ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਅਜੇ ਤੈਅ ਨਹੀਂ ਹੋਈ, ਪਰ ਸਿਆਸੀ ਆਗੂ ਆਪਣਾ ਵੋਟ ਬੈਂਕ ਵਧਾਉਣ ਲਈ ਗੁਰਦੁਆਰਾ ਸਾਹਿਬ, ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਮੰਗਲਵਾਰ ਨੂੰ ਸੁਖਬੀਰ ਸਿੰਘ ਬਾਦਲ ਰਾਜਸਥਾਨ ਪਹੁੰਚੇ ਅਤੇ ਸ੍ਰੀ ਸਾਲਾਸਰ ਬਾਲਾਜੀ ਅਤੇ ਚੁਰੂ ਜ਼ਿਲ੍ਹੇ ਵਿਚ ਮਾਤਾ ਅੰਜਨੀ ਦੇ ਦਰਬਾਰ ਵਿਚ ਨਤਮਸਤਕ ਹੋਏ। ਉਨ੍ਹਾਂ ਨਾਲ ਮਾਲਵਾ ਖੇਤਰ ਦੇ ਕਈ ਸੀਨੀਅਰ ਅਕਾਲੀ ਆਗੂ ਵੀ ਸਨ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ‘ਚ ਬਣੇ ਕਰਤਾਰਪੁਰ ਕੌਰੀਡੋਰ ਵਿਖੇ ਪਹੁੰਚੇ। ਜਿੱਥੇ ਉਨ੍ਹਾਂ ਨੇ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਤੇ ਕਰਤਾਰਪੁਰ ਲਾਂਘਾ ਮੁੜ ਖੁੱਲ੍ਹਣ ਲਈ ਅਰਦਾਸ ਵੀ ਕੀਤੀ।
ਡੇਰਾ ਬਾਬਾ ਨਾਨਕ ਪਹੁੰਚੇ ਸਿੱਧੂ -ਖੇਤੀ ਕਾਨੂੰਨ ਰੱਦ ਕਰਨ ਅਤੇ ਲਾਂਘਾ ਖੁੱਲ੍ਹਣ ਲਈ ਕੀਤੀ ਅਰਦਾਸ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਣ ਦੇ ਦੋ ਸਾਲ ਮੁਕੰਮਲ ਹੋ ਜਾਣ ਮੌਕੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਬਣੇ ਆਰਜ਼ੀ ਦਰਸ਼ਨ ਸਥੱਲ ‘ਤੇ ਪਹੁੰਚੇ। ਸਿੱਧੂ ਨੇ ਪਾਕਿਸਤਾਨ ‘ਚ ਸਥਿਤ ਅਤੇ ਇਸ ਸਰਹੱਦ ਤੋਂ ਥੋੜ੍ਹੀ ਦੂਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਦੀਦਾਰ ਕੀਤੇ।
ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਖੇਤੀ ਕਾਨੂੰਨ ਰੱਦ ਕਰਨ ਲਈ ਅਰਦਾਸ ਵੀ ਕੀਤੀ। ਜ਼ਿਕਰਯੋਗ ਹੈ ਕਿ 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਸਮੀ ਤੌਰ ‘ਤੇ ਕਰਤਾਰਪੁਰ ਕੌਰੀਡੋਰ ਨੂੰ ਖੋਲ੍ਹਿਆ ਗਿਆ ਸੀ, ਜਿਸ ਨੂੰ ਕਰੋਨਾ ਮਹਾਮਰੀ ਦੇ ਚੱਲਦਿਆਂ ਬੰਦ ਕਰ ਦਿੱਤਾ ਗਿਆ ਸੀ, ਜੋ ਅੱਜ ਤੱਕ ਬੰਦ ਹੈ। ਇਸੇ ਦੌਰਾਨ ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਜਿੰਨਾ ਚਿਰ ਸਾਡੀਆਂ ਨਸਾਂ ਵਿਚ ਲਹੂ ਹੈ, ਓਨਾ ਚਿਰ ਇਹ ਵਿਵਾਦਤ ਖੇਤੀ ਕਾਨੂੰਨ ਲਾਗੂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਜਾ ਰਹੇ ਹਾਂ ਅਤੇ ਸਾਡੇ ਜਿਊਂਦੇ ਜੀਅ ਇਹ ਕਾਨੂੰਨ ਲਾਗੂ ਨਹੀਂ ਹੋ ਸਕਦੇ।
ਸ੍ਰੀ ਸਾਲਾਸਰ ਬਾਲਾਜੀ ਧਾਮ ਪਹੁੰਚੇ ਸੁਖਬੀਰ
ਕਿਹਾ, ਸਾਡੀ ਸਰਕਾਰ ਬਣੀ ਤਾਂ ਤੀਰਥ ਯਾਤਰਾ ਯੋਜਨਾ ਚਲਾਵਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੋਟਾਂ ਤੋਂ ਪਹਿਲਾਂ ਧਾਰਮਿਕ ਥਾਵਾਂ ਤੋਂ ਅਸ਼ੀਰਵਾਦ ਲੈਣ ਲਈ ਪਹੁੰਚ ਰਹੇ ਹਨ, ਜਿਸਦੇ ਚਲਦਿਆਂ ਮੰਗਲਵਾਰ ਨੂੰ ਸੁਖਬੀਰ ਬਾਦਲ ਮਾਲਵਾ ਖਿੱਤੇ ਦੇ ਅਕਾਲੀ ਆਗੂਆਂ ਤੇ ਹੋਰ ਲੀਡਰਸ਼ਿਪ ਦੇ ਨਾਲ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਸ੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਅਤੇ ਮਾਤਾ ਅੰਜਨੀ ਮੰਦਰ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ ਨਾਲ ਆਪਸੀ ਭਾਈਚਾਰੇ ਅਤੇ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਅਰਜੋਈ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ‘ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ਜੋ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ, ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਸਾਲਾਸਰ ਬਾਲਾਜੀ ਧਾਮ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਦੇ ਵੀ ਦਰਸ਼ਨ ਕਰਵਾਏ ਜਾਣਗੇ। ਸਲਾਸਰ ਮੰਦਿਰ ਟਰੱਸਟ ਮੈਨੇਜਮੈਂਟ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਸੀਨੀਅਰ ਲੀਡਰਸ਼ਿਪ ਨੂੰ ਸਨਮਾਨਤ ਕੀਤਾ। ਇਸ ਮੌਕੇ ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਐੱਨਕੇ ਸ਼ਰਮਾ, ਸਰੂਪ ਚੰਦ ਸਿੰਗਲਾ, ਪ੍ਰੇਮ ਅਰੋੜਾ, ਪ੍ਰਕਾਸ਼ ਚੰਦ ਗਰਗ, ਜੀਤ ਮਹਿੰਦਰ ਸਿੱਧੂ ਆਦਿ ਆਗੂ ਹਾਜਰ ਸਨ।