ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਭੇਜੀ ਚਿੱਠੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਡੀਜੀਪੀ ਵੀ.ਕੇ. ਭਾਵਰਾ ਵਲੋਂ ਕੇਂਦਰੀ ਡੈਪੂਟੇਸ਼ਨ ‘ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਇਕ ਚਿੱਠੀ ਭੇਜੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਪੰਜਾਬ ਨੂੰ ਇਕ ਨਵਾਂ ਡੀਜੀਪੀ ਮਿਲ ਸਕਦਾ ਹੈ। ਡੀਜੀਪੀ ਭਾਵਰਾ ਨੂੰ ਪੰਜਾਬ ‘ਚ ਪਿਛਲੀ ਕਾਂਗਰਸ ਸਰਕਾਰ ਨੇ ਨਿਯੁਕਤ ਕੀਤਾ ਸੀ, ਹਾਲਾਂਕਿ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਸੱਤਾ ਵਿਚ ਆ ਗਈ, ਪਰ ਫਿਰ ਵੀ ਭਾਵਰਾ ਆਪਣੇ ਅਹੁਦੇ ‘ਤੇ ਬਣੇ ਰਹੇ। ਡੀਜੀਪੀ ਭਾਵਰਾ ਕੇਂਦਰ ਵਿਚ ਡੀਜੀਪੀ ਵਜੋਂ ਸੂਚੀਬੱਧ ਹਨ, ਇਸ ਲਈ ਉਨ੍ਹਾਂ ਕੋਲ ਕੇਂਦਰੀ ਡੈਪੂਟੇਸ਼ਨ ਲਈ ਅਰਜ਼ੀ ਦੇਣ ਦਾ ਬਦਲ ਹੈ, ਜਿਸਦੇ ਚੱਲਦਿਆਂ ਉਨ੍ਹਾਂ ਵਲੋਂ ਉਕਤ ਚਿੱਠੀ ਲਿਖੀ ਗਈ ਹੈ। ਇਸੇ ਦੌਰਾਨ ਜੇਕਰ ਵੀ.ਕੇ. ਭਾਵਰਾ ਕੇਂਦਰ ਵਿਚ ਗਏ ਤਾਂ ਫਿਰ ਗੌਰਵ ਯਾਦਵ ਪੰਜਾਬ ਦੇ ਨਵੇਂ ਡੀਜੀਪੀ ਬਣ ਸਕਦੇ ਹਨ। ਇਸ ਤੋਂ ਪਹਿਲਾਂ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਬਣਾਇਆ ਜਾ ਚੁੱਕਾ ਹੈ। ਇਸ ਦੌੜ ਵਿਚ ਸਪੈਸ਼ਲ ਟਾਸਕ ਫੋਰਸ ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਦਾ ਨਾਮ ਵੀ ਸ਼ਾਮਲ ਹੈ। ਇਹ ਦੋਵੇਂ ਅਫਸਰ ਹਾਲ ਹੀ ਵਿਚ ਡੀਜੀਪੀ ਅਹੁਦੇ ‘ਤੇ ਪ੍ਰਮੋਟ ਹੋਏ ਹਨ।