ਪੰਜਾਬ ਸਰਕਾਰ ਖਿਲਾਫ ਹੋਈ ਜੰਮ ਕੇ ਨਾਅਰੇਬਾਜ਼ੀ
ਚੰਡੀਗੜ੍ਹ/ਬਿਊਰੋ ਨਿਊਜ਼
ਅੱਜ ਕੌਮੀ ਡਾਕਟਰ ਦਿਵਸ ਸੀ ਅਤੇ ਇਸ ਮੌਕੇ ਡਾਕਟਰ ਭਾਈਚਾਰਾ ਆਪਣੇ ਸਾਥੀਆਂ ਨੂੰ ਵਧਾਈ ਦਿੰਦਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਅੱਜ ਡਾਕਟਰ ਦਿਵਸ ਮੌਕੇ ਵੀ ਸਰਕਾਰੀ ਡਾਕਟਰਾਂ ਨੇ ਹੜਤਾਲ ਕੀਤੀ ਹੋਈ ਹੈ ਅਤੇ ਇਹ ਹੜਤਾਲ ਪਿਛਲੇ ਤਿੰਨ-ਚਾਰ ਦਿਨਾਂ ਤੋਂ ਚੱਲ ਰਹੀ ਹੈ। ਧਿਆਨ ਰਹੇ ਕਿ ਪੰਜਾਬ ਦੇ ਡਾਕਟਰਾਂ ਨੇ ਛੇਵੇਂ ਤਨਖਾਹ ਕਮਿਸ਼ਨ ਖਿਲਾਫ ਇਹ ਹੜਤਾਲ ਕੀਤੀ ਹੈ। ਪੰਜਾਬ ਦੇ ਸਰਕਾਰੀ ਡਾਕਟਰਾਂ ਨੇ ਅੱਜ ਇਕ-ਦੂਜੇ ਨੂੰ ਵਧਾਈਆਂ ਨਹੀਂ ਦਿੱਤੀਆਂ ਬਲਕਿ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਡਾਕਟਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਹੜਤਾਲ ਹੋਰ ਵੀ ਵਧ ਸਕਦੀ ਹੈ। ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਉਨ੍ਹਾਂ ਦਾ ਹਸਪਤਾਲ ਵਿਚ ਚੈਕਅਪ ਨਹੀਂ ਹੋ ਰਿਹਾ। ਹਸਪਤਾਲਾਂ ਵਿਚ ਪਹੁੰਚ ਰਹੇ ਮਰੀਜ਼ਾਂ ਦਾ ਵੀ ਕਹਿਣਾ ਸੀ ਸਰਕਾਰ ਨੂੰ ਡਾਕਟਰਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰ ਦਿਵਸ ਮੌਕੇ ਟਵੀਟ ਕਰਕੇ ਸਾਰੇ ਡਾਕਟਰਾਂ ਦੀ ਸਖ਼ਤ ਮਿਹਨਤ, ਸਮਰਪਨ ਤੇ ਸੇਵਾ ਭਾਵਨਾ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿਸ ਤਰ੍ਹਾਂ ਡਾਕਟਰਾਂ ਨੇ ਦਿਨ ਰਾਤ ਮਰੀਜ਼ਾਂ ਦੀ ਸੇਵਾ ਕੀਤੀ ਹੈ ਉਸ ਲਈ ਉਹ ਉਨ੍ਹਾਂ ਨੂੰ ਸਲਾਮ ਕਰਦੇ ਹਨ।