Breaking News
Home / ਭਾਰਤ / ਦਿੱਲੀ ਦੀਆਂ ਹੱਦਾਂ ‘ਤੇ ਇਕਮਿਕ ਹੋਏ ਵੱਖ-ਵੱਖ ਰੰਗਾਂ ਦੇ ਝੰਡੇ

ਦਿੱਲੀ ਦੀਆਂ ਹੱਦਾਂ ‘ਤੇ ਇਕਮਿਕ ਹੋਏ ਵੱਖ-ਵੱਖ ਰੰਗਾਂ ਦੇ ਝੰਡੇ

ਟਿਕਰੀ ਤੇ ਸਿੰਘੂ ਬਾਰਡਰ, ਗਾਜ਼ੀਪੁਰ ਤੇ ਪਲਵਲ ਦੇ ਧਰਨਿਆਂ ‘ਚ ਜਥੇਬੰਦੀਆਂ ਨੇ ਗੱਡੇ ਆਪੋ-ਆਪਣੇ ਝੰਡੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਰਾਜਧਾਨੀ ਦਿੱਲੀ ਨੂੰ ਚਾਰੇ ਪਾਸਿਉਂ ਘੇਰਨ ਦੀ ਨੀਤੀ ਤਹਿਤ ਚੱਲ ਰਹੇ ਕਿਸਾਨ ਅੰਦੋਲਨ ਵਿਚ ਸਾਰੇ ਰੰਗਾਂ ਦੇ ਝੰਡੇ ਜਜਬ ਹੋ ਗਏ ਹਨ।
ਕਿਸਾਨਾਂ ਦੀ ਵੱਡੀ ਗਿਣਤੀ ਵਾਲੇ ਟਿਕਰੀ ਤੇ ਸਿੰਘੂ ਬਾਰਡਰ ਦੇ ਧਰਨਿਆਂ ਵਾਲੀ ਥਾਂ ਹੋਵੇ ਜਾਂ ਗਾਜ਼ੀਪੁਰ ਤੇ ਪਲਵਲ ਦੇ ਧਰਨੇ ਹੋਣ, ਹਰ ਵਿਚਾਰਧਾਰਾ ਵਾਲੀ ਕਿਸਾਨ ਜਥੇਬੰਦੀ ਦਾ ਝੰਡਾ ਉੱਥੇ ਨਜ਼ਰ ਆਉਂਦਾ ਹੈ। ਪਰ ਝੰਡਿਆਂ ਦੇ ਵੱਖੋ-ਵੱਖ ਰੰਗਾਂ ਵਿਚੋਂ ਇਕੋ ਝਲਕਾਰਾ ਪੈਂਦਾ ਹੈ ਤੇ ਇਹ ਕਿਸਾਨਾਂ ਦੀ ਆਵਾਜ਼ ਨਾਲ ਇਕ-ਮਿਕ ਹੋਏ ਜਾਪਦੇ ਹਨ।
ਟਿਕਰੀ ਵਿਖੇ ਬੀਕੇਯੂ (ਉਗਰਾਹਾਂ) ਦੇ ਨਾਲ-ਨਾਲ ਪੰਜਾਬ ਦੀਆਂ ਹੋਰ 10 ਤੋਂ ਵੱਧ ਜਥੇਬੰਦੀਆਂ ਆਪਣੇ ਹਰੇ, ਹਰੇ-ਚਿੱਟੇ, ਹਰੇ-ਪੀਲੇ, ਲਾਲ ਝੰਡੇ ਲੈ ਕੇ ਆਈਆਂ ਹੋਈਆਂ ਹਨ। ਦਲਿਤ ਜਥੇਬੰਦੀਆਂ ਦੇ ਨੀਲੀ ਭਾਅ ਮਾਰਦੇ ਝੰਡੇ ਵੀ ਬੱਝਵਾਂ ਪ੍ਰਭਾਵ ਪਾ ਰਹੇ ਹਨ। ਪੀਲੇ ਝੰਡੇ ਵੀ ਨਜ਼ਰ ਆਉਂਦੇ ਹਨ। ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਤੋਂ ਇਲਾਵਾ ਰਾਜੇਵਾਲ, ਲੱਖੋਵਾਲ, ਕਾਦੀਆਂ, ਢਕੌਂਦਾ, ਖੱਬੀਆਂ ਧਿਰਾਂ ਦੀਆਂ ਕਿਸਾਨ ਸਭਾਵਾਂ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨਾਂ ਦੇ ਝੰਡੇ ਧਰਨਿਆਂ ਵਾਲੀ ਥਾਂ ‘ਤੇ ਲਹਿਰਾ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਕਿਹਾ ਕਿ ਝੰਡੇ ਤਾਂ ਇੱਕਠੇ ਹੋਏ ਹੀ ਹਨ ਪਰ ਕਿਸਾਨ ਇਹੀ ਚਾਹੁੰਦੇ ਹਨ ਇਹ ਏਕਾ ਅਗਲੇ ਸੰਘਰਸ਼ਾਂ ਲਈ ਵੀ ਬਰਕਰਾਰ ਰਹੇ।
ਇਸੇ ਤਰ੍ਹਾਂ ਸਿੰਘੂ ਬਾਰਡਰ ‘ਤੇ ਵੀ ਪੰਜਾਬ ਦੀਆਂ ਕੁੱਲ 32 ਕਿਸਾਨ ਯੂਨੀਅਨਾਂ ਦੇ ਕਾਰਕੁਨ ਇਕੱਠੇ ਹੋ ਕੇ ਸਾਰੇ ਸੰਘਰਸ਼ ਦੇ ਸਮੁੱਚੇ ਪ੍ਰਬੰਧ ਸਾਂਭ ਰਹੇ ਹਨ। ਕਈ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਸ਼ਾਇਦ ਪੰਜਾਬ ਦੇ ਭਲੇ ਲਈ ਹੀ ਇਹ ਸਭ ਵਾਪਰ ਰਿਹਾ ਹੈ ਤੇ ਸਾਰੇ ਝੰਡੇ ਇਸ ਕਿਸਾਨ ਅੰਦੋਲਨ ਦੌਰਾਨ ਜਜ਼ਬ ਹੋ ਗਏ ਹਨ। ਇਹ ਨਿਰੋਲ ਕਿਸਾਨੀ ਅੰਦੋਲਨ ਹੋ ਚੁੱਕਾ ਹੈ।

ਕਿਸਾਨੀ ਸੰਘਰਸ਼ ਦੌਰਾਨ ਮਿਲਿਆ ਸਨਮਾਨ ਵੱਡੀ ਪ੍ਰਾਪਤੀ : ਮਹਿੰਦਰਪਾਲ ਕੌਰ
ਨਵੀਂ ਦਿੱਲੀ : ਟਿਕਰੀ ਬਾਰਡਰ ‘ਤੇ ਵਰ੍ਹਦੇ ਮੀਂਹ ‘ਚ ਜੁੜੇ ਵਿਸ਼ਾਲ ਇਕੱਠ ਮੌਕੇ ਸੰਘਰਸ਼ਸ਼ੀਲ ਬੀਬੀ ਦੇ ਪ੍ਰਤੀਕ ਵਜੋਂ ਉਭਰੀ ਬਿਰਧ ਮਾਤਾ ਮਹਿੰਦਰਪਾਲ ਕੌਰ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਸਤਿਕਾਰ ਤੇ ਸਨਮਾਨ ਉਨ੍ਹਾਂ ਦੀ ਜ਼ਿੰਦਗੀ ਦੀ ਵੱਡਮੁੱਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਮਿਲਿਆ ਸਤਿਕਾਰ ਉਨ੍ਹਾਂ ਨੂੰ ਆਖ਼ਰੀ ਦਮ ਤੱਕ ਕਿਸਾਨੀ ਹਿੱਤਾਂ ਲਈ ਜੂਝਣ ਦੀ ਪ੍ਰੇਰਨਾ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਵੱਲੋਂ ਉਨ੍ਹਾਂ ਬਾਰੇ ਬੋਲੇ ਮੰਦੇ ਬੋਲ ਉਸਦੀ ਤਾਕਤ ਬਣੇ ਤੇ ਨੌਜਵਾਨਾਂ ਵੱਲੋਂ ਉਸ ਨੂੰ ਦਿੱਤੇ ਢੁਕਵੇਂ ਜਵਾਬ ਨੇ ਉਸਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਲੋਕਾਂ ਨੂੰ ਵੱਡੀ ਗਿਣਤੀ ‘ਚ ਅੱਗੇ ਆਉਣ ਦਾ ਸੱਦਾ ਦਿੱਤਾ।

Check Also

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਦੇਵੇਂਦਰ ਫੜਨਵੀਸ ਹੋ ਸਕਦੇ ਹਨ ਸੂਬੇ ਦੇ ਨਵੇਂ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ …