
ਪੰਜਾਬ, ਰਾਜਸਥਾਨ ਤੇ ਛੱਤੀਸਗੜ੍ਹ ਸਮੇਤ ਕਈ ਰਾਜਾਂ ‘ਚ ਅਜੇ ਨਹੀਂ ਖੁੱਲ੍ਹਣਗੇ ਸਿਨੇਮਾ ਹਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਅਨਲਾਕ 5 ਅੱਜ ਤੋਂ ਲਾਗੂ ਹੋ ਰਿਹਾ ਹੈ। ਦੇਸ਼ ‘ਚ ਛੋਟ ਦਾ ਦਾਇਰਾ ਹੋਰ ਵਧ ਗਿਆ ਹੈ। ਹੁਣ ਇਸ ਦਾਇਰੇ ‘ਚ ਕੰਟੇਨਮੈਂਨ ਜ਼ੋਨ ਤੋਂ ਬਾਹਰ ਸਿਨੇਮਾ ਹਾਲ, ਮਲਟੀਪਲੈਕਸ, ਇੰਟਰਟੇਨਮੈਂਟ ਪਾਰਕ, ਸਵੀਮਿੰਗ ਪੂਲ ਸ਼ਾਮਲ ਹੋ ਗਏ ਹਨ। ਅਨਲਾਕ 5 ਦੇ ਲਈ ਗਾਈਡਲਾਈਨ 30 ਸਤੰਬਰ ਨੂੰ ਜਾਰੀ ਕੀਤੀਆਂ ਗਈਆਂ ਸਨ। ਸਰਕਾਰ ਨੇ ਬੈਠਣ ਦੇ ਪ੍ਰਬੰਧ ਅਤੇ ਜਨਤਕ ਦੂਰੀ ਦੇ ਨਾਲ ਮਲਟੀਪਲੈਕਸ ਅਤੇ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਮੱਧ ਪ੍ਰਦੇਸ਼, ਦਿੱਲੀ, ਚੰਡੀਗੜ੍ਹ, ਉਤਰ ਪ੍ਰਦੇਸ਼ ਅਤੇ ਬੰਗਾਲ ‘ਚ 7 ਮਹੀਨਿਆਂ ਬਾਅਦ ਮਲਟੀਪਲੈਕਸ ਖੁੱਲ੍ਹਣ ਜਾ ਰਹੇ ਹਨ। ਉਥੇ ਹੀ ਪੰਜਾਬ, ਮਹਾਰਾਸ਼ਟਰ, ਰਾਜਸਥਾਨ, ਝਾਰਖੰਡ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਆਦਿ ਰਾਜਾਂ ਨੇ ਮਲਟੀਪਲੈਕਸਾਂ ਨੂੰ ਨਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਗੁਜਰਾਤ ‘ਚ 17 ਅਕਤੂਬਰ ਤੋਂ ਮਲਟੀਪਲੈਕਸ ਖੁੱਲ੍ਹ ਸਕਦੇ ਹਨ। ਗੋਆ ਸਰਕਾਰ ਨੇ ਸਿਨੇਮਾ ਹਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪ੍ਰੰਤੂ ਸਿਨੇਮਾ ਮਾਲਕਾਂ ਨੇ ਕਿਹਾ ਕਿ ਨਵੀਂ ਫ਼ਿਲਮ ਨਾ ਹੋਣ ਕਰਕੇ ਉਹ ਸਿਨੇਮਾ ਹਾਲ ਅਜੇ ਨਹੀਂ ਖੋਲ੍ਹ ਸਕਦੇ।