Breaking News
Home / ਫ਼ਿਲਮੀ ਦੁਨੀਆ / ਸੁਰਾਂ ਦੇ ਸਿਕੰਦਰ

ਸੁਰਾਂ ਦੇ ਸਿਕੰਦਰ

ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ
ਡਾ : ਬਲਵਿੰਦਰ ਸਿੰਘ
ਰੇਡੀਓ ‘ਸਰਗਮ’
416 737 6600
ਜਿਉਂ ਹੀ ਮਨਹੂਸ ਖ਼ਬਰ ਮਿਲੀ ਕਿ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਨੇ ਤਾਂ ਸਰੀਰ ਇਕ ਵਾਰ ਮਾਨੋ ਸੁੰਨ ਜਿਹਾ ਹੋ ਗਿਆ। ਸਰਦੂਲ, ਪੰਜਾਬੀ ਗਾਇਕੀ ਦਾ ਚਮਕਦਾ ਹੋਇਆ ਧਰੂ ਤਾਰਾ ਸਾਨੂੰ ਸਦਾ ਲਈ ਕੁਵੇਲੇ ਅਲ਼ਵਿਦਾ ਕਹਿ ਜਾਵੇਗਾ, ਏਸ ਗੱਲ ਦਾ ਤਸੱਵੁਰ ਕਰਨਾ ਵੀ ਭਾਵੁਕ ਕਰ ਦਿੰਦਾ ਹੈ। ਪਰ ਹੁਣ ਏਸ ਤਲਖ਼ ਹਕੀਕਤ ਨੂੰ ਮੰਨਣਾ ਹੀ ਨਹੀਂ ਪੈਣਾ ਬਲਕਿ ਜਿਉਣਾ ਵੀ ਪਏਗਾ।
ਕਈ ਦਹਾਕੇ ਪਹਿਲਾਂ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਸਰਦੂਲ ਨੂੰ ਜਦੋਂ ਮੁਹੰਮਦ ਸਦੀਕ, ਸੁਰਿੰਦਰ ਸ਼ਿੰਦਾ, ਕੁਲਦੀਪ ਮਾਣਕ ਵਰਗੇ ਘਾਗ ਕਲਾਕਾਰਾਂ ਦੀ ਨਕਲ ਕਰਕੇ ‘ਆ ਗਈ ਰੋਡਵੇਜ਼ ਦੀ ਲਾਰੀ’ ਗੀਤ ਗਾਉਂਦੇ ਸੁਣਿਆ ਤਾਂ ਸੱਚਮੁੱਚ ਹੀ ਸੁਣਨ ਵਾਲਿਆਂ ਨੂੰ ਇਹ ਭੁਲੇਖਾ ਪੈ ਰਿਹਾ ਸੀ ਕਿ ਇਹ ਆਵਾਜ਼ ਸਦੀਕ, ਸ਼ਿੰਦਾ ਜਾਂ ਮਾਣਕ ਦੀ ਸੀ ਜਾਂ ਇਕ ਉਭਰ ਰਹੇ ਨੌਜਵਾਨ ਗਾਇਕ ਸਰਦੂਲ ਸਿਕੰਦਰ ਦੀ, ਤੇ ਓਸ ਵਕਤ ਕਿਸੇ ਨੂੰ ਸ਼ਾਇਦ ਇਹ ਇਲਮ ਵੀ ਨਹੀਂ ਸੀ ਕਿ ਇਹ ਤਾਂ ਕੇਵਲ ਸ਼ੁਰੂਆਤਾਂ ਸਨ ਤੇ ਓਹ ਏਨੀ ਜਲਦੀ ਲੋਕਾਂ ਦਾ ਚਹੇਤਾ ਕਲਾਕਾਰ ਬਣ ਜਾਏਗਾ।
ਬੱਸ ਫੇਰ ਕੀ ਸੀ, ਦੇਖਦੇ ਹੀ ਦੇਖਦੇ ਹਰ ਪਾਸੇ ਸਰਦੂਲ ਦੀ ਪ੍ਰਤਿਭਾ ਦੀ ਚਰਚਾ ਹੋਣ ਲੱਗੀ।
ਉਹਨਾਂ ਸਮਿਆਂ ਵਿੱਚ ਬਹੁਤਾ ਜਲੰਧਰ ਦੂਰਦਰਸ਼ਨ ਹੀ ਦੇਖਿਆ ਜਾਂਦਾ ਹੁੰਦਾ ਸੀ ਤੇ ਟੀ.ਵੀ. ‘ਤੇ ਕਿਸੇ ਨਾ ਕਿਸੇ ਸ਼ੋਅ ਵਿੱਚ ਸਰਦੂਲ ਦੀ ਅਵਾਜ਼ ਦਾ ਜਾਦੂ ਸਕਰੀਨ ਤੋਂ ਬਾਹਰ ਤੱਕ ਡੁੱਲ੍ਹ-ਡੁੱਲ੍ਹ ਜਾਇਆ ਕਰਦਾ।
ਸਰਦੂਲ ਨੇ ਖੁਸ਼ੀਆਂ, ਗਮੀਆਂ, ਪਿਆਰ ਮੁਹੱਬਤ, ਮੇਲ-ਵਿਛੋੜੇ, ਵਿਯੋਗ, ਤਾਹਨੇ-ਮਿਹਣੇ, ਜੰਮਣ-ਮਰਨ, ਦੇਸ-ਪਰਦੇਸ, ਗੱਲ ਕੀ ਹਰ ਮੌਕੇ ਦੇ ਗੀਤ ਗਾਏ ਤੇ ਸਾਰੇ ਹੀ ਬੇਹੱਦ ਮਕਬੂਲ ਹੋਏ।
ਟੀ.ਵੀ. ਦੇਖਦੇ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਜਦ ਸਰਦੂਲ ਦੇ ਐਹੋ ਜਿਹੇ ਗੀਤ ਚੱਲਦੇ ਜਿਵੇਂ ਕਿ ‘ਮਾਂਵਾਂ ਠੰਢੀਆਂ ਛਾਵਾਂ’।
ਤੇ ਓਧਰ ਰੋਟੀ ਰੋਜ਼ੀ ਦੇ ਚੱਕਰਾਂ ਵਿੱਚ ਪਰਦੇਸੀਂ ਗਏ ਲੱਗਭੱਗ ਹਰ ਪੰਜਾਬੀ ਨੂੰ ਸਰਦੂਲ ਦੇ ਗੀਤ ਉਹਨਾਂ ਨੂੰ ਆਪਣੇ ਪਿੰਡਾਂ ਦੀ ਯਾਦ ਕਦੀ ਵੀ ਵਿੱਸਰਨ ਨਾ ਦਿੰਦੇ ‘ਭੁੱਲਦੀ ਨਾ ਯਾਦ ਤੇਰੀ ਪਿੰਡ ਮੇਰਿਆ’।
ਇਹ ਉਹ ਸਮਾਂ ਸੀ, ਜਦੋਂ ਬਾਹਰਲੇ ਮੁਲਕਾਂ ਵਿਚ ਜਾਣ ਦੀ ਹਾਲੀ ਹੋੜ ਨਹੀਂ ਸੀ ਲੱਗੀ ਤੇ ਜਿਹੜੇ ਪੰਜਾਬੀ ਕਿਸੇ ਮਜਬੂਰੀ ਵੱਸ ਆਪਣੇ ਦੇਸ਼ ਨੂੰ ਛੱਡ ਕੇ ਚਲੇ ਵੀ ਗਏ ਸਨ, ਉਹਨਾਂ ਦੇ ਹਰ ਸਾਹ ਵਿੱਚ ਪੰਜਾਬ ਵੱਸਦਾ ਸੀ, ਉਹਨਾਂ ਦੇ ਸੀਨਿਆਂ ਵਿੱਚ ਪੰਜਾਬ ਧੜਕਦਾ ਹੁੰਦਾ ਸੀ ਤੇ ਫਿਰ ਜਦੋਂ ਸਰਦੂਲ ਨੇ ਇਹ ਗੀਤ ਗਾਇਆ ਕਿ ‘ਵੱਖਰਾ ਹੀ ਚਾਅ ਹੁੰਦਾ ਪਿੰਡ ਤੋਂ ਆਈ ਚਿੱਠੀ ਦਾ’। ਤਾਂ ਆਪਣੇ ਘਰ ਤੋਂ ਦੂਰ ਬੈਠੇ ਹਰ ਪੰਜਾਬੀ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਉਹਨਾਂ ਦੇ ਚਾਅ ਦੀ ਹੀ ਗੱਲ ਕਰ ਰਿਹਾ ਹੋਵੇ।
ਸਰਦੂਲ ਦੀ ਆਵਾਜ਼ ਵਿੱਚ ਅੰਤਾਂ ਦਾ ਸੋਜ਼ ਸੀ। ਉਹ ਗੀਤ ਨੂੰ ਮਹਿਜ਼ ਗਾਉਂਦਾ ਹੀ ਨਹੀਂ ਸੀ, ਸਗੋਂ ਉਸ ਵਿੱਚ ਪੂਰੀ ਤਰ੍ਹਾਂ ਖੁੱਭ ਕੇ ਉਹਨੂੰ ਇਸ ਕਦਰ ਨਿਭਾਉਂਦਾ ਸੀ ਕਿ ਗੀਤ ਦੇ ਬੋਲ ਸਰੋਤੇ ਦੀ ਰੂਹ ਤੱਕ ਅਸਰ ਕਰਿਆ ਕਰਦੇ ਸਨ ਤੇ ਕਈ ਵਾਰ ਤਾਂ ਸੁਣਨ ਵਾਲਾ ਧਾਹਾਂ ਮਾਰਨ ਲੱਗ ਪੈਂਦਾ ਸੀ। ਚੇਤਾ ਹੈ ਨਾ ਓਸ ਗੀਤ (ਤੇਰਾ ਉਡਦਾ ਨਹੀਂ ਚੰਦਰਾ ਜਹਾਜ਼ ਵੇ) ਦਾ ਜੀਹਦੇ ਵਿੱਚ ਦੇਸ ਬੈਠੀ ਮਾਂ ਦੀ, ਪਰਦੇਸੀਂ ਬੈਠੇ ਪੁੱਤ ਨੂੰ ਲਿਖੀ ਹੋਈ ਚਿੱਠੀ ਚੰਗੇ ਭਲੇ ਉਡਦੇ ਜਹਾਜ਼ ਨੂੰ ਵੀ ਚੰਦਰਾ ਬਣਾ ਦਿੰਦੀ ਸੀ।
ਸਰਦੂਲ ਦੀਆਂ ਆਪਣੀਆਂ ਸੁਰਾਂ ਦੇ ਤਾਂ ਕਿਆ ਕਹਿਣੇ, ਪਰ ਚਰਨਜੀਤ ਅਹੂਜਾ ਤੇ ਜੈਦੇਵ ਵਰਗੇ ਸੰਗੀਤ ਨਿਰਦੇਸ਼ਕਾਂ ਦੇ ਸੰਗੀਤ ਨੇ ਉਸ ਦੇ ਗੀਤਾਂ ਨੂੰ ਹੋਰ ਵੀ ਨਿਖਾਰ ਦੇਣਾ ਤੇ ਚਾਰ ਚੰਨ ਲਾ ਦੇਣੇ।
ਸਰਦੂਲ ਦੇ ਗੀਤ (ਸਜ ਕੇ ਨਾ ਨਿਕਲੋ ਸੁਹਣਿਓ, ਮੌਸਮ ਖਰਾਬ ਹੈ) ਸੁਣ ਕੇ ਤਿਆਰ ਬਰ ਤਿਆਰ ਹੋਈ ਮੁਟਿਆਰ ਵੀ ਪਲ ਭਰ ਲਈ ਰੁਕ ਜਾਂਦੀ ਤੇ ਬਾਹਰ ਝਾਤੀ ਮਾਰਦੀ ਕਿ ਮਤੇ ਮੌਸਮ ਸੱਚੀਂ ਏਨਾ ਖਰਾਬ ਤੇ ਨਹੀਂ।
ਗੀਤ ਭਾਵੇਂ ਨੱਚਣ ਟੱਪਣ ਵਾਲੇ ਹੁੰਦੇ ਤੇ ਭਾਵੇਂ ਕਿਸੇ ਮਾਹੌਲ ਨੂੰ ਗਮਗੀਨ ਕਰਨ ਵਾਲੇ ਹੁੰਦੇ, ਸਰਦੂਲ ਹਰ ਗੀਤ ਨਾਲ਼ ਇਨਸਾਫ ਕਰਦਾ। ਉਹਨਾਂ ਵੇਲਿਆਂ ਵਿੱਚ ਵਿਆਹ-ਸ਼ਾਦੀ ਦੇ ਮੌਕੇ ਤਿਆਰ ਕੀਤੀਆਂ ਜਾਂਦੀਆਂ ਵੀਡੀਓਜ਼ ਵਿੱਚ ਡੋਲੀ ਦੇ ਮੌਕੇ ਨੂੰ ਦਰਸਾਉਣ ਲਈ ਕਾਲਜੇ ‘ਚ ਧੂਹ ਪਾਉਣ ਵਾਲਾ ਇਹ ਗੀਤ (ਮਾਏ ਦੇਖ ਦੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ) ਲੋਕਾਂ ਨੂੰ ਅੱਜ ਤੱਕ ਯਾਦ ਹੈ।
ਜਵਾਨੀ ਦੇ ਦਿਨਾਂ ਵਿੱਚ ਕੰਨ ਲਾ-ਲਾ ਕੇ ਸੁਣੇ ਜਾਣ ਵਾਲੇ ਗੀਤਾਂ (ਜਿਵੇਂ ਕਿ ਇਕ ਖ਼ਤ ਸੱਜਣਾ ਵੇ ਸਾਡੇ ਨਾਂ ਲਿਖ ਦੇ) ਨੇ ਸਰਦੂਲ ਨੂੰ ਨੌਜਵਾਨ ਦਿਲਾਂ ਦੀ ਧੜਕਣ ਬਣਾ ਦਿੱਤਾ। ਪਿੰਡਾਂ ਵਿੱਚ ਅਖਾੜਿਆਂ ਦੇ ਨਾਲ-ਨਾਲ ਕਾਲਜਾਂ ਵਿੱਚ ਪੜ੍ਹਨ ਵਾਲੇ ਮੁੰਡੇ ਕੁੜੀਆਂ ਵੀ ਉਹਦੇ ਗੀਤਾਂ ਦੇ ਦੀਵਾਨੇ ਹੋ ਗਏ।
ਤੇ ਓਧਰ ਆਪਣੇ ਪਿਆਰ ਨੂੰ ਬਣਦਾ ਹੁੰਗਾਰਾ ਨਾ ਮਿਲਦਾ ਹੋਣ ਕਰਕੇ, ਅਫ਼ਸੋਸੇ ਹੋਏ ਪ੍ਰੇਮੀਆਂ ਦੇ ਸ਼ਿਕਵਿਆਂ ਨੂੰ ਸਰਦੂਲ ਆਪਣੀ ਆਵਾਜ਼ ਦਿੰਦਾ, ‘ਫੁੱਲਾਂ ਦੀਏ ਕੱਚੀਏ ਵਪਾਰਨੇ,
ਕੰਡਿਆਂ ਦੇ ਭਾਅ ‘ਚ ਸਾਨੂੰ ਤੋਲ ਨਾ।’
ਕਿਸੇ ਵੀ ਗਾਇਕ ਦੀ ਮਕਬੂਲੀਅਤ ਇਸ ਗੱਲ ਤੋਂ ਪਹਿਚਾਣੀ ਜਾ ਸਕਦੀ ਹੁੰਦੀ ਹੈ ਕਿ ਉਹਦੇ ਗੀਤ ਹਰ ਉਮਰ ਦੇ ਲੋਕ ਸੁਣਦੇ ਹੋਣ। ਬਿਨਾ ਸ਼ੱਕ ਇਹ ਸਿਹਰਾ ਸਰਦੂਲ ਦੇ ਸਿਰ ਬੱਝਦਾ ਸੀ। ਉਹਨੇ ਹਰ ਵਰਗ ਦੇ ਸਰੋਤਿਆਂ ਲਈ ਗੀਤ ਗਾਏ। ਪਿੰਡਾਂ ਦੀ ਸੱਥਾਂ ਵਿੱਚ ਸੁਣੇ ਜਾਣ ਤੋਂ ਲੈ ਕੇ ਸ਼ਹਿਰੀ ਤਬਕੇ ਦੇ ਲੋਕਾਂ ਤੱਕ ਸਰਦੂਲ ਦੀ ਆਵਾਜ਼ ਦਾ ਜਾਦੂ ਛਾਇਆ ਪਿਆ ਸੀ। ਪਰ ਫਿਰ ਵੀ ਉਹੀ ਗਾਇਕ ਚੰਗੀ ਕਮਾਈ ਕਰਦਾ ਜੀਹਦੇ ਗੀਤ ਨੌਜਵਾਨ ਵੱਧ ਸੁਣਦੇ, ਕਿਉਂਕਿ ਇਹੀ ਵਰਗ ਕੈਸਟਾਂ ਖਰੀਦਦਾ ਤੇ ਕਾਲਾਕਾਰ ਦੀ ਮਸ਼ਹੂਰੀ ਵਿੱਚ ਵਾਧਾ ਹੁੰਦਾ। ਹੁਣ ਉਹਨਾਂ ਸਮਿਆਂ ਵਿੱਚ ਭਲਾ ਐਸ ਗੀਤ ਨੂੰ
(ਨਜ਼ਰਾਂ ਤੋਂ ਗਿਰ ਗਈ ਕੀ ਕਰੀਏ)
ਕਿਹੜੇ ਮੁੰਡੇ ਨੇ ਅਣਗਿਣਤ ਵਾਰ ਨਾ ਸੁਣਿਆ ਹੋਊ?
ਇਹ ਜਵਾਨੀ ਦੇ ਦਿਨ ਹੀ ਹੁੰਦੇ ਨੇ ਜਦੋਂ ਪਿਆਰ-ਮੁਹੱਬਤ ਵਿੱਚ ਗੜੁੱਚ ਦੋ ਪ੍ਰੇਮੀ ਇਕ ਦੂਜੇ ਲਈ ਜਾਨ ਵਾਰਨ ਲਈ ਤਿਆਰ ਹੋ ਜਾਂਦੇ ਨੇ। ਉਮਰ ਭਰ ਸਾਥ ਨਿਭਾਉਣ ਦੇ ਵਾਅਦੇ ਕਰਦੇ ਨੇ, ਪਰ ਪਿਆਰ ਤੋੜ ਨਾ ਚੜ੍ਹਨ ‘ਤੇ ਬਥੇਰੇ ਪ੍ਰੇਮੀ ਆਪਣੇ ਇਕੱਲੇ ਪਣ ਨੂੰ ਅਕਸਰ ਸਰਦੂਲ ਦੇ ਏਸ ਗੀਤ ਨਾਲ ਗੁਜ਼ਾਰਦੇ ‘ਅਸੀਂ ਕੱਲਿਆ ਬੈਠ ਕੇ ਰੋਣਾ ਜਿੰਦੇ ਤੈਨੂੰ ਯਾਦ ਕਰਕੇ’।
ਆਸਾਂ ਉਮੀਦਾਂ ‘ਤੇ ਖਰੇ ਨਾ ਉਤਰਨ ਵਾਲਿਆਂ ਅਤੇ ਕੀਤੇ ਕੌਲਾਂ ਨੂੰ ਭੁਲਾ ਦੇਣ ਵਾਲੇ ਬੇਵਫ਼ਾ ਲੋਕਾਂ ਨੂੰ ਸਿਲੇ ਵਿੱਚ ਕੇਵਲ ਨਿਹੋਰੇ ਹੀ ਮਿਲਿਆ ਕਰਦੇ ਨੇ। ਐਹੋ ਜਿਹੇ ਵਕਤਾਂ ਵਿੱਚ ਟੁੱਟੇ ਹੋਏ ਦਿਲਾਂ ਨੂੰ ਸਰਦੂਲ ਦੇ ਗੀਤ ਕੁਝ ਧਰਵਾਸ ਦਿੰਦੇ ਤੇ ਉਹ ਇਹਨਾਂ ਤਾਹਨਿਆਂ ਵਿੱਚੋਂ ਕੁਝ ਸਕੂਨ ਲੱਭਣ ਦੀ ਕੋਸ਼ਿਸ਼ ਕਰਦੇ।
‘ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ, ਤੇਰੇ ਕੋਲੋਂ ਯਾਰਾ ਸਾਨੂੰ ਐਹੋ ਜਿਹੀ ਉਮੀਦ ਨਹੀਂ ਸੀ।’
ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਗੀਤਕਾਰ ਦੇ ਲਿਖੇ ਹੋਏ ਤੇ ਕਿਸੇ ਵੀ ਗਾਇਕ ਦੇ ਗਾਏ ਹੋਏ ਉਹ ਗੀਤ ਵੱਧ ਦੇਰ ਤੱਕ ਚੇਤਿਆਂ ‘ਚ ਰਹਿੰਦੇ ਨੇ, ਜਿਹਨਾਂ ਵਿੱਚ ਇਕ ਉਦਾਸੀ ਦਾ ਆਲਮ ਹੋਵੇ, ਜੋ ਦਿਲ ਦੇ ਕਿਸੇ ਕੋਨੇ ਵਿੱਚ ਦੱਬੇ ਹੋਏ ਦਰਦਾਂ ਨੂੰ ਫਿਰ ਤੋਂ ਉਜਾਗਰ ਕਰ ਦੇਣ ਤੇ ਜਾਂ ਜ਼ਖ਼ਮੀ ਦਿਲ ‘ਤੇ ਮੱਲ੍ਹਮ ਲਗਾਉਣ ਦਾ ਕੰਮ ਕਰਦੇ ਮਹਿਸੂਸ ਹੋਣ। ਐਹੋ ਜਿਹੇ ਗੀਤਾਂ ਨੂੰ ਗਾਉਣ ਵਿੱਚ ਸਰਦੂਲ ਦੀ ਝੰਡੀ ਸੀ। ਕਰੋ ਖਾਂ ਯਾਦ ਜ਼ਰਾ ਓਹਦੇ ਚੋਣਵੇਂ ਗੀਤਾਂ ਨੂੰ।
‘ਕਾਹਤੋਂ ਠੋਕਰਾਂ ਤੂੰ ਮਾਰੇਂ’, ‘ਜਦੋਂ ਉਜੜੀਆਂ ਸਾਡੀਆਂ ਸੱਧਰਾਂ ਨੀ ਹੱਥਾਂ ਵਿੱਚ ਤੋਹਫੇ ਫੜੇ ਰਹੇ’, ‘ਸਾਡੇ ਲੇਖਾਂ ਵਿੱਚ ਪਿਆਰ ਦੀ ਲਕੀਰ ਹੀ ਨਹੀਂ . . .’, ‘ਸਾਡਿਆਂ ਪਰਾਂ ਤੋਂ ਸਿੱਖੀ ਉਡਣਾ ਬਹਿਗੀ ਹੋਰ ਕਿਤੇ ਆਲ੍ਹਣਾ ਬਣਾ ਕੇ’, ‘ਤੈਨੂੰ ਦੇਖ ਲਾਂਗੇ, ਤੈਨੂੰ ਦੇਖ ਲਾਂਗੇ ਤੂੰ ਕਿੱਥੋਂ ਤੱਕ ਨਿਭਾਉਂਦੀ ਏਂ’, ‘ਲੱਗੀਆਂ ਦੇ ਦੁੱਖ ਚੰਦਰੇ ‘, ‘ਨੀ ਤੂੰ ਟਿਕਟ ਕਰਾ ਲਈ ਚੋਰੀ ਚੋਰੀ ਨੀ ਤੁਰ ਗਈ ਜਹਾਜ਼ ਚੜ੍ਹ ਕੇ’, ‘ਸਿੱਖ ਲਾ ਕਲਹਿਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ’ ਤੇ ਕਿੰਨੇ ਹੀ ਹੋਰ।
ਸਰਦੂਲ ਸਿਕੰਦਰ ਦੇ ਕਿਹੜੇ ਕਿਹੜੇ ਗੀਤ ਦਾ ਜ਼ਿਕਰ ਕਰੀਏ, ਇਕ ਤੋਂ ਵੱਧ ਕੇ ਇਕ ਆਪਣੀਆਂ ਸੁਰਾਂ ‘ਤੇ ਪੂਰੀ ਤਰ੍ਹਾਂ ਕਾਬੂ ਰੱਖਣ ਦੀ ਕਾਬਲੀਅਤ ਦੇ ਮਾਲਕ ਸਰਦੂਲ ਨੇ ਜੋ ਵੀ ਗਾਇਆ ਬਾਕਮਾਲ ਗਾਇਆ। ਉਹਨੇ ਉਚੀ ਹੇਕ ਵਾਲੇ ਗੀਤ ਵੀ ਗਾਏ ਤੇ ਧੀਮੀ ਸੁਰ ਵਾਲ਼ਿਆਂ ਨੂੰ ਵੀ ਖ਼ੂਬ ਨਿਭਾਇਆ। ਪਰ ਇਹਨਾਂ ਵਿੱਚੋਂ ਅਸੀਂ ਘੱਟੋ ਘੱਟ ਦੋ ਗੀਤਾਂ ਦੀ ਗੱਲ ਕਰਨੀ ਚਾਹਾਂਗੇ, ਜੋ ਕਿ ਮੁਕਾਬਲਤਨ ਵੱਧ ਠਰੰਮੇ ਨਾਲ ਗਾਏ ਗਏ। ਇਹਨਾਂ ਵਿੱਚੋਂ ਇਕ ਆ ਆਹ…
‘ਨੀ ਕੀਹਦੇ ਪਿਆਰ ਨੂੰ ਪਰਖੇਂ ਤੂੰ
ਭੰਨ ਭੰਨ ਵੰਗਾਂ ਦੇ ਟੋਟੇ’
ਤੇ ਦੂਜਾ ਇਹ …
‘ਜਿਹੜੇ ਮਿਰਜ਼ੇ ਨੇ ਵਰਤੇ ਈ ਨਾ
ਓਹਨਾਂ ਤੀਰਾਂ ਦਾ ਕੀ ਕਰਨਾ’
ਜਦੋਂ ਆਪਾਂ ਸਰਦੂਲ ਦੀ ਗਾਇਕੀ ਦੀ ਮਕਬੂਲੀਅਤ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਗੀਤਕਾਰਾਂ ਦਾ ਵੀ ਬੜਾ ਵੱਡਾ ਯੋਗਦਾਨ ਰਿਹਾ।
ਕਿਸੇ ਵੀ ਗੀਤ ਨੂੰ ਸੁਰੀਲੇ ਢੰਗ ਨਾਲ਼ ਗਾਉਣਾ ਇਕ ਗੱਲ ਹੁੰਦੀ ਹੈ ਤੇ ਕਿਸੇ ਵਧੀਆ ਗੀਤ ਨੂੰ ਮਿੱਠੇ ਅਲਾਪਾਂ ਦੀ ਛੋਹ ਦੇ ਕੇ ਸਰੋਤਿਆਂ ਨੂੰ ਕੀਲ ਲੈਣਾ ਬਿੱਲਕੁੱਲ ਦੂਜੀ ਗੱਲ ਹੁੰਦੀ ਆ। ਏਸ ਲਈ ਗੀਤ ਲਿਖਣ ਵਾਲੇ ਵੀ ਵਧਾਈ ਦੇ ਹੱਕਦਾਰ ਨੇ ਕਿਉਂਕਿ ਸਰਦੂਲ ਨੂੰ ਸਿਖਰਾਂ ‘ਤੇ ਪਹੁੰਚਾਉਣ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ। ਕੀਹਨੂੰ ਭੁੱਲਣਾ ਆਹ ਗੀਤ …
‘ਹਾਸੇ ਨਾਲ਼ ਸੀ ਚਲਾਵਾਂ ਫੁੱਲ ਮਾਰਿਆ
ਗੋਰੀ ਗੱਲ੍ਹ ਉਤੇ ਨੀਲ ਪਿਆ’
ਕਿਸੇ ਵੀ ਸਮਾਜ ਵਿੱਚ ਆਪਸੀ ਰਿਸ਼ਤਿਆਂ ਦੀ ਬੜੀ ਅਹਿਮੀਅਤ ਹੋਇਆ ਕਰਦੀ ਆ। ਨਜ਼ਰ ਮਾਰੀਏ ਤਾਂ ਜੇਠ, ਛੜੇ, ਸੱਸ, ਨੂੰਹ, ਭਰਜਾਈ, ਜੀਜਾ-ਸਾਲੀ ਦੇ ਰਿਸ਼ਤੇ ਨੂੰ ਲੈ ਕੇ ਅਨੇਕਾਂ ਗੀਤ ਲਿਖੇ ਤੇ ਗਾਏ ਗਏ ਨੇ ਤੇ ਉਹਨਾਂ ਨੂੰ ਸੁਣਿਆਂ ਵੀ ਗਿਆ ਆ, ਪ੍ਰੰਤੂ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਲੈ ਕੇ ਜੋ ਗੀਤ ਸਰਦੂਲ ਨੇ ਭਾਬੀਆਂ ਦੇ ਸਬੰਧ ਵਿੱਚ ਗਾਇਆ ਓਹ ਸ਼ਾਇਦ ਆਪਣੀ ਮਿਸਾਲ ਆਪ ਹੈ ‘ਜੁੱਗ ਜੁੱਗ ਜਿਊਣ ਭਾਬੀਆਂ’। ਸਰਦੂਲ ਨੇ ਬਹੁਤ ਗੀਤ ਸੋਲੋ ਗਾਏ। ਸੁਖਵਿੰਦਰ ਨਾਲ਼ ਵੀ ਗਾਇਆ, ਹੰਸ ਰਾਜ ਹੰਸ ਨਾਲ਼ ਵੀ ਗਾਇਆ, ਫਿਲਮਾਂ ਵਿੱਚ ਵੀ ਗਾਇਆ, ਪਰ ਅਮਰ ਨੂਰੀ ਨਾਲ਼ ਸ਼ਾਦੀ ਉਪਰੰਤ ਉਹਨਾਂ ਦੇ ਗੀਤਾਂ ਨੇ ਇਸ ਗਾਇਕ ਜੋੜੀ ਦੀ ਦੁਨੀਆਂ ਭਰ ਵਿੱਚ ਧਾਂਕ ਜਮਾ ਦਿੱਤੀ। ਉਹਨਾਂ ਦੀਆਂ ਸਟੇਜਾਂ ਇੰਜ ਲੱਗਦੀਆਂ ਜਿਵੇਂ ਟੀਵੀ ਉਪਰ ਕੋਈ ਸ਼ੋਅ ਦੇਖ ਰਹੇ ਹੋਈਏ।
ਉਂਜ ਤਾਂ ਦੋਨਾਂ ਨੇ ਰਲ਼ ਕੇ ਬੜੇ ਗੀਤ ਰਿਕਾਰਡ ਕਰਵਾਏ, ਪਰ ਪੰਜਾਬ ਵਿੱਚ ਬੱਸ ਦੇ ਸਫਰ ਦੌਰਾਨ ਹਰ ਸੜਕ ਦੇ ਕਿਨਾਰੇ ਲੱਗੇ ਹੋਏ ਸਫੈਦਿਆਂ ਨੂੰ ਦੇਖ ਕੇ ਸ਼ਾਇਦ ਹੀ ਕੋਈ ਜਵਾਨ ਧੜਕਣ ਹੋਵੇ ਜੀਹਨੂੰ ਇਹ ਗੀਤ ਆਪਣਾ ਆਪਣਾ ਨਾ ਲੱਗਿਆ ਹੋਵੇ, ‘ਤੇਰਾ ਲਿਖ ਦੂੰ ਸਫੈਦਿਆਂ ‘ਤੇ ਨਾ ਜਿੰਨੇ ਵੀ ਜੀ.ਟੀ. ਰੋਡ ਦੇ ਉਤੇ’।
ਪਰ ਅੱਜ ਸਰਦੂਲ ਦੀ ਜੀਵਨ-ਸਾਥਣ ਅਮਰ ਨੂਰੀ ਇਕੱਲੀ ਰਹਿ ਗਈ ਹੈ। ਉਸ ਦੇ ਦੋਨੋ ਬੱਚਿਆਂ ਦੇ ਸਿਰਾਂ ਤੋਂ ਬਾਪ ਦਾ ਸਾਇਆ ਉਠ ਗਿਆ ਹੈ।
ਸਰਦੂਲ ਨੇ ਜਦੋਂ ਇਹ ਗੀਤ ਗਾਇਆ ਹੋਏਗਾ ਤਾਂ ਉਹਨੂੰ ਜਾਂ ਉਹਦੇ ਪਰਿਵਾਰ ਨੂੰ ਰੱਤੀ ਭਰ ਵੀ ਸਾਰ ਨਹੀਂ ਸੀ ਕਿ ਇਕ ਦਿਨ ਨੂਰੀ ਤੇ ਬੱਚੇ ਏਸ ਗੀਤ ਨੂੰ ਯਾਦ ਕਰਕੇ ਭੁੱਬਾਂ ਮਾਰ ਮਾਰ ਕੇ ਰੋਇਆ ਕਰਨਗੇ।
‘ਏਨਾ ਨਾ ਪਿਆਰ ਕਰ ਝੱਲਾ ਕਿਤੇ ਹੋ ਜਾਵਾਂ … ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ ਨੀ’। ਸਰਦੂਲ ਦਾ ਵਿਛੋੜਾ ਸਭ ਉਹਨਾਂ ਲੋਕਾਂ ਨੂੰ ਲੰਮੇ ਸਮੇਂ ਤੱਕ ਸਤਾਉਂਦਾ ਰਹੇਗਾ, ਜਿਹਨਾਂ ਨੂੰ ਉਹਨਾਂ ਦੀਆਂ ਸੁਰਾਂ ਨਾਲ਼ ਮੋਹ ਸੀ। ਜਿਹਨਾਂ ਜਿਹਨਾਂ ਨੇ ਵੀ ਉਹਨਾਂ ਦੀ ਮਹਿਫ਼ਲ ਮਾਣੀ ਹੋਏਗੀ, ਉਹ ਕਦੀ ਵੀ ਸਰਦੂਲ ਦੇ ਮਿਲਾਪੜੇ ਸੁਭਾਅ ਦੀਆਂ ਯਾਦਾਂ ਨੂੰ ਵਿਸਾਰ ਨਹੀਂ ਸਕਣਗੇ। ਗਾਇਕ ਪਹਿਲਾਂ ਵੀ ਬੜੇ ਹੋਏ ਨੇ, ਹਨ ਵੀ, ਅਤੇ ਆਉਂਦੇ ਵੀ ਰਹਿਣੇ ਨੇ, ਪਰ ਸ਼ਾਇਦ ਹੀ ਕੋਈ ਸਰਦੂਲ ਦਾ ਸਾਨੀ ਹੋ ਸਕੇ। ਬੇਸ਼ੱਕ ਸਰਦੂਲ ਜਿਸਮਾਨੀ ਤੌਰ ‘ਤੇ ਸਾਡੇ ਦਰਮਿਆਨ ਨਹੀਂ ਹੋਏਗਾ, ਪਰ ਉਹਦੀ ਮਿੱਠੀ ਤੇ ਸੁਰੀਲੀ ਆਵਾਜ਼ ਸੰਗੀਤ ਪ੍ਰੇਮੀਆਂ ਦੇ ਕੰਨਾਂ ਵਿੱਚ ਹਮੇਸ਼ਾ ਰਸ ਘੋਲਦੀ ਰਹੇਗੀ।
ਅਸੀਂ ਟੋਰਾਂਟੋ ਤੋਂ ਪ੍ਰਸਾਰਿਤ ਹੁੰਦੇ ਰੇਡੀਓ ਪ੍ਰੋਗਰਾਮ ਸਰਗਮ ਵੱਲੋਂ ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
ੲੲੲ

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …