ਅਦਾਲਤ ਨੇ ਪੰਜਾਬ-ਹਰਿਆਣਾ ਹਾਈਕੋਰਟ ਜਾਣ ਦੀ ਦਿੱਤੀ ਸਲਾਹ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਕਰਕੇ ਬੰਦ ਪਏ ਸਿੰਘੂ ਬਾਰਡਰ ਨੂੰ ਖੋਲ੍ਹਣ ਦੀ ਮੰਗ ਕਰਦੀ ਸੋਨੀਪਤ ਦੇ ਵਸਨੀਕਾਂ ਦੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪਟੀਸ਼ਨਰਾਂ ਨੂੰ ਹਾਈਕੋਰਟ ਦਾ ਰੁਖ਼ ਕਰਨ ਲਈ ਆਖ ਦਿੱਤਾ ਹੈ। ਜਸਟਿਸ ਡੀ.ਵਾਈ.ਚੰਦਰਚੂੜ, ਵਿਕਰਮ ਨਾਥ ਤੇ ਹਿਮਾ ਕੋਹਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਪਟੀਸ਼ਨਰਾਂ ਨੂੰ ਹਾਈਕੋਰਟ ਤੇ ਸੂਬਾਈ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਪੂਰੀ ਖੁੱਲ੍ਹ ਹੈ। ਬੈਂਚ ਨੇ ਪਟੀਸ਼ਨ ਵਾਪਸ ਲੈਣ ਬਾਰੇ ਆਖਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਧਿਆਨ ਰਹੇ ਕਿ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਹਜ਼ਾਰਾਂ ਕਿਸਾਨ ਪਿਛਲੇ ਨੌਂ ਮਹੀਨਿਆਂ ਤੋਂ ਦਿੱਲੀ-ਹਰਿਆਣਾ ਤੇ ਦਿੱਲੀ-ਯੂਪੀ ਦੀਆਂ ਸਰਹੱਦਾਂ ’ਤੇ ਮੋਰਚੇ ਲਾਈ ਬੈਠੇ ਹਨ। ਬੈਂਚ ਨੇ ਕਿਹਾ ਕਿ ਇਸ ਮਾਮਲੇ ’ਚ ਦਖ਼ਲ ਦਾ ਸੱਦਾ ਭਰਮਾਊ ਹੈ, ਪਰ ਹਾਈਕੋਰਟਾਂ ਸਥਾਨਕ ਮੁੱਦਿਆਂ ਨਾਲ ਸਿੱਝਣ ਦੇ ਸਮਰੱਥ ਹਨ।