Breaking News
Home / ਭਾਰਤ / ਭਾਰਤ ‘ਚ ਜਾਇਦਾਦ ਦੀ ਵੰਡ ਬਹੁਤ ਪੱਖਪਾਤੀ

ਭਾਰਤ ‘ਚ ਜਾਇਦਾਦ ਦੀ ਵੰਡ ਬਹੁਤ ਪੱਖਪਾਤੀ

ਭਾਜਪਾ ਦੇ ਰਾਜ ‘ਚ ਅਮੀਰ-ਗਰੀਬ ਵਿਚਾਲੇ ਪਾੜਾ ਵਧਿਆ : ਰਾਹੁਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤਾਮਿਲਨਾਡੂ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ‘ਚ ਭਾਰਤੀ ਜਨਤਾ ਪਾਰਟੀ ਦੇ ਰਾਜ ਦੌਰਾਨ ਅਮੀਰਾਂ ਤੇ ਗਰੀਬਾਂ ਵਿਚਾਲੇ ਪਾੜਾ ਬਹੁਤ ਵੱਧ ਗਿਆ ਹੈ। ਚੋਣ ਪ੍ਰਚਾਰ ਤਹਿਤ ਦੱਖਣੀ ਤਾਮਿਲਨਾਡੂ ਦੀ ਯਾਤਰਾ ਦੇ ਦੂਜੇ ਦਿਨ ਕਾਂਗਰਸ ਆਗੂ ਨੇ ਲੂਣ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਇੱਕ ਮਹਿਲਾ ਨੇ ਜਦੋਂ ਸਾਲ ਦੇ ਉਨ੍ਹਾਂ ਚਾਰ ਮਹੀਨਿਆਂ ਲਈ ਸਰਕਾਰ ਤੋਂ ਵਿੱਤੀ ਮਦਦ ਮੰਗੀ ਜਦੋਂ ਉਨ੍ਹਾਂ ਕੋਲ ਲੂਣ ਬਣਾਉਣ ਦਾ ਕੰਮ ਨਹੀਂ ਹੁੰਦਾ ਤਾਂ ਰਾਹੁਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਹੇਠਲੇ ਯੂਪੀਏ ਗੱਠਜੋੜ ਕੋਲ ਅਜਿਹੇ ਮੁੱਦਿਆਂ ਨਾਲ ਨਜਿੱਠਣ ਦਾ ਵਿਚਾਰ ਸੀ। ਉਨ੍ਹਾਂ ਕਿਹਾ ਕਿ ਜਦੋਂ ਯੂਪੀਏ ਸਰਕਾਰ ਤਹਿਤ ਅਸੀਂ ਸੱਤਾ ‘ਚ ਸੀ ਤਾਂ ਅਸੀਂ ਦੇਖਿਆ ਕਿ ਭਾਰਤ ‘ਚ ਜਾਇਦਾਦ ਦੀ ਵੰਡ ਬਹੁਤ ਪੱਖਪਾਤ ਵਾਲੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਕੁਝ ਲੋਕ ਤਾਂ ਬਹੁਤ ਜ਼ਿਆਦਾ ਅਮੀਰ ਹੋ ਰਹੇ ਹਨ ਜਦਕਿ ਕਈ ਲੋਕ ਗਰੀਬ ਹਨ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਕੇਂਦਰ ‘ਚ ਭਾਜਪਾ ਦੇ ਸੱਤਾ ‘ਚ ਆਉਣ ਨਾਲ ਇਹ ਪਾੜਾ ਬਹੁਤ ਜ਼ਿਆਦਾ ਵੱਧ ਗਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਕੋਲ ਇਸ ਸਮੱਸਿਆ ਨਾਲ ਨਜਿੱਠਣ ਦਾ ਵਿਚਾਰ ਹੈ। ਦੇਸ਼ ਦੇ ਹਰ ਗਰੀਬ ਪਰਿਵਾਰ ਲਈ ਘੱਟੋ ਘੱਟ ਆਮਦਨ (ਨਿਆਂ) ਯੋਜਨਾ ਦੀ ਧਾਰਨਾ ਹੀ ਇਹੀ ਸੀ ਕਿ ਜਿਸ ਮਿਆਦ ‘ਚ ਮਜ਼ਦੂਰਾਂ ਕੋਲ ਕੰਮ ਨਾ ਹੋਵੇ ਤਾਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਗਰੀਬੀ ‘ਚੋਂ ਬਾਹਰ ਕੱਢਣ ਲਈ ਹਰ ਸਾਲ ਬੈਂਕ ਖਾਤੇ ‘ਚ 72 ਹਜ਼ਾਰ ਰੁਪਏ ਮਿਲ ਜਾਂਦੇ ਭਾਵੇਂ ਉਨ੍ਹਾਂ ਦਾ ਸੂਬਾ, ਭਾਸ਼ਾ ਜਾਂ ਧਰਮ ਕੁਝ ਵੀ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਕੇਂਦਰ ‘ਚ ਸੱਤਾ ‘ਚ ਆਵੇਗੀ ਤਾਂ ਨਿਆਂ ਯੋਜਨਾ ਲਾਗੂ ਕੀਤੀ ਜਾਵੇਗੀ ਤਾਂ ਜੋ ਮਜ਼ਦੂਰਾਂ ਦੀ ਆਮਦਨ ਦੀ ਫਿਕਰ ਦੂਰ ਹੋ ਸਕੇ। ਇਸੇ ਤਰ੍ਹਾਂ ਤਿਰੂਨੇਲਵੇਲੀ ਦੇ ਸੇਂਟ ਜ਼ੇਵੀਅਰ ਕਾਲਜ ‘ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਅਜਿਹਾ ਭਿਆਨਕ ਦੁਸ਼ਮਣ ਕਰਾਰ ਦਿੱਤਾ ਜੋ ਆਪਣੇ ਵਿਰੋਧੀਆਂ ਨੂੰ ਖਤਮ ਕਰ ਦਿੰਦਾ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪ੍ਰੇਮ ਦੇ ਅਹਿੰਸਾ ਦੇ ਰਾਹ ‘ਤੇ ਚੱਲ ਕੇ ਮੋਦੀ ਨੂੰ ਸਿਆਸੀ ਗੁੰਮਨਾਮੀ ‘ਚ ਭੇਜਣ ਦਾ ਅਹਿਦ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਜਪਾ ਨੂੰ ਹਰਾਉਣ ਲਈ ਲੋਕਾਂ ਦੀ ਹਮਾਇਤ ਦੀ ਆਸ ਕਰਦੇ ਹਨ। ਰਾਹੁਲ ਨੇ ਕਿਹਾ, ‘ਅਸੀਂ ਇੱਕ ਅਜਿਹੇ ਭਿਆਨਕ ਦੁਸ਼ਮਣ ਨਾਲ ਲੜ ਰਹੇ ਹਾਂ ਜੋ ਇਸ ਦੇਸ਼ ‘ਚ ਪੈਸੇ ਨੂੰ ਹਾਵੀ ਕਰ ਰਿਹਾ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …