ਕਿਹਾ – ਮੈਂ ਆਪਣੇ ਸਟੈਂਡ ’ਤੇ ਅੱਜ ਵੀ ਹਾਂ ਕਾਇਮ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਪੈਦਾ ਹੋਏ ਕਲੇਸ਼ ਨੂੰ ਖਤਮ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੀ ਮੀਟਿੰਗ ਦਿੱਲੀ ਵਿਖੇ ਹੋਈ। ਇਹ ਮੀਟਿੰਗ ਤਿੰਨ ਪੜਾਵਾਂ ਵਿਚ ਹੋ ਰਹੀ ਹੈ, ਜਿਸ ਦਾ ਅੱਜ ਦੂਜਾ ਪੜਾਅ ਸੀ। ਦੂਜੇ ਪੜਾਅ ਦੀ ਮੀਟਿੰਗ ਵਿਚ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਸਮੇਤ 25 ਵਿਧਾਇਕਾਂ ਨੇ ਹਿੱਸਾ ਲਿਆ। ਕੋਟਕਪੂਰਾ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਪਾਰਟੀ ਹਾਈ ਕਮਾਂਡ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਅੱਗੇ ਅੱਜ ਪੇਸ਼ ਹੋਏ। ਸਿੱਧੂ ਨੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੀ ਅਗਵਾਈ ਵਾਲੀ ਕਮੇਟੀ ਨਾਲ ਦੋ ਘੰਟੇ ਮੁਲਾਕਾਤ ਕੀਤੀ। ਸਿੱਧੂ ਨੇ ਮੀਟਿੰਗ ਉਪਰੰਤ ਕਿਹਾ, ‘‘ਮੈਂ ਆਪਣੇ ਸਟੈਂਡ ’ਤੇ ਅੱਜ ਵੀ ਕਾਇਮ ਹਾਂ, ਇਸ ਵਿੱਚ ਕੋਈ ਬਦਲਾਅ ਨਹੀਂ ਆਇਆ।’ ਸਿੱਧੂ ਨੇ ਕਿਹਾ ਕਿ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੀ ਜਿੱਤ ਹੋਵੇਗੀ। ਪੰਜਾਬ ਵਿਰੋਧੀ ਤਾਕਤਾਂ ਨੂੰ ਨਮੋਸ਼ੀ ਝੱਲਣੀ ਪਵੇਗੀ।