ਕਿਹਾ – ਗਰੀਬਾਂ ਨਾਲ ਹੋ ਰਹੇ ਧੱਕੇ ਨੂੰ ਰੋਕਿਆ ਜਾਵੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਐਮਪੀ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਸੰਸਦ ਵਿਚ ਮਗਨਰੇਗਾ ਮਜ਼ਦੂਰਾਂ ਦਾ ਮੁੱਦਾ ਚੁੱਕਿਆ। ਇਸ ਸਬੰਧੀ ਆਵਾਜ਼ ਬੁਲੰਦ ਕਰਦੇ ਹੋਏ ਭਗਵੰਤ ਮਾਨ ਨੇ ਪ੍ਰਤੀ ਦਿਨ 600 ਰੁਪਏ ਦਿਹਾੜੀ ਦੀ ਮੰਗ ਕੀਤੀ। ਸੰਸਦ ਵਿਚ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਦੀ ਮੌਜੂਦਾ 241 ਰੁਪਏ ਦਿਹਾੜੀ ਬੇਹੱਦ ਘੱਟ ਹੈ ਅਤੇ ਇਹ 600 ਰੁਪਏ ਕੀਤੀ ਜਾਵੇ। ਭਗਵੰਤ ਮਾਨ ਨੇ ਮਗਨਰੇਗਾ ਯੋਜਨਾ ਅਧੀਨ ਗ਼ਰੀਬ ਮਜ਼ਦੂਰਾਂ ਨਾਲ ਹੁੰਦੇ ਧੋਖੇ ਬਾਰੇ ਦੱਸਿਆ ਕਿ ਬਜ਼ੁਰਗ ਮਾਵਾਂ ਸਿਰਾਂ ‘ਤੇ ਬੱਠਲਾਂ ਨਾਲ ਮਿੱਟੀ ਢੋਂਦੀਆਂ ਹਨ ਪਰੰਤੂ ਕੱਚੇ ਰਜਿਸਟਰਾਂ ਉੱਤੇ ਅੰਗੂਠੇ ਲਗਵਾ ਕੇ ਉਨ੍ਹਾਂ ਦੀ ਦਿਹਾੜੀ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਅਨਪੜ੍ਹ ਗ਼ਰੀਬ ਮਜ਼ਦੂਰਾਂ ਨਾਲ ਅਜਿਹੇ ਧੋਖੇ ਸਖ਼ਤੀ ਨਾਲ ਰੋਕੇ ਜਾਣੇ ਚਾਹੀਦੇ ਹਨ।