ਪੁਲਿਸ ਕਾਨਫ਼ਰੰਸ ਵਿਚ ਵਿਲੱਖਣ ਪੇਸ਼ੇਵਰ ਵਿਹਾਰ ਦੇਖ ਕੇ ਮੁਸਕਰਾ ਉੱਠੇ ਸੀਨੀਅਰ ਅਧਿਕਾਰੀ
ਤਿਰੂਪਤੀ (ਆਂਧਰਾ ਪ੍ਰਦੇਸ਼)/ਬਿਊਰੋ ਨਿਊਜ਼ : ਆਂਧਰਾ ਪ੍ਰਦੇਸ਼ ਪੁਲਿਸ ਦੇ ਇਕ ਇੰਸਪੈਕਟਰ ਲਈ ਉਹ ਮਾਣ ਵਾਲੇ ਪਲ਼ ਸਨ ਜਦ ਉਹ ਆਪਣੀ ਡੀਐੱਸਪੀ ਧੀ ਨੂੰ ਸਲੂਟ ਮਾਰ ਸਕਿਆ। ਤਿਰੂਪਤੀ ਵਿਚ ਇਕ ਪੁਲਿਸ ਮੀਟਿੰਗ ‘ਚ ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਨੇ ਜਦ ਆਪਣੀ ਡੀਐੱਸਪੀ ਧੀ ਜੇਸੀ ਪ੍ਰਸੰਤੀ ਨੂੰ ਦੇਖਿਆ ਤੇ ਦੇਖਦੇ ਸਾਰ ਹੀ ਅਫ਼ਸਰ ਧੀ ਨੂੰ ਸਲੂਟ ਮਾਰਿਆ। ਸੁੰਦਰ ਤਿਰੂਪਤੀ ਕਲਿਆਣੀ ਡੈਮ ਪੁਲਿਸ ਸਿਖ਼ਲਾਈ ਕੇਂਦਰ ਵਿਚ ਤਾਇਨਾਤ ਹਨ।
ਇਸ ਦੌਰਾਨ ਦੋਵਾਂ ਵਿਚਾਲੇ ਜੋ ਵੀ ਘਟਿਆ, ਉਸ ਨੂੰ ਮੌਕੇ ‘ਤੇ ਮੌਜੂਦ ਬਹੁਤਿਆਂ ਨੇ ਦੇਖਿਆ ਤੇ ਇਹ ਇੱਕ ਨਿੱਘਾ ਅਹਿਸਾਸ ਹੋ ਨਿੱਬੜਿਆ। ਪੁਲਿਸ ਕਾਨਫ਼ਰੰਸ ਦੌਰਾਨ ਆਪਣੀ ਧੀ ਨੂੰ ਦੇਖ ਕੇ ਸੁੰਦਰ ਉਸ ਦੇ ਕੋਲ ਗਿਆ ਤੇ ਸਲੂਟ ਮਾਰਿਆ ਕਿਉਂਕਿ ਪ੍ਰਸੰਤੀ ਉੱਚੇ ਰੈਂਕ ਉਤੇ ਤਾਇਨਾਤ ਹੈ। ਕੁਝ ਹੀ ਸਾਲਾਂ ਵਿਚ ਉਹ ਆਈਪੀਐੱਸ ਵੀ ਬਣਨ ਵਾਲੀ ਹੈ। 2018 ਬੈਚ ਦੀ ਪ੍ਰਸੰਤੀ ਨੇ ਗੁੰਟੂਰ ਦੇ ਡੀਐੱਸਪੀ ਵਜੋਂ ਅਹੁਦਾ ਸੰਭਾਲਿਆ ਹੈ ਤੇ ਉਹ ਮਹਿਲਾਵਾਂ ਦੀ ਸੁਰੱਖਿਆ ਲਈ ਕੀਤੇ ਗਏ ਉਪਰਾਲੇ ‘ਦਿਸ਼ਾ’ ਤਹਿਤ ਕਰਵਾਈ ਜਾ ਰਹੀ ਪੁਲਿਸ ਕਾਨਫ਼ਰੰਸ ਵਿਚ ਹਿੱਸਾ ਲੈ ਰਹੀ ਹੈ। ਇਸ ਦੌਰਾਨ ਸੁੰਦਰ ਨੇ ਜਦ ਆਪਣੀ ਧੀ ਨੂੰ ਸੀਨੀਅਰ ਆਈਪੀਐੱਸ ਅਧਿਕਾਰੀਆਂ ਨਾਲ ਮਿਲਦਿਆਂ ਦੇਖਿਆ ਤਾਂ ਇਕਦਮ ਕੋਲ ਜਾ ਕੇ ਉਸ ਨੂੰ ਸਲੂਟ ਮਾਰਿਆ ਤੇ ‘ਮੈਡਮ’ ਕਹਿ ਕੇ ਸੰਬੋਧਨ ਕੀਤਾ। ਪਿਤਾ ਵੱਲੋਂ ਸਲੂਟ ਮਾਰਨ ਤੋਂ ਬਾਅਦ ਪ੍ਰਸੰਤੀ ਨੇ ਵੀ ਪੁਲਿਸ ਇੰਸਪੈਕਟਰ ਨੂੰ ਸਲੂਟ ਮਾਰਿਆ ਤੇ ਹੱਸਦਿਆਂ ਤੇਲਗੂ ਵਿਚ ਸਵਾਲ ਕੀਤਾ ‘ਇਹ ਕੀ ਹੈ ਪਿਤਾ ਜੀ?’ ਸੁੰਦਰ ਨੇ ਕਿਹਾ ਕਿ ਬੱਚਿਆਂ ਨੂੰ ਜ਼ਿੰਦਗੀ ਵਿਚ ਸਫ਼ਲ ਦੇਖਣ ਤੋਂ ਵੱਡੀ ਕੋਈ ਹੋਰ ਖ਼ੁਸ਼ੀ ਨਹੀਂ ਹੋ ਸਕਦੀ ਹੈ। ਪੁਲਿਸ ਇੰਸਪੈਕਟਰ ਨੇ ਕਿਹਾ ‘ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਬੱਚੀ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰੇਗੀ।’ ਤਿਰੂਪਤੀ ਦੇ ਐੱਸਪੀ ਰਮੇਸ਼ ਰੈੱਡੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਦ੍ਰਿਸ਼ ਆਮ ਤੌਰ ‘ਤੇ ਫਿਲਮਾਂ ਵਿਚ ਹੀ ਨਜ਼ਰ ਆਉਂਦੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …