Breaking News
Home / ਭਾਰਤ / ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ : ਨਰਿੰਦਰ ਮੋਦੀ

ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ : ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਬੱਚਿਆਂ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਬਲੀਦਾਨ ਸਾਡੇ ਦੇਸ਼ ਦੀ ਇਕ ਬੇਮਿਸਾਲ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਜਦ ਬਲੀਦਾਨ ਦਿੱਤਾ ਸੀ ਤਦ ਉਨ੍ਹਾਂ ਦੀ ਉਮਰ ਬਹੁਤ ਛੋਟੀ ਸੀ। ਭਾਰਤ ਦੀ ਸੱਭਿਅਤਾ, ਸੰਸਕ੍ਰਿਤੀ ਤੇ ਧਰਮ ਲਈ ਉਨ੍ਹਾਂ ਦਾ ਬਲੀਦਾਨ ਲਾਸਾਨੀ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਅਤੇ ਉਨ੍ਹਾਂ ਦੇ ਬਲੀਦਾਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਨੂੰ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਾਲ 2021 ਅਤੇ ਸਾਲ 2022 ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਪੁਰਸਕਾਰਾਂ ਲਈ ਦੇਸ਼ ਭਰ ਤੋਂ 61 ਬੱਚਿਆਂ ਨੂੰ ਚੁਣਿਆ ਗਿਆ ਸੀ, ਜਿਨ੍ਹਾਂ ‘ਚੋਂ 32 ਬੱਚਿਆਂ ਨੂੰ ਪਿਛਲੇ ਸਾਲ ਲਈ ਅਤੇ 29 ਬੱਚਿਆਂ ਨੂੰ ਇਸ ਸਾਲ ਲਈ ਪੁਰਸਕਾਰਾਂ ਲਈ ਚੁਣਿਆ ਗਿਆ। ਹਰ ਸਾਲ ਬਾਲ ਪੁਰਸਕਾਰ ਜੇਤੂ ਗਣਤੰਤਰ ਦਿਵਸ ਦੀ ਪਰੇਡ ‘ਚ ਹਿੱਸਾ ਲੈਂਦੇ ਹਨ ਪਰ ਕਰੋਨਾ ਦੇ ਪਸਾਰ ਕਾਰਨ ਇਸ ਵਾਰ ਇਹ ਪ੍ਰੋਗਰਾਮ ਵਰਚੂਅਲ ਤੌਰ ‘ਤੇ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਦੀਵਾਲੀ ‘ਤੇ ਨੌਸ਼ਹਿਰਾ ਸੈਕਟਰ ਦੀ ਆਪਣੀ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਉੱਥੇ ਮੇਰੀ ਮੁਲਾਕਾਤ ਬਲਦੇਵ ਸਿੰਘ ਅਤੇ ਬਸੰਤ ਸਿੰਘ ਨਾਂਅ ਦੇ ਅਜਿਹੇ ਵੀਰਾਂ ਨਾਲ ਹੋਈ, ਜਿਨ੍ਹਾਂ ਨੇ ਆਜ਼ਾਦੀ ਦੇ ਬਾਅਦ ਹੋਏ ਯੁੱਧ ‘ਚ ਬਾਲ ਸੈਨਿਕ ਦੀ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਪੁਰਸਕਾਰਾਂ ਨਾਲ ਹਰ ਕਿਸੇ ਦੀਆਂ ਉਮੀਦਾਂ ਵੀ ਉਨ੍ਹਾਂ ਤੋਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਪਰ ਇਸ ਨਾਲ ਦਬਾਅ ‘ਚ ਨਹੀਂ ਆਉਣਾ, ਸਗੋਂ ਪ੍ਰੇਰਨਾ ਲੈਣੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਮਾਸਟਰ ਮੀਧਾਂਸ਼ੂ ਕੁਮਾਰ ਗੁਪਤਾ ਤੋਂ ਕੋਵਿਡ ਦੇ ਮੁੱਦਿਆਂ ਲਈ ਇਕ ਐਪ ਬਣਾਉਣ ਦੀ ਉਸ ਦੀ ਉਪਲਬਧੀ ਬਾਰੇ ‘ਚ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਮੀਧਾਂਸੂ ਵਰਗੇ ਬੱਚਿਆਂ ਤੋਂ ਉਨ੍ਹਾਂ ਨੂੰ ਲਗਦਾ ਹੈ ਕਿ ਉੱਦਮਤਾ ਨੂੰ ਹੁਲਾਰਾ ਦੇਣ ਦੇ ਸਰਕਾਰੀ ਯਤਨ ਸਫ਼ਲ ਹੋ ਰਹੇ ਹਨ ਅਤੇ ਨੌਕਰੀ ਲੱਭਣ ਵਾਲੇ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਦਾ ਰੁਝਾਨ ਜ਼ਿਆਦਾ ਸਪੱਸ਼ਟ ਹੋ ਰਿਹਾ ਹੈ। ਚੰਡੀਗੜ੍ਹ ਦੀ ਕੁਮਾਰੀ ਤਰੂਸ਼ੀ ਨਾਲ ਗੱਲਬਾਤ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਖੇਡਾਂ ਅਤੇ ਪੜ੍ਹਾਈ ‘ਚ ਸੰਤੁਲਨ ‘ਤੇ ਉਸ ਦੀ ਰਾਇ ਮੰਗੀ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ‘ਲੋਕਲ ਫ਼ਾਰ ਵੋਕਲ’ ਮੁਹਿੰਮ ‘ਚ ਹਿੱਸੇਦਾਰੀ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਘਰ ‘ਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ‘ਚ ਸਵਦੇਸ਼ੀ ਵਸਤਾਂ ਦੀ ਵਰਤੋਂ ਵਧਾਉਣ। ਪ੍ਰਧਾਨ ਮੰਤਰੀ ਨੇ ਕੋਵਿਡ ਟੀਕਾਕਰਨ ‘ਚ ਬੱਚਿਆਂ ਵਲੋਂ ਵੱਡੀ ਗਿਣਤੀ ‘ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਬਾਲ ਪੁਰਸਕਾਰ ਜੇਤੂਆਂ ਨੂੰ ਇਕ ਤਗਮਾ, ਇਕ ਲੱਖ ਰੁਪਏ ਅਤੇ ਇਕ ਸਰਟੀਫਿਕੇਟ ਦਿੱਤਾ ਜਾਂਦਾ ਹੈ।

Check Also

ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ

ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …