Breaking News
Home / ਮੁੱਖ ਲੇਖ / ਬੀਸੀ ਸਰਕਾਰ ਵੱਲੋਂ ਸੰਤ ਤੇਜਾ ਸਿੰਘ ਦਿਹਾੜੇ ਬਾਰੇ ਐਲਾਨਨਾਮਾ ਜਾਰੀ ਅਤੇ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਯਾਦਗਾਰੀ ਸਮਾਗਮ

ਬੀਸੀ ਸਰਕਾਰ ਵੱਲੋਂ ਸੰਤ ਤੇਜਾ ਸਿੰਘ ਦਿਹਾੜੇ ਬਾਰੇ ਐਲਾਨਨਾਮਾ ਜਾਰੀ ਅਤੇ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਯਾਦਗਾਰੀ ਸਮਾਗਮ

ਡਾ. ਗੁਰਵਿੰਦਰ ਸਿੰਘ
ਕੈਨੇਡਾ ਵਿਚ ਬੀਸੀ ਸਰਕਾਰ ਵੱਲੋਂ ਪਹਿਲੀ ਜੁਲਾਈ ਨੂੰ ਸੰਤ ਤੇਜਾ ਸਿੰਘ ਦਿਹਾੜੇ ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਸ ਸੰਬੰਧ ਵਿਚ ਕੈਨੇਡਾ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ- ਡੈਲਟਾ ਵਿਖੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਦਿਹਾੜੇ ਦਾ ਐਲਾਨਨਾਮਾ ਸਰੀ ਗਰੀਨ ਟਿੰਬਰ ਦੀ ਵਿਧਾਇਕਾ ਅਤੇ ਨਸਲਵਾਦ ਵਿਰੋਧੀ ਮਾਮਲਿਆਂ ਦੀ ਸੰਸਦੀ ਸਕੱਤਰ ਬੀਬੀ ਰਚਨਾ ਸਿੰਘ, ਸਮਾਗਮ ਦੇ ਬੁਲਾਰੇ ਡਾ. ਗੁਰਵਿੰਦਰ ਸਿੰਘ, ਅਕਾਲ ਅਕੈਡਮੀ ਸੰਸਥਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਭਾਈ ਅਵਤਾਰ ਸਿੰਘ ਗਿੱਲ ਅਤੇ ਡਾ ਪਰਗਟ ਸਿੰਘ ਭੁਰਜੀ ਆਦਿ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਨੂੰ ਸੌਂਪਿਆ ਗਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਡਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਵਿੱਚ ਸੰਤ ਤੇਜਾ ਸਿੰਘ ਦਿਹਾੜੇ ਦਾ ਐਲਾਨਨਾਮਾ ਪ੍ਰਬੰਧਕੀ ਕਮੇਟੀ ਅਤੇ ਸੰਸਥਾਵਾਂ ਵੱਲੋਂ ਵੱਧ ਤੋਂ ਵੱਧ ਵੰਡਿਆ ਜਾਣਾ ਚਾਹੀਦਾ ਹੈ, ਤਾਂ ਕਿ ਸੰਤ ਤੇਜਾ ਸਿੰਘ ਦੀ ਇਤਿਹਾਸਕ ਦੇਣ ਤੋਂ ਨੌਜਵਾਨ ਪੀੜੀ ਅਤੇ ਹੋਰ ਭਾਈਚਾਰੇ ਭਾਵਪੂਰਤ ਢੰਗ ਨਾਲ ਜਾਣੂ ਹੋ ਸਕਣ।
ਵਿਧਾਇਕਾ ਬੀਬੀ ਰਚਨਾ ਸਿੰਘ ਨੇ ਕਿਹਾ ਕਿ ਜਿਸ ਵਿਧਾਨ ਸਭਾ ਵੱਲੋਂ ਇਹ ਐਲਾਨਨਾਮਾ ਜਾਰੀ ਕੀਤਾ ਗਿਆ, ਕਦੇ ਉੱਥੇ ਵੀ ਨਸਲਵਾਦ ਸੀ, ਪਰ ਅੱਜ ਮਾਣ ਵਾਲੀ ਗੱਲ ਹੈ ਕਿ ਇਤਿਹਾਸਕ ਮੋੜਾ ਆਇਆ ਹੈ, ਜਿਸ ਦਾ ਮਾਣ ਸੰਤ ਤੇਜਾ ਸਿੰਘ ਜੀ ਦੀ ਦੇਣ ਨੂੰ ਜਾਂਦਾ ਹੈ। ਭਾਈ ਅਵਤਾਰ ਸਿੰਘ ਗਿੱਲ ਨੇ ਕਿਹਾ ਕਿ ਸੰਤ ਤੇਜਾ ਸਿੰਘ ਜੀ ਸਦਕਾ ਹੀ ਕੈਨੇਡਾ ਵਿੱਚ ਸਾਡੇ ਭਾਈਚਾਰੇ ਦੀਆਂ ਜੜਾਂ ਲੱਗੀਆਂ ਹਨ। ਉਨਾਂ ਅਕਾਲ ਅਕੈਡਮੀ ਬੜੂ ਸਾਹਿਬ ਦੇ ਪਲੇਟਫਾਰਮ ‘ਤੇ ਸੈਂਕੜੇ ਵਿੱਦਿਅਕ ਸੰਸਥਾਵਾਂ ਰਾਹੀਂ ਦੇਸ਼- ਵਿਦੇਸ਼ ਵਿੱਚ ਹੋ ਰਹੀਆਂ ਇਤਿਹਾਸਕ ਸੇਵਾਵਾਂ ਅਤੇ ਵਡਮੁੱਲੀ ਦੇਣ ਦਾ ਜ਼ਿਕਰ ਕੀਤਾ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਰ ਭਾਈ ਹਰਦੀਪ ਸਿੰਘ ਨਿੱਝਰ ਨੇ ਬੁਲਾਰਿਆਂ ਵੱਲੋਂ ਦਿੱਤੇ ਸੁਝਾਅ ਨੂੰ ਉਸਾਰੂ ਦੱਸਿਆ ਅਤੇ ਗੁਰੂ ਸਾਹਿਬ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਡਾ ਪਰਗਟ ਸਿੰਘ ਭੁਰਜੀ ਨੇ ਪ੍ਰਬੰਧਕਾਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਤੇਜਾ ਸਿੰਘ ਜੀ ਦੇ ਜੀਵਨ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ।
ਭਾਈ ਗੁਰਮੀਤ ਸਿੰਘ ਤੂਰ ਨੇ ਸਮਾਗਮ ਦਾ ਸੰਚਾਲਨ ਕੀਤਾ। ਇਸ ਮੌਕੇ ‘ਤੇ ਕਥਾ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਹਾਜ਼ਰੀਆਂ ਲਵਾਈਆਂ ਗਈਆਂ ਅਤੇ ਸੰਤ ਤੇਜਾ ਸਿੰਘ ਜੀ ਬਾਰੇ ਜਾਣਕਾਰੀ ਭਰਪੂਰ ਪ੍ਰਦਰਸ਼ਨੀ ਲਗਾਈ ਗਈ।
ਪ੍ਰਿੰਸੀਪਲ ਸੰਤ ਤੇਜਾ ਸਿੰਘ ਮਸਤੂਆਣਾ ਦੇ ਜੀਵਨ ਸਫਰ ‘ਤੇ ਨਜ਼ਰ ਮਾਰਿਆਂ ਜਾਣਕਾਰੀ ਮਿਲਦੀ ਹੈ ਕਿ ਆਪ ਦਾ ਜਨਮ 14 ਮਈ 1877 ਨੂੰ ਗੁੱਜਰਾਂਵਾਲਾ, ਪੰਜਾਬ (ਅੱਜ ਕੱਲ ਪਾਕਿਸਤਾਨ) ਵਿਖੇ ਹੋਇਆ। ਕੈਨੇਡਾ ਵਿਖੇ ਖਾਲਸਾ ਦੀਵਾਨ ਸੁਸਾਇਟੀ ਦੇ ਸੰਵਿਧਾਨ ਦੀ ਸਿਰਜਣਾ ਤੋਂ ਇਲਾਵਾ ਨਸਲਵਾਦ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਧਰਮ ਦੇ ਨਾਲ-ਨਾਲ ਅਜ਼ਾਦੀ ਦੀ ਲਹਿਰ ਵਿੱਚ ਯੋਗਦਾਨ ਰਿਹਾ ਤੇ ਗ਼ਦਰ ਲਹਿਰ ਨੂੰ ਪ੍ਰਫੁਲਤ ਕੀਤਾ। 1906 ਤੋਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਤੋਂ ਉੱਚ ਵਿੱਦਿਆ ਹਾਸਲ ਕੀਤੀ ਅਤੇ ਕੈਨੇਡਾ, ਅਮਰੀਕਾ ਇੰਗਲੈਂਡ ਵਿੱਚ ਗੁਰਦੁਆਰਿਆਂ ਦੀ ਸਿਰਜਣਾ ਕੀਤੀ।
ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ ਦੀ ਧਾਰਮਿਕ ਵਿੱਦਿਅਕ ਸਮਾਜਿਕ ਅਤੇ ਰਾਜਨੀਤਕ ਪੱਖੋਂ ਮਹਾਨ ਦੇਣ ਹੈ। ਜੇਕਰ ਇਤਿਹਾਸ ਪੜੀਏ, ਤਾਂ ਪਤਾ ਲੱਗਦਾ ਹੈ ਕਿ ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਇੱਥੋਂ ਕੱਢ ਕੇ ਹਾਂਡੂਰਸ ਭੇਜਣ ਤੱਕ ਦੀਆਂ ਸਾਰੀਆਂ ਧੱਕੇਸ਼ਾਹੀਆਂ ਨੂੰ ਰੋਕਣ ਲਈ, ਉਨਾਂ ਵਡਮੁੱਲਾ ਯੋਗਦਾਨ ਪਾਇਆ। ਕੈਨੇਡਾ ਵਿੱਚ ਪਹਿਲੀ ਵਾਰ ਅੰਮ੍ਰਿਤ ਸੰਚਾਰ ਤੋਂ ਲੈ ਕੇ, ਇਥੇ ਗੁਰੂ ਨਾਨਕ ਸਾਹਿਬ ਦੇ ਨਾਂ ‘ਤੇ ਮਾਈਨਿੰਗ ਕੰਪਨੀ ਸਥਾਪਿਤ ਕਰਨ, ਇੱਥੇ ਸਿੱਖ ਯੂਨੀਵਰਸਿਟੀ ਕਾਇਮ ਕਰਨ ਦੀ ਮਹਾਨ ਵਲਵਲੇ ਮਨ ਵਿੱਚ ਰੱਖਣ ਅਤੇ ਅਣਗਿਣਤ ਹੋਰ ਉਪਰਾਲੇ ਕਰਨ ਸਬੰਧੀ ਪ੍ਰਿੰਸੀਪਲ ਸਾਹਿਬ ਦੇ ਖ਼ਿਆਲ ਸਨ। 3 ਜੁਲਾਈ 1965 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਪ੍ਰਿੰਸੀਪਲ ਸੰਤ ਤੇਜਾ ਸਿੰਘ ਜੀ ਦੀ ਗ਼ਦਰ ਲਹਿਰ ਨੂੰ ਪ੍ਰਫੁਲਤ ਕਰਨ ਵਿੱਚ ਵਡਮੁੱਲੀ ਭੂਮਿਕਾ ਸੀ, ਪਰ ਦੁੱਖ ਦੀ ਗੱਲ ਇਹ ਹੈ ਕਿ ਇਤਿਹਾਸਕਾਰਾਂ ਨੇ ਇਸ ਪੱਖੋਂ ਇਮਾਨਦਾਰਾਨਾ ਪਹੁੰਚ ਨਾਲ ਖੋਜ ਕਾਰਜ ਨਹੀਂ ਕੀਤੀ। ਉਨਾਂ ਦੀ ਬਹੁਪੱਖੀ ਅਤੇ ਵੱਡਮੁੱਲੀ ਸ਼ਖ਼ਸੀਅਤ ਦੁਆਰਾ ਕੈਨੇਡਾ ਲਈ ਇਤਿਹਾਸਕ ਦੇਣ ਬਾਰੇ ਬੀਸੀ ਸਰਕਾਰ ਵੱਲੋਂ ਜਾਰੀ ਕੀਤਾ ਐਲਾਨਨਾਮਾ ਅਤੇ ਸੰਤ ਤੇਜਾ ਸਿੰਘ ਦਿਹਾੜਾ ਮਨਾਇਆ ਜਾਣਾ ਸ਼ਲਾਘਾਯੋਗ ਕਦਮ ਹੈ ਅਤੇ ਇਸ ਦਾ ਭਰਪੂਰ ਪ੍ਰਚਾਰ ਕੀਤਾ ਜਾਣਾ ਬਣਦਾ ਹੈ।

Check Also

ਪ੍ਰੇਮ ਦੀ ਖੇਡ

ਤਲਵਿੰਦਰ ਸਿੰਘ ਬੁੱਟਰ ਪ੍ਰੇਮ ਕੋਈ ਲੌਕਿਕ ਖੇਡ ਨਹੀਂ ਹੈ। ਇਹ ਅਲੌਕਿਕ ਅਤੇ ਵਿਸਮਾਦੀ ਚੇਤਨਾ ਦਾ …