Breaking News
Home / ਮੁੱਖ ਲੇਖ / ਗੁਰਬਾਣੀ ਗਿਆਨ ਦੇ ਪ੍ਰਸਾਰ ਨੂੰ ਨਵੀਂ ਦਿਸ਼ਾ

ਗੁਰਬਾਣੀ ਗਿਆਨ ਦੇ ਪ੍ਰਸਾਰ ਨੂੰ ਨਵੀਂ ਦਿਸ਼ਾ

ਦੇ ਸਕਦੇ ਹਨ ਪਾਠ ਬੋਧ ਸਮਾਗਮ
ਤਲਵਿੰਦਰ ਸਿੰਘ ਬੁੱਟਰ
ਪਿਛਲੇ ਸਮੇਂ ਦੌਰਾਨ ਧਰਮ ਪ੍ਰਚਾਰ ਦੀ ਅਜੋਕੇ ਪ੍ਰਸੰਗ ‘ਚ ਪਿੰਡਾਂ-ਸ਼ਹਿਰਾਂ ਵਿਚ ਸਹੀ ਪਹੁੰਚ ਨਾ ਹੋ ਸਕਣ ਕਾਰਨ ਜਿੱਥੇ ਜਾਤਾਂ-ਪਾਤਾਂ ਅਤੇ ਰਾਜਨੀਤਕ ਧੜਿਆਂ ਦੇ ਆਧਾਰ ‘ਤੇ ਇਕ-ਇਕ ਪਿੰਡ ‘ਚ ਕਈ-ਕਈ ਗੁਰਦੁਆਰਾ ਸਾਹਿਬ ਉਸਾਰੇ ਗਏ, ਉਥੇ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਅਸਿੱਖਿਅਤ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਗੁਰਬਾਣੀ ਦੇ ਚਾਨਣ ਨੂੰ ਸਹੀ ਰੂਪ ਵਿਚ ਮਨੁੱਖਤਾ ਵਿਚ ਵੰਡਣ ਦੀਆਂ ਅਹਿਮ ਜ਼ਿੰਮੇਵਾਰੀਆਂ ਤੋਂ ਅਨਜਾਣ ਦੇਖੇ ਜਾਂਦੇ ਰਹੇ ਹਨ। ਹਾਲਾਂਕਿ ਰਵਾਇਤੀ ਤੌਰ ‘ਤੇ ਟਕਸਾਲਾਂ, ਨਿਰਮਲੇ ਅਤੇ ਉਦਾਸੀ ਸਿੱਖ ਸੰਪਰਦਾਵਾਂ ਦੀ ਸਿੱਖਿਅਤ ਅਤੇ ਨਿਪੁੰਨ ਗ੍ਰੰਥੀ-ਭਾਈ ਤਿਆਰ ਕਰਨ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰਸਾਰ ਵਿਚ ਵੱਡੀ ਦੇਣ ਰਹੀ ਹੈ। ਕੁਝ ਅਰਸੇ ਤੋਂ ਬੇਰੁਜ਼ਗਾਰੀ ਦੇ ਪ੍ਰਭਾਵ ਕਾਰਨ ਸਭ ਤੋਂ ਸੌਖਾ ਕੰਮ ਗ੍ਰੰਥੀ ਸਿੰਘ ਬਣਨਾ ਸਮਝ ਲਿਆ ਗਿਆ ਅਤੇ ਪੰਜਾਬੀ ਲਿਖਣ, ਪੜ੍ਹਨ ਦੀ ਥੋੜ੍ਹੀ ਜਿਹੀ ਸੋਝੀ ਨੂੰ ਹੀ ਗ੍ਰੰਥੀ ਸਿੰਘ ਬਣਨ ਦੀ ਯੋਗਤਾ ਸਮਝ ਲਿਆ ਜਾਂਦਾ ਹੈ, ਜਦੋਂਕਿ ਗੁਰਬਾਣੀ ਦੀ ਇਕ ਆਪਣੀ ਸ਼ੈਲੀ ਅਤੇ ਵਿਆਕਰਨ ਹੈ। ਗੁਰਬਾਣੀ ਪਾਠ ਬੋਧ ਤੇ ਵਿਆਕਰਨ ਦੇ ਗਿਆਨ ਤੋਂ ਬਗ਼ੈਰ ਸ਼ੁੱਧ ਗੁਰਬਾਣੀ ਉਚਾਰਨ ਅਤੇ ਇਸ ਦੇ ਅਰਥ ਹਾਸਲ ਨਹੀਂ ਕੀਤੇ ਜਾ ਸਕਦੇ।
ਗੁਰਬਾਣੀ ਸ਼ੁੱਧ ਉਚਾਰਨ ਦਾ ਇਤਿਹਾਸਕ ਮਹਾਤਮ
ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ ਨਾ-ਸਿਰਫ਼ ਆਪਣੀ ਹਜ਼ੂਰੀ ਵਿਚ ‘ਧੁਰ ਕੀ ਬਾਣੀ’ ਨੂੰ ਕਲਮਬੰਦ ਕਰਵਾਇਆ, ਸਗੋਂ ਨਾਲ-ਨਾਲ ਵਾਚਦੇ ਅਤੇ ਸੁਧਾਈ ਵੀ ਕਰਦੇ ਰਹੇ। ਗੁਰਬਾਣੀ ਵਿਚ ਕਈ ਵਾਰ ‘ਸੁਧ’ ਅਤੇ ‘ਸੁਧ ਕੀਚੇ’ ਸ਼ਬਦ ਦਾ ਆਉਣਾ ਇਸ ਦਾ ਪ੍ਰਮਾਣ ਹੈ ਕਿ ਗੁਰਬਾਣੀ ਦੀ ਮੁੱਢਲੀ ਸੰਪਾਦਨਾ ਵੇਲੇ ਇਸ ਨੂੰ ਬਿਲਕੁਲ ਸ਼ੁੱਧ ਕਰਕੇ ਲਿਖਿਆ ਗਿਆ ਹੈ।
ਗੁਰਬਾਣੀ ਅਗਾਧ ਬੋਧ ਅਤੇ ਕਾਮਧੇਨ ਹੈ। ਰੱਬੀ ਕੀਰਤੀ ਦੇ ਇਸ ਸਾਗਰ ਵਿਚ ਜਿੰਨੀ-ਜਿੰਨੀ ਕੋਈ ਅਭਿਆਸ ਕਰਕੇ ਚੁੱਭੀ ਮਾਰੇਗਾ, ਓਨਾ ਓਨਾ ਹੀ ਉਸ ਨੂੰ ਆਤਮਿਕ ਗਿਆਨ ਤੇ ਅਨੰਦ ਹਾਸਲ ਹੋਵੇਗਾ, ਪਰ ਗੁਰਬਾਣੀ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਉਸ ਦਾ ਸ਼ੁੱਧ ਉਚਾਰਨ ਬਹੁਤ ਜ਼ਰੂਰੀ ਹੈ। ਇਸੇ ਕਾਰਨ ਦਸ ਗੁਰੂ ਸਾਹਿਬਾਨ ਸਿੱਖਾਂ ਨੂੰ ਪ੍ਰੇਮ ਅਤੇ ਸਾਵਧਾਨੀ ਨਾਲ ਲਗਾਂ ਮਾਤਰਾਂ ਸੋਧ ਕੇ ਗੁਰਬਾਣੀ ਦਾ ਸ਼ੁੱਧ ਪਾਠ ਮਨ ਲਾ ਕੇ ਕਰਨ ਦੀ ਪ੍ਰੇਰਨਾ ਦਿੰਦੇ ਰਹੇ। ਸ੍ਰੀ ਹਰਿਗੋਬਿੰਦਪੁਰ ਵਿਚ ਯੁੱਧ ਤੋਂ ਬਾਅਦ ਸਿੱਖ ਯੋਧਿਆਂ ਅਤੇ ਸੰਗਤਾਂ ਦੇ ਇਕ ਬੜੇ ਭਾਰੀ ਸਜੇ ਦੀਵਾਨ ਅੰਦਰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਜਿਹੜਾ ਸਿੱਖ ਸ਼ੁੱਧ ਜਪੁਜੀ ਸਾਹਿਬ ਦਾ ਪਾਠ ਸੁਣਾਵੇਗਾ, ਉਸ ਨੂੰ ਮੂੰਹੋਂ ਮੰਗਿਆ ਫਲ ਮਿਲੇਗਾ।
ਕਰਹੁ ਸੁਨਾਵਨ ਸੁਧ ਜਪੁ ਮੋਹੀ॥ ਜਾਚਹਿ ਕਹੈਂ ਸੁ ਦੇਵੋਂ ਤੋਹੀ॥ (ਗੁਰਪ੍ਰਤਾਪ ਸੂਰਜ, ਰਾਸ ੬, ਅੰਸੂ ੪੬)
ਸੰਗਤਾਂ ਵਿਚੋਂ ਭਾਈ ਗੋਪਾਲਾ ਨਾਂਅ ਦੇ ਸਿੱਖ ਨੇ ਸਤਿਗੁਰਾਂ ਤੋਂ ਆਗਿਆ ਲੈ ਕੇ ਹਜ਼ੂਰੀ ਵਿਚ ਬੈਠ ਕੇ ਅਜਿਹੀ ਇਕਾਗਰਤਾ ਅਤੇ ਲਿਵਲੀਨਤਾ ਨਾਲ ਅੱਖਰ ਤੇ ਲਗ ਮਾਤਰ ਸੋਧ ਕੇ ਸ੍ਰੀ ਜਪੁਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ ਕਿ ਸਤਿਗੁਰੂ ਜੀ ਪਾਠ ਦੇ ਭੋਗ ਤੋਂ ਬਾਅਦ ਪ੍ਰਸੰਨ ਹੋ ਕੇ ਭਾਈ ਗੋਪਾਲਾ ਜੀ ਨੂੰ ਸਰਬਸ੍ਰੇਸ਼ਟ ਗੁਰਤਾਗੱਦੀ ਤੱਕ ਦੇਣ ਲਈ ਤਿਆਰ ਹੋ ਗਏ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਕ ਵਾਰ ਇਕ ਗੁਰਸਿੱਖ ਵਲੋਂ ਗੁਰਬਾਣੀ ਦੀ ਲਗਾ ਮਾਤਰਾਂ ਦਾ ਗ਼ਲਤ ਉਚਾਰਨ ਕਰਨ ‘ਤੇ ਦਸਮ ਪਾਤਿਸ਼ਾਹ ਨੇ ਬਹੁਤ ਦੁਖ ਮਨਾਇਆ ਅਤੇ ਸਿੰਘ ਨੂੰ ਤਾੜਨਾ ਕਰਦਿਆਂ ਫ਼ੁਰਮਾਨ ਕੀਤਾ, ”ਸਿੰਘਾ! ਤੂੰ ਸਾਡੇ ਅੰਗ ਤੋੜ ਰਿਹਾ ਹੈਂ।”
ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖ਼ਿਲਾਫ਼ ਜੰਗ-ਯੁੱਧਾਂ ਤੋਂ ਬਾਅਦ ਸੰਸਾਰਕ ਯਾਤਰਾ ਦੇ ਅੰਤਲੇ ਸਮੇਂ ਮਾਲਵੇ ਦੀ ਧਰਤੀ ‘ਤੇ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ ਦੇ ਅਸਥਾਨ ‘ਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਕੰਠੋਂ ਉਚਾਰ ਕੇ ਲਿਖਵਾਇਆ ਅਤੇ ਉਸ ਤੋਂ ਬਾਅਦ 48 ਵਿਦਿਆਰਥੀਆਂ ਨੂੰ ਗੁਰਬਾਣੀ ਦਾ ਸਮੁੱਚਾ ਅਰਥ ਬੋਧ ਵੀ ਕਰਵਾਇਆ। ਇਨ੍ਹਾਂ ਬ੍ਰਹਮ ਗਿਆਨੀਆਂ ਵਿਚੋਂ ਹੀ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਗੁਰਬਾਣੀ ਪਾਠ ਬੋਧ ਦੀ ਟਕਸਾਲ ਚਲਾਈ।
ਸ਼੍ਰੋਮਣੀ ਕਮੇਟੀ ਦਾ ਉਪਰਾਲਾ
ਪਿਛਲੇ ਸਮੇਂ ਤੋਂ ਪਿੰਡਾਂ, ਕਸਬਿਆਂ ਦੇ ਗ੍ਰੰਥੀ ਸਿੰਘਾਂ ‘ਚ ਗੁਰਬਾਣੀ ਸ਼ੁੱਧ ਉਚਾਰਨ ਅਤੇ ਸਹੀ ਬੋਧ ਦੀ ਘਾਟ ਕਾਰਨ, ਇਨ੍ਹਾਂ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਨੂੰ ਸਿੱਖਿਅਤ ਕਰਨ, ਉਨ੍ਹਾਂ ਦੀ ਯੋਗਤਾ ਅਤੇ ਕਾਬਲੀਅਤ ਨੂੰ ਤਰਾਸ਼ਣ ਲਈ ਸ਼੍ਰੋਮਣੀ ਕਮੇਟੀ ਤੋਂ ਮਾਰਗ-ਦਰਸ਼ਨ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਮਹਿਸੂਸ ਕੀਤੀ ਜਾਂਦੀ ਰਹੀ ਹੈ। ਭਾਵੇਂਕਿ ਦੇਰ ਨਾਲ ਹੀ ਸਹੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਪਾਠ ਬੋਧ ਦੀ ਮਹੱਤਤਾ ਨੂੰ ਮਹਿਸੂਸ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੁਆਰਾ ਪੰਜਾਬ ਭਰ ‘ਚ ਗੁਰਬਾਣੀ ਪਾਠ ਬੋਧ ਸਮਾਗਮਾਂ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਅਤੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਆਰੰਭ ਹੋਈ ਪਾਠ ਬੋਧ ਸਮਾਗਮਾਂ ਦੀ ਲੜੀ ਤੋਂ ਚੰਗੇ ਨਤੀਜਿਆਂ ਦੀ ਆਸ ਬੱਝਣ ਲੱਗੀ ਹੈ। ਇਨ੍ਹਾਂ ਸਮਾਗਮਾਂ ਵਿਚ ਪੰਥ ਦੇ ਪ੍ਰਸਿੱਧ ਤੇ ਮਾਹਰ ਗੁਰਬਾਣੀ ਵਿਆਖਿਆਕਾਰ, ਵਿਦਵਾਨ ਅਤੇ ਗ੍ਰੰਥੀ ਸਾਹਿਬਾਨ ਗੁਰਬਾਣੀ ਸੰਥਿਆ ਦੇਣ ਦੇ ਨਾਲ-ਨਾਲ ਗੁਰਬਾਣੀ ਵਿਆਕਰਨ, ਸ਼ੁੱਧ ਉਚਾਰਨ, ਵਿਆਖਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਵੀ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਵਿਚ ਦ੍ਰਿੜ੍ਹ ਕਰਵਾ ਰਹੇ ਹਨ, ਤਾਂ ਜੋ ਪੰਥ ਨੂੰ ਅਨੁਸ਼ਾਸਨ ਅਤੇ ਏਕਤਾ ਦੇ ਸੂਤਰ ਵਿਚ ਬੰਨ੍ਹਣ ਲਈ ਘੱਟੋ-ਘੱਟ ਸਾਂਝੀ ਰਹਿਤ ਮਰਿਯਾਦਾ ਨਾਲ ਜੋੜਿਆ ਜਾ ਸਕੇ। ਨਿਰਸੰਦੇਹ ਇਹ ਪਾਠ ਬੋਧ ਸਮਾਗਮ ਜਿੱਥੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ ਗੁਰਬਾਣੀ ਦੇ ਇਕਸਾਰ ਸ਼ੁੱਧ ਉਚਾਰਨ ਅਤੇ ਸਹੀ ਵਿਆਕਰਨ ਦੀ ਸਮਝ ਵਿਚ ਨਿਪੁੰਨ ਬਣਾਉਣਗੇ, ਉਥੇ ਪਿੰਡਾਂ ਦੇ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਜਦੋਂ ਵਧੇਰੇ ਸਿੱਖਿਅਤ, ਕਾਬਲ ਅਤੇ ਗੁਰਬਾਣੀ ਪਾਠ ਬੋਧ ਦੇ ਗਿਆਤਾ ਹੋਣਗੇ ਤਾਂ ਉਹ ਆਮ ਲੋਕਾਂ ਨੂੰ ਗੁਰਬਾਣੀ ਦੇ ਫ਼ਲਸਫ਼ੇ, ਮਾਂ ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ, ਕੁਦਰਤ ਪ੍ਰਤੀ ਪ੍ਰੇਮ-ਭਾਵਨਾ, ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਸੁਧਾਰਾਂ ਵਿਚ ਵੀ ਆਪਣੀ ਜ਼ਿਕਰਯੋਗ ਭੂਮਿਕਾ ਨਿਭਾ ਸਕਣਗੇ, ਕਿਉਂਕਿ ਪਿੰਡਾਂ ਦੇ ਆਮ ਲੋਕਾਂ ਵਿਚ ਵਿਚਰਨ ਵਾਲੇ ਇਹ ਗ੍ਰੰਥੀ ਅਤੇ ਅਖੰਡ ਪਾਠੀ ਸਿੰਘ ਹੀ ਆਮ ਲੋਕਾਂ ਨਾਲ ਧਰਮ ਦੇ ਪ੍ਰਚਾਰ ਲਈ ‘ਸੰਵਾਦ’ ਦਾ ਸਭ ਤੋਂ ਨੇੜਲਾ ਜ਼ਰੀਆ ਬਣ ਸਕਦੇ ਹਨ।

Check Also

68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼

ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …