
ਤਸਕਰਾਂ ਦੀਆਂ ਗ੍ਰਿਫਤਾਰੀਆਂ ਜਾਰੀ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਅਤੇ ਅਮਰੀਕਾ ਦੇ ਸਰਹੱਦੀ ਲਾਂਘਿਆਂ ਉਪਰ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੇ ਜਾਣ ਦੀਆਂ ਖਬਰਾਂ ਸਾਰਾ ਸਾਲ ਲਗਾਤਾਰਤਾ ਨਾਲ ਮਿਲਦੀਆਂ ਰਹਿੰਦੀਆਂ ਹਨ । ਪਿਛਲੇ ਦਿਨੀਂ ਬਫਲੋ ਤੋਂ ਨਿਆਗਰਾ ਵਾਲੀ ਸਰਹੱਦ ‘ਤੇ ਇਕ ਟਰੱਕ ਵਿਚੋਂ ਇਕ ਟਨ ਦੇ ਕਰੀਬ ਭੰਗ ਬਰਾਮਦ ਕੀਤੀ ਗਈ ਸੀ, ਜਿਸ ਨੂੰ ਸੁਕਾ ਕੇ 2145 ਪੈਕਟਾਂ ਵਿਚ ਪੈਕ ਕੀਤਾ ਹੋਇਆ ਸੀ । ਉਨਟਾਰੀਓ ਅਤੇ ਕਿਊਬਕ ਦੀਆਂ ਅਮਰੀਕਾ ਨਾਲ ਲੱਗਦੇ ਸਰਹੱਦੀ ਲਾਂਘਿਆਂ ਉਪਰ 16 ਚੈਕ ਪੋਸਟਾਂ ਹਨ । ਜਾਣਕਾਰੀ ਅਨੁਸਾਰ ਅਮਰੀਕੀ ਅਤੇ ਕੈਨੇਡੀਅਨ ਬਾਰਡਰ ਅਫਸਰਾਂ ਨੇ 1 ਅਕਤੂਬਰ, 2019 ਤੋਂ 30 ਸਤੰਬਰ, 2020 ਦਰਮਿਆਨ ਟਰੱਕਾਂ ਵਿਚੋਂ ਲਗਪਗ 20 ਟਨ ਭੰਗ ਅਤੇ ਕੋਕੀਨ ਵਰਗੇ ਨਸ਼ੀਲੇ ਪਦਾਰਥਾਂ ਫੜੇ ਹਨ । ਕਰੋਨਾ ਮਹਾਂਮਾਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ਜ਼ਰੂਰੀ ਕਾਰੋਬਾਰੀ ਆਯਾਤ ਤੇ ਨਿਰਯਾਤ ਵਾਸਤੇ ਹੀ ਖੁੱਲ੍ਹੀ ਰੱਖੀ ਜਾ ਰਹੀ ਹੈ, ਜਿਸ ਦੌਰਾਨ ਨਸ਼ੇ ਦੇ ਤਸਕਰਾਂ ਨੇ ਨਸ਼ਿਆਂ ਦੀਆਂ ਖੇਪਾਂ ਲੰਘਾਉਣ ਵਿਚ ਤੇਜੀ ਲਿਆਂਦੀ ਹੋਈ ਹੈ । ਕੈਨੇਡਾ ਤੋਂ ਅਮਰੀਕਾ ਲਗਾਤਾਰਤਾ ਨਾਲ ਟਰੱਕ ਲੈ ਕੇ ਜਾਂਦੇ ਇਕ ਤਜਰਬੇਕਾਰ ਡਰਾਈਵਰ ਸੁਖਵੀਰ ਸਿੰਘ ਨੇ ਦੱਸਿਆ ਕਿ ਅਮਰੀਕੀ ਲਾਂਘਿਆਂ ਉਪਰ ਬਹੁਤ ਸਖਤ ਪੁੱਛਗਿੱਛ ਤੇ ਛਾਣਬੀਣ ਅਕਸਰ ਹੁੰਦੀ ਰਹਿੰਦੀ ਹੈ । ਇਹ ਵੀ ਕਿ ਕੈਨੇਡਾ ਵਿਚ ਵੀ ਨਸ਼ੇ ਫੜੇ ਜਾਂਦੇ ਰਹਿੰਦੇ ਹਨ । ਬੀਤੇ ਦਿਨ ਉਨਟਾਰੀਓ ਅਤੇ ਕਿਊਬਕ ਵਿਚ ਕਈ ਪੁਲਿਸ ਟੀਮਾਂ ਨੇ 9 ਮਹੀਨੇ ਦੀ ਸਾਂਝੀ ਜਾਂਚ ਤੋਂ ਬਾਅਦ 16 ਸ਼ੱਕੀ ਡਰੱਗ ਡੀਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਓਨਟਾਰੀਓ ਦੇ ਓਟਾਵਾ ਅਤੇ ਹੈਮਿਲਟਨ ਸਣੇ ਦੋਵਾਂ ਪ੍ਰਾਂਤਾਂ ਦੇ ਵੱਖ-ਵੱਖ ਸ਼ਹਿਰਾਂ ਵਿਚ ਪਿਛਲੇ ਹਫ਼ਤੇ 12 ਥਾਵਾਂ ‘ਤੇ ਛਾਪੇ ਮਾਰੇ ਗਏ ਸਨ । ਇਸ ਦੌਰਾਨ ਪੁਲਿਸ ਨੇ ਸਾਢੇ 11 ਕਿੱਲੋ ਤੋਂ ਵੱਧ ਕੋਕੀਨ, 95 ਕਿੱਲੋ ਤੋਂ ਵੱਧ ਭੰਗ ਅਤੇ ਵੇਚਣ ਲਈ ਨਸ਼ੇ ਪੈਕ ਕਰਨ ਦੀ ਸਮੱਗਰੀ, ਲਗਪਗ 40000 ਨਸ਼ੀਲੀਆਂ ਗੋਲੀਆਂ, 227105 ਕੈਨੇਡੀਅਨ ਡਾਲਰ ਨਕਦ, 5 ਵਾਹਨ, 5 ਹੈਂਡਗਨ ਅਤੇ ਇਕ ਟੇਜ਼ਰ ਬਰਾਮਦ ਕੀਤਾ ਸੀ।