ਭਲਕੇ ਸ਼ੁੱਕਰਵਾਰ ਤੋਂ ਅਗਲੇ ਹੁਕਮਾਂ ਤੱਕ ਦਿੱਲੀ ਦੇ ਸਾਰੇ ਸਕੂਲ ਕੀਤੇ ਬੰਦ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ’ਚ ਵਧੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਅੱਜ ਹੋਈ ਸੁਣਵਾਈ ਦੌਰਾਨ ਕੋਰਟ ਨੇ ਦਿੱਲੀ ਸਰਕਾਰ ਦੀ ਚੰਗੀ ਕਲਾਸ ਲਗਾਈ। ਜਿਸ ਤੋਂ ਬਾਅਦ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸ਼ੁੱਕਰਵਾਰ ਤੋਂ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਵਿਗੜ ਰਹੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ। ਸਕੂਲ ਮੁੜ ਕਦੋਂ ਖੁੱਲ੍ਹਣਗੇ ਇਸ ਸਬੰਧੀ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ। ਕੋਰਟ ਨੇ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਪ੍ਰਦੂਸ਼ਣ ਘੱਟ ਕਰਨ ਦੇ ਲਈ 24 ਘੰਟੇ ’ਚ ਕੋਈ ਸਖਤ ਫੈਸਲਾ ਨਾ ਲਿਆ ਗਿਆ ਤਾਂ ਸੁਪਰੀਮ ਕੋਰਟ ਇਕ ਟਾਸਕ ਫੋਰਸ ਦਾ ਗਠਨ ਕਰੇਗੀ। ਚੀਫ਼ ਜਸਟਿਸ ਐਨ ਵੀ ਰਮਨਾ ਨੇ ਕਾਰਵਾਈ ਦੇ ਦੌਰਾਨ ਕੇਂਦਰ ਤੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਆਖਰ ਪ੍ਰਦੂਸ਼ਣ ਘੱਟ ਕਿਉਂ ਨਹੀਂ ਹੋ ਰਿਹਾ। ਭਲਕੇ ਸ਼ੁੱਕਰਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਫਿਰ ਸੁਣਵਾਈ ਹੋਵੇਗੀ।