
ਸੁਪਰੀਮ ਕੋਰਟ ਨੇ ਪ੍ਰੀਖਿਆਵਾਂ ਮੁਲਤਵੀ ਕਰਨ ਸਬੰਧੀ ਪਟੀਸ਼ਨ ਕੀਤੀ ਖਾਰਜ
ਨਵੀਂ ਦਿੱਲੀ : ਭਾਰਤੀ ਸੁਪਰੀਮ ਕੋਰਟ ਨੇ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ ਵਿਚ ਦਾਖ਼ਲੇ ਲਈ ਲਈਆਂ ਜਾਣ ਵਾਲੀਆਂ ਦਾਖ਼ਲਾ ਪ੍ਰੀਖਿਆਵਾਂ (ਨੀਟ ਅਤੇ ਜੇ.ਈ.ਈ. ਮੇਨ) ਮੁਲਤਵੀ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਪ੍ਰੀਖਿਆਵਾਂ ਤੈਅ ਸਮੇਂ ‘ਤੇ ਹੀ ਲਈਆਂ ਜਾਣਗੀਆਂ। ਸਰਬਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੁਣ ਜੇ.ਈ.ਈ ਮੇਨ-2020 ਦੀ ਪ੍ਰੀਖਿਆ 1 ਤੋਂ 6 ਸਤੰਬਰ, ਜਦਕਿ ਨੀਟ-2020 ਦੀ ਪ੍ਰੀਖਿਆ 13 ਸਤੰਬਰ ਨੂੰ ਹੋਵੇਗੀ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਕ੍ਰਿਸ਼ਣ ਮੁਰਾਰੀ ਦੀ 3 ਮੈਂਬਰੀ ਬੈਂਚ ਨੇ ਦੇਸ਼ ਵਿਚ ਵਿਦਿਆਰਥੀਆਂ ਦੇ ਭਵਿੱਖ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੀ ਵਿਦਿਆਰਥੀਆਂ ਦਾ ਇਕ ਕੀਮਤੀ ਸਾਲ ਇੰਝ ਹੀ ਬਰਬਾਦ ਹੋਣ ਦਿੱਤਾ ਜਾਵੇ। ਸੁਣਵਾਈ ਦੌਰਾਨ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ ਕਿ ਸਿੱਖਿਆ ਨਾਲ ਜੁੜੀਆਂ ਚੀਜ਼ਾਂ ਨੂੰ ਹੁਣ ਖੋਲ੍ਹ ਦੇਣਾ ਚਾਹੀਦਾ ਹੈ ਕਿਉਂਕਿ ਕੋਵਿਡ-19 ਇਕ ਸਾਲ ਹੋਰ ਜਾਰੀ ਰਹਿ ਸਕਦਾ ਹੈ।
ਜ਼ਿਕਰਯੋਗ ਹੈ ਕਿ 11 ਰਾਜਾਂ ਦੇ 11 ਵਿਦਿਆਰਥੀਆਂ ਨੇ ਸੁਪਰੀਮ ਕੋਰਟ ਵਿਚ ਦੇਸ਼ ਦੇ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਹਵਾਲੇ ਨਾਲ ਜੇ.ਈ.ਈ ਮੇਨ ਅਤੇ ਨੀਟ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ ਕੀਤੀ ਸੀ। ਵਿਦਿਆਰਥੀਆਂ ਵਲੋਂ ਪੈਰਵੀ ਕਰਦਿਆਂ ਐਡਵੋਕੇਟ ਅਲਖ ਅਲੋਕ ਸ੍ਰੀਵਾਸਤਵਾ ਨੇ ਦਲੀਲ ਦਿੰਦਿਆਂ ਕਿਹਾ ਕਿ ਜੇਕਰ ਸੀ. ਬੀ. ਐੱਸ. ਈ., ਆਈ. ਸੀ. ਐੱਸ. ਈ. ਅਤੇ ਏ. ਆਈ. ਬੀ. ਈ. ਪ੍ਰੀਖਿਆਵਾਂ ਟਾਲੀਆਂ ਜਾ ਸਕਦੀਆਂ ਹਨ ਤਾਂ ਜੇ.ਈ.ਈ. ਅਤੇ ਨੀਟ ਕਿਉਂ ਨਹੀਂ। ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਕਰੋਨਾ ਕਾਰਨ ਦੇਸ਼ ਵਿਚ ਸਭ ਕੁਝ ਰੋਕਿਆ ਨਹੀਂ ਜਾ ਸਕਦਾ।