Breaking News
Home / ਫ਼ਿਲਮੀ ਦੁਨੀਆ / ਕੱਤਣਾ ਵੀ ਇਕ ਕਲਾ

ਕੱਤਣਾ ਵੀ ਇਕ ਕਲਾ

ਸੱਭਿਅਤਾ ਦੇ ਵਿਕਾਸ ਦੇ ਨਾਲ-ਨਾਲ ਸੱਭਿਆਚਾਰ ਅਤੇ ਸਮਾਜੀਕਰਨ ਦੇ ਤੌਰ ਤਰੀਕੇ ਵੀ ਬਦਲਦੇ ਗਏ। ਇਸੇ ਪ੍ਰਸੰਗ ਵਿੱਚ ਤਿੰਨ ਕੁ ਦਹਾਕੇ ਪਹਿਲਾਂ ਧੀ ਦੇ ਸਮਾਜੀਕਰਨ ਦੀ ਬੁਨਿਆਦ ਕੱਤਣਾ ਆਉਣਾ ਵੀ ਜ਼ਰੂਰੀ ਸੀ। ਕੱਤਣਾ ਚਰਖਾ ਕੱਤ ਕੇ ਉਸ ਵਿੱਚੋਂ ਨਿਕਲਿਆ ਹੁਨਰ ਹੁੰਦਾ ਹੈ। ਚਰਖਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ਪਹੀਆ। ਅਜ਼ਾਦੀ ਦੌਰਾਨ ਤਾਂ ਚਰਖਾ ਕੱਤਣਾ ਇੱਕ ਆਮ ਕਿੱਤਾ ਸੀ। ਚਰਖਾ ਅਤੇ ਕੱਤਣਾ ਇੱਕ ਦੂਜੇ ਨਾਲ ਜੁੜੇ ਹੋਏ ਹਨ। ਦੋਵੇਂ ਇੱਕ ਦੂਜੇ ਤੋਂ ਬਿਨਾਂ ਅਧੂਰੇ ਹਨ। ਚਰਖਾ ਕੱਤ ਰਹੀਆਂ ਕੁੜੀਆਂ ਦੇ ਸਮੂਹ ਨੂੰ ਤ੍ਰਿੰਝਣ ਕਿਹਾ ਜਾਂਦਾ ਹੈ। ਮੁਟਿਆਰ ਦਾ ਸਮਾਜੀਕਰਨ ਚੁੱਲ੍ਹੇ-ਚੌਂਕੇ ਦੇ ਨਾਲ-ਨਾਲ ਚਰਖਾ ਕੱਤਣਾ ਵੀ ਸੀ। ਕੱਤਣ ਵਿੱਚੋਂ ਸੱਭਿਆਚਾਰ ਦੀ ਖੁਸ਼ਬੂ ਵਖੇਰਦੀ ਬਾਬਾ ਬੁੱਲੇ ਸ਼ਾਹ ਦੀ ਇੱਕ ਰਚਨਾ ਇਉਂ ਪ੍ਰਸੰਗਤ ਹੈ:-
ਕਰ ਕੱਤਣ ਵੱਲ ਧਿਆਨ ਕੁੜੇ
ਚਰਖਾ ਮੁਫਤ ਤੇਰੇ ਹੱਥ ਆਇਆ।
ਪੱਲਿਓ ਨਹੀਂਓ ਕੁੱਝ ਗਵਾਇਆ,
ਚਰਖਾ ਬਣਿਆ ਖਾਤਿਰ ਤੇਰੀ।
ਖੇਡਣ ਦੀ ਕਰ ਹਿਰਸ ਥੁਰੇੜੀ,
ਹੋਣਾ ਨਹੀਂਓ ਹੋਰ ਵਡੇਰੀ।
ਮਤ ਕਰ ਕੋਈ ਅਗਿਆਨ ਕੁੜੇ,
ਚਰਖਾ ਤੇਰਾ ਰੰਗ-ਰੰਗੀਲਾ।
ਰੀਸ ਕਰੇਂਦਾ ਸਭ ਕਬੀਲਾ,
ਚੱਲਦੇ ਕਾਰੇ ਕਰ ਲੈ ਹੀਲਾ।
ਹੋ ਘਰ ਦੇ ਵਿੱਚ ਅਵਾਦਾਨ ਕੁੜੇ।

ਬਾਬੇ ਬੁੱਲੇ ਸ਼ਾਹ ਦੀ ਇੱਕ ਹੋਰ ਵੰਨਗੀ ਤਰਜ਼ਮਾਨ ਹੈ:-
ਤੂੰ ਸਦਾ ਨਾ ਪੇਕੇ ਰਹਿਣਾ ਹੈ,
ਨਾ ਪਾਸ ਅੰਮੜੀ ਦੇ ਬਹਿਣਾ ਹੈ,
ਤਾਂ ਅੰਤ ਵਿਛੋੜਾ ਸਹਿਣਾ ਹੈ,
ਵਸ ਪਏਗੀ ਸੱਸ ਨਨਾਣ ਕੁੜੇ,
ਕੱਤ ਲੈ ਨੀਂ ਕੁੱਝ ਕਤਾ ਲੈ ਨੀਂ,
ਹੁਣ ਤਾਣੀ ਤੰਦ ਉਣਾ ਲੈ ਨੀਂ,
ਤੂੰ ਆਪਣਾ ਦਾਜ ਰੰਗਾ ਲੈ ਨੀਂ,
ਤੂੰ ਤਦ ਹੋਵੇ ਪ੍ਰਧਾਨ ਕੁੜੇ।
ਸਮੇਂ ਦੇ ਅਨੁਸਾਰ ਚਰਖਾ ਕੱਤਣਾ ਕੁੜੀਆਂ ਦੇ ਜੀਵਨ ‘ਚੋਂ ਬੀਤੇ ਦੀ ਕਹਾਣੀ ਬਣ ਚੁੱਕਾ ਹੈ। ਕੱਤਣਾ ਕੋਈ ਸੌਖੀ ਗੱਲ ਨਹੀਂ ਸੀ। ਇਸ ਤੋਂ ਬਿਨਾਂ ਕੁੜੀ ਹੁਨਰ ਤੋਂ ਵਿਹੂਣੀ ਲੱਗਦੀ ਹੈ। ਕੁੜੀਆਂ ਲਈ ਕੱਤਣਾ ਵੱਡਮੁੱਲੀ ਸੌਗਾਤ ਵੀ ਹੈ। ਕਈ ਮੋਟਾ ਅਤੇ ਕਈ ਬਰੀਕ ਕੱਤਣ ਵਿੱਚ ਵਿਸ਼ਵਾਸ਼ ਰੱਖਦੀਆਂ ਸਨ। ਇਹਨਾਂ ਦੇ ਕੱਤੇ ਸੂਤ ਨਾਲ ਖੇਸੀਆਂ ਅਤੇ ਦਰੀਆਂ ਬਣਾਈਆਂ ਜਾਂਦੀਆਂ ਸਨ। ਚਰਖੇ ਦੇ ਪਹੀਏ ਤੇ ਤੱਕਲੇ ਉੱਤੇ ਇੱਕ ਬੈਲਟ ਰੂਪੀ ਮਾਲ ਹੁੰਦੀ ਸੀ। ਹੱਥ ਨਾਲ ਚਰਖੇ ਦੀ ਹੱਥੀ ਘੁੰਮਾ ਕੇ ਤੱਕਲੇ ਰਾਹੀਂ ਤੰਦ ਪਾ ਕੇ ਗਲੋਟੇ ਕੱਤੇ ਜਾਂਦੇ ਸਨ। ਦਾਜ ਵਿੱਚ ਵੀ ਚਰਖਾ ਦਿੱਤਾ ਜਾਂਦਾ ਸੀ। ਸੱਭਿਆਚਾਰ ਦੀ ਵੰਨਗੀ ਇਓਂਦਰਸਾਉਂਦੀ ਹੈ:-
ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਲਵਾਈਆਂ ਮੇਖਾਂ,
ਮਾਂ ਤੈਨੂੰ ਯਾਦ ਕਰਾਂ,
ਜਦ ਚਰਖੇ ਵੱਲ ਦੇਖਾਂ।
ਇਹ ਸਤਰਾਂ ਬਹੁਤ ਡੂੰਘੇ ਭਾਵ ਪ੍ਰਗਟ ਕਰਦੀਆਂ ਹਨ। ਸਾਰੀ ਸਾਰੀ ਰਾਤ ਕੱਤਦੀਆਂ ਕੁੜੀਆਂ ਚੰਦ ਦੀ ਚਾਨਣੀ ਵਿੱਚ ਅਤੇ ਦੀਵੇ ਦੀ ਰੋਸ਼ਨੀ ਰਾਹੀਂ ਹੋਣ ਵਾਲੇ ਚੰਨ ਮਾਹੀ ਨੂੰ ਵੀ ਯਾਦ ਕਰਦੀਆਂ ਸਨ। ਇਓਂ ਵੰਨਗੀ ਮਿਲਦੀ ਹੈ:-
ਕੱਤਾਂ ਪਰੀਤਾਂ ਨਾਲ ਚਰਖਾ ਚੰਨਣ ਦਾ।
ਚਰਖਾ ਮੈਂ ਕੱਤਾਂ ਤੰਦ ਤੇਰੀਆਂ ਯਾਦਾਂ ਦੀ ਪਾਵਾਂ।
ਤਿੰਝਣਾਂ ਦੇ ਵਿੱਚ ਕੱਤਣ ਸਹੇਲੀਆਂ ਗੁੱਡੀਆਂ ਨਾਲ ਗੁੱਡੀ ਜੋੜ ਕੇ,
ਹੁਣ ਕਿਉਂ ਮਾਂ ਰੋਂਦੀ ਆਂ ਧੀਆਂ ਨੂੰ ਸਹੁਰੇ ਤੋਰ ਕੇ। ਅੱਜ ਚਰਖਾ ਤਾਂ ਗਾਇਬ ਹੈ। ਘਰਾਂ ਵਿੱਚ ਨੁਕਰੇ ਲੱਗਿਆ ਜਾਂ ਮਿਉਜ਼ੀਅਮ ਵਿੱਚ ਦੇਖਿਆ ਜਾ ਸਕਦਾ ਹੈ, ਪਰ ਪ੍ਰਸ਼ਨ ਇਹ ਹੈ ਕਿ ਕੱਤੂ ਕੌਣ? ਕੱਤਣ ਦੀ ਕਲਾ ਕੁੜੀਆਂ ਵਿੱਚ ਵਿਰਸੇ ਦੀ ਵਿਰਾਸਤ ਤਾਂ ਹੈ ਪਰ ਹਕੀਕਤ ਵਿੱਚ ਕੱਤਣ ਦੀ ਕਲਾ ਪੱਖੋਂ ਸੱਖਣੀਆਂ ਹਨ।
ਸਰਕਾਰਾਂ ਨੂੰ ਕੱਤਣਾ ਸਕੂਲੀ ਵਿਸ਼ੇ ਵਿੱਚ ਰੱਖਣਾ ਚਾਹੀਦਾ ਹੈ। ਕੱਤਣ ਦੇ ਮੁਕਾਬਲੇ ਵੀ ਕਰਵਾਉਣੇ ਚਾਹੀਦੇ ਹਨ। ਕੱਤਣ ਨੂੰ ਇੱਕ ਖੇਡ ਵਜੋਂ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਚਰਖਾ ਡਾਹ ਕੇ ਕੱਤਣਾ ਸਿਹਤ ਅਤੇ ਭਾਈਚਾਰਕ ਏਕਤਾ ਲਈ ਜ਼ਰੂਰੀ ਸੀ। ਅੱਜ ਚਰਖਾ ਬਣ ਜਾਉਂ ਪਰ ਕੱਤਣ ਵਾਲੀਆਂ ਕਿੱਥੋਂ ਮਿਲਣਗੀਆਂ? ਆਓ ਕੱਤਣ ਨੂੰ ਦੁਬਾਰਾ ਕੁੜੀਆਂ ਦੇ ਸਮਾਜੀਕਰਨ ਲਈ ਵਿਕਸਤ ਕਰਕੇ ਇੱਕ ਲੋਕ ਲਹਿਰ ਪੈਦਾ ਕਰੀਏ।
ਸੁਖਪਾਲ ਸਿੰਘ ਗਿੱਲ

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …