱਮ.ਬੀ.ਬੀ.ਐੱਸ. ਦੇ ਵਿਦਿਆਰਥੀਆਂ, ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲੀ, ਨਾਲ ਸੰਪਰਕ ਕੀਤਾ ਜਾਵੇ ਅਤੇ ਵਿਭਾਗ ਵੱਲੋਂ ਉਨ੍ਹਾਂ ਨੂੰ ਸਵੈ-ਇੱਛੁਕ ਆਧਾਰ ‘ਤੇ ਤਿਆਰ ਰਹਿਣ ਲਈ ਕਿਹਾ ਜਾਵੇ। ਬੁਲਾਰੇ ਨੇ ਦੱਸਿਆ ਕਿ ਅਗਲੇ ਹੁਕਮਾਂ ਤੱਕ ਸੂਬੇ ਦੇ ਸਾਰੇ ਸਿਨੇਮਾ ਘਰਾਂ, ਜਿਮ ਅਤੇ ਸਵੀਮਿੰਗ ਪੂਲ ਬੰਦ ਕਰਨ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਖੇਡਾਂ, ਕਾਨਫ਼ਰੰਸਾਂ, ਸੱਭਿਆਚਾਰਕ ਸਮਾਗਮਾਂ, ਮੇਲਿਆਂ ਅਤੇ ਪ੍ਰਦਰਸ਼ਨੀਆਂ, ਵਿਆਹ ਸਮਾਗਮਾਂ ਸਮੇਤ ਸਾਰੇ ਵੱਡੇ ਜਨਤਕ ਇਕੱਠਾਂ ‘ਤੇ ਵੀ ਅਗਲੇ ਆਦੇਸ਼ਾਂ ਤੱਕ ਪਾਬੰਦੀ ਲਾਈ ਗਈ ਹੈ। ਮੰਤਰੀ ਮੰਡਲ ਨੇ ਸ਼ਾਪਿੰਗ ਮਾਲ ਅਤੇ ਮੈਰਿਜ ਪੈਲੇਸਾਂ ਨੂੰ ਬੰਦ ਕਰਨ ਦਾ ਫ਼ੈਸਲਾ ਮੰਤਰੀ ਸਮੂਹ ਨੂੰ ਦੇ ਦਿੱਤਾ ਹੈ। ਮੰਤਰੀਆਂ ਨੂੰ ਦੱਸਿਆ ਗਿਆ ਕਿ ਸਾਰੇ ਜ਼ਿਲ੍ਹਿਆਂ ਦੀਆਂ ਸਿਹਤ ਟੀਮਾਂ ਵੱਖ-ਵੱਖ ਦੇਸ਼ਾਂ ਤੋਂ ਪੰਜਾਬ ਪਰਤੇ ਯਾਤਰੀਆਂ ਨਾਲ ਸੰਪਰਕ ਕਰ ਰਹੀਆਂ ਹਨ, ਜਿਨ੍ਹਾਂ ਦੀ ਦਿੱਲੀ ਜਾਂ ਹੋਰ ਹਵਾਈ ਅੱਡਿਆਂ ‘ਤੇ ਜਾਂਚ ਕੀਤੀ ਗਈ ਹੈ। ਵਾਇਰਸ ਦੇ ਲੱਛਣ ਨਾ ਪਾਏ ਜਾਣ ‘ਤੇ ਵੀ ਯਾਤਰੀਆਂ ਨੂੰ ਸਾਵਧਾਨੀ ਲਈ ਨਿਗਰਾਨੀ ਹੇਠ ਰੱਖਿਆ ਗਿਆ ਹੈ।

Check Also

ਕਰੋਨਾ ਦੇ ਘੇਰੇ ‘ਚ ਆਏ ਪੰਜਾਬ ਦੇ 11 ਪੀ.ਸੀ.ਐਸ. ਅਧਿਕਾਰੀ

ਪੰਜਾਬ ਵਿਚ ਕਰੋਨਾ ਪੀੜਤਾਂ ਦੀ ਗਿਣਤੀ 7 ਹਜ਼ਾਰ ਤੋਂ ਪਾਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਰੋਨਾ …