ਪੱਤਰਕਾਰ ਦੀ ਦਸਤਾਰ ਉਤਾਰੀ ਅਤੇ ਵਾਲਾਂ ਤੋਂ ਫੜ ਕੇ ਘੜੀਸਿਆ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੀ ਵਿਜੇਨਗਰ ਪੁਲਿਸ ਚੌਕੀ ਵਿਚ ਇਕ ਕਾਂਸਟੇਬਲ ਦੋ ਧੜਿਆਂ ਵਿਚਕਾਰ ਵਿਵਾਦ ਦੇ ਚੱਲਦਿਆਂ ਆਪਣੀ ਮਰਿਆਦਾ ਵੀ ਭੁੱਲ ਗਿਆ ਅਤੇ ਆਪੇ ਤੋਂ ਬਾਹਰ ਹੋ ਗਿਆ। ਜ਼ਿਕਰਯੋਗ ਹੈ ਕਿ ਦੋ ਧੜਿਆਂ ਵਿਚਾਲੇ ਚੱਲ ਰਹੇ ਵਿਵਾਦ ਦਾ ਮਾਮਲਾ ਥਾਣੇ ਪਹੁੰਚਿਆ ਸੀ ਅਤੇ ਇਸ ਮੌਕੇ ਦੋਵੇਂ ਧੜਿਆਂ ਵਿਚ ਬਹਿਸਬਾਜ਼ੀ ਹੋ ਗਈ। ਇਸੇ ਦੌਰਾਨ ਪੁਲਿਸ ਕਾਂਸਟੇਬਲ ਨੇ ਇਕ ਪੱਤਰਕਾਰ ਕਸ਼ਮੀਰ ਸਿੰਘ ਦੀ ਦਸਤਾਰ ਉਤਾਰ ਦਿੱਤੀ ਅਤੇ ਫਿਰ ਉਸਦੇ ਸਿਰ ਦੇ ਵਾਲਾਂ ਨੂੰ ਫੜ ਕੇ ਉਸ ਨੂੰ ਘੜੀਸਿਆ। ਇਸਦੇ ਬਾਵਜੂਦ ਵੀ ਕਾਂਸਟੇਬਲ ਦਾ ਮਨ ਨਾ ਭਰਿਆ ਤਾਂ ਉਸ ਨੇ ਨੌਜਵਾਨ ਦੇ ਮੂੰਹ ’ਤੇ ਥੱਪੜ ਵੀ ਮਾਰੇ। ਇਹ ਘਟਨਾ ਅੰਮਿ੍ਰਤਸਰ ਵਿਚ ਬਟਾਲਾ ਰੋਡ ’ਤੇ ਸਥਿਤ ਪੁਲਿਸ ਚੌਕੀ ਵਿਜੇਨਗਰ ਦੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਪੁਲਿਸ ਕਾਂਸਟੇਬਲ ਆਪੇ ਤੋਂ ਬਾਹਰ ਹੋ ਕੇ ਪੱਤਰਕਾਰ ਦੇ ਥੱਪੜ ਮਾਰ ਰਿਹਾ ਸੀ ਤਾਂ ਥਾਣੇ ਵਿਚ ਹੋਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣ ਦਾ ਯਤਨ ਵੀ ਕੀਤਾ , ਪਰ ਉਹ ਕਾਂਸਟੇਬਲ ਕਿਸੇ ਦੀ ਵੀ ਗੱਲ ਨਹੀਂ ਸੁਣ ਰਿਹਾ ਸੀ। ਕਸ਼ਮੀਰ ਸਿੰਘ ਨਾਲ ਹੋਈ ਮਾਰਕੁੱਟ ਤੋਂ ਬਾਅਦ ਥਾਣੇ ਵਿਚ ਕਾਫੀ ਹੰਗਾਮਾ ਵੀ ਹੋਇਆ। ਕਸ਼ਮੀਰ ਸਿੰਘ ਦੇ ਸਮਰਥਨ ਵਿਚ ਲੋਕਾਂ ਨੇ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਆਰੋਪੀ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਅੰਮਿ੍ਰਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।