ਮੋਦੀ ਦੇ ਸਾਹਮਣੇ ਬਨਾਰਸ ਦੇ ਅਰੁਣ ਨੂੰ ਲੱਗਿਆ ਇਤਿਹਾਸਕ ਟੀਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ 100 ਕਰੋੜ ਵਿਅਕਤੀਆਂ ਨੂੰ ਕਰੋਨਾ ਰੋਕੂ ਵੈਕਸੀਨ ਲਗਾ ਕੇ ਇਤਿਹਾਸ ਰਚ ਦਿੱਤਾ ਹੈ।
ਭਾਰਤ ਵੱਲੋਂ ਇਹ ਅੰਕੜਾ ਵੀਰਵਾਰ ਨੂੰ ਸਵੇਰੇ 9 ਵਜ ਕੇ 47 ਮਿੰਟ ‘ਤੇ ਬਨਾਰਸ ਦੇ ਅੰਗਹੀਣ ਵਿਅਕਤੀ ਅਰੁਣ ਰਾਏ ਨੂੰ 100 ਕਰੋੜਵਾਂ ਟੀਕਾ ਲੱਗਣ ਦੇ ਨਾਲ ਹੀ ਪੂਰਾ ਕਰ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਖੇ ਪਹੁੰਚੇ ਅਤੇ ਇਥੇ ਉਹ ਕਰੀਬ 20 ਮਿੰਟ ਰਹੇ, ਇਥੇ ਉਨ੍ਹਾਂ ਨੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ। ਇਥੇ ਹੀ ਪ੍ਰਧਾਨ ਮੰਤਰੀ ਦੇ ਸਾਹਮਣੇ ਬਨਾਰਸ ਦੇ ਅਰੁਣ ਰਾਏ ਨੂੰ 100 ਕਰੋੜਵਾਂ ਕਰੋਨਾ ਰੋਕੂ ਟੀਕਾ ਲਗਾਇਆ ਗਿਆ। ਇਸ ਪ੍ਰਾਪਤੀ ‘ਤੇ ਵਿਸ਼ਵ ਸਿਹਤ ਸੰਗਠਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਦੇਸ਼ ਦੇ ਵਿਗਿਆਨੀਆਂ ਨੂੰ, ਸਿਹਤ ਕਰਮਚਾਰੀਆਂ ਨੂੰ ਅਤੇ ਆਮ ਜਨਤਾ ਨੂੰ ਵਧਾਈ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਲੰਘੀ 16 ਜਨਵਰੀ ਤੋਂ ਦੇਸ਼ ਵਿਚ ਕਰੋਨਾ ਰੋਕੂ ਵੈਕਸੀਨ ਲੱਗਣੀ ਸ਼ੁਰੂ ਹੋਈ ਸੀ। ਦੇਸ਼ ‘ਚ ਹੁਣ ਤੱਕ 31 ਫੀਸਦੀ ਆਬਾਦੀ ਦੋਵੇਂ ਡੋਜ਼ ਲਗਵਾ ਚੁੱਕੀ ਹੈ। ਦੁਨੀਆ ਭਰ ‘ਚ ਸਿਰਫ਼ ਚੀਨ ਹੀ ਇਕ ਅਜਿਹਾ ਦੇਸ਼ ਹੈ ਜਿੱਥੇ ਭਾਰਤ ਨਾਲੋਂ ਜ਼ਿਆਦਾ ਲੋਕਾਂ ਨੂੰ ਕਰੋਨਾ ਰੋਕੂ ਵੈਕਸੀਨ ਲੱਗ ਚੁੱਕੀ ਹੈ। ਚੀਨ ਨੇ 100 ਕਰੋੜ ਡੋਜ਼ ਦਾ ਇਹ ਅੰਕੜਾ ਸਤੰਬਰ ਮਹੀਨੇ ‘ਚ ਹੀ ਪੂਰਾ ਕਰ ਲਿਆ।