ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਕਮੇਟੀ ਦੀ ਲੰਘੇ ਸ਼ਨੀਵਾਰ ਨੂੰ ਹੋਈ ਜ਼ੂਮ-ਮੀਟਿੰਗ ਵਿਚ ਬਰੈਂਪਟਨ ਦੇ ਉੱਘੇ ਗਾਇਕ ਅਤੇ ਰੰਗਕਰਮੀ ਸੰਨੀ ਸ਼ਿਵਰਾਜ ਦੇ ਮਾਤਾ ਜੀ ਜਗਜੀਤ ਕੌਰ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮੀਟਿੰਗ ਦੌਰਾਨ ਮਾਤਾ ਜੀ ਨੂੰ ਯਾਦ ਕਰਦਿਆਂ ਹੋਇਆਂ ਦੋ ਮਿੰਟ ਦਾ ਮੋਨ ਰੱਖਿਆ ਗਿਆ ਅਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮਾਤਾ ਜਗਜੀਤ ਕੌਰ ਪਿਛਲੇ ਤਿੰਨ ਕੁ ਮਹੀਨਿਆਂ ਤੋਂ ਫੇਫੜਿਆਂ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਉਹ ਕਈ ਵਾਰ ਠੀਕ ਹੋ ਜਾਣ ‘ઑਤੇ ਹਸਪਤਾਲੋਂ ਛੁੱਟੀ ਮਿਲ ਜਾਣ ‘ઑਤੇ ਘਰ ਵੀ ਆ ਜਾਂਦੇ ਸਨ। ਪਰ 21 ਮਈ ਦੀ ਸਵੇਰ ਨੂੰ ਉਨ੍ਹਾਂ ਦਾ ਅੰਤ ਸਮਾਂ ਆ ਗਿਆ ਅਤੇ ਉਹ ਤੜਕੇ ਤਿੰਨ ਵਜੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਆਖ਼ਰੀ ਸਾਹ ਆਪਣੇ ਘਰ ਵਿਚ ਹੀ ਲਏ। ਉਨ੍ਹਾਂ ਦੇ ਪੰਜ-ਭੂਤਕ ਸਰੀਰ ਦਾ ਸਸਕਾਰ 24 ਮਈ ਦਿਨ ਸੋਮਵਾਰ ਨੂੰ ਬਰੈਂਪਟਨ ਕਰੇਮੇਟੌਰੀਅਮ ਵਿਚ ਕੀਤਾ ਗਿਆ ਅਤੇ ਉਨ੍ਹਾਂ ਦੇ ਨਮਿਤ ਗੁਰਬਾਣੀ-ਕੀਰਤਨ ਤੇ ਅੰਤਮ-ਅਰਦਾਸ ਡਿਕਸੀ ਗੁਰੂਘਰ ਵਿਚ ਕੀਤੇ ਗਏ।
ਉਹ ਬਹੁਤ ਮਿੱਠ-ਬੋਲੜੇ ਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ ਅਤੇ ਸੰਨੀ ਦੇ ਦੋਸਤਾਂ-ਮਿੱਤਰਾਂ ਨੂੰ ਪੁੱਤਰਾਂ ਵਾਲਾ ਪਿਆਰ ਬਖ਼ਸ਼ਦੇ ਸਨ। ਉਨ੍ਹਾਂ ਦੇ ਜਾਣ ਨਾਲ ਉਹ ਸਾਰੇ ਇਸ ਮਾਤਰੀ-ਸਨੇਹ ਦੀ ਮਹਿਕ ਤੋਂ ਵਿਰਵੇ ਹੋ ਗਏ ਹਨ।
ਉਹ ਪੰਜਾਬੀ ਦੇ ਉੱਘੇ ਪੱਤਰਕਾਰ ਤੇ ਲੇਖਕ ਸੁਰਜਣ ਸਿੰਘ ਜ਼ੀਰਵੀ ਦੇ ਭੈਣ ਜੀ ਸਨ। ਸੰਨੀ ਸ਼ਿਵਰਾਜ ਨਾਲ 647-299-1140 ‘ਤੇ ਸੰਪਰਕ ਕਰਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਜਾ ਸਕਦਾ ਹੈ।