Breaking News
Home / ਭਾਰਤ / ਦਿੱਲੀ ‘ਚ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ੁਰੂ

ਦਿੱਲੀ ‘ਚ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ੁਰੂ

ਨਵੀਂ ਦਿੱਲੀ/ : ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਸਰਕਾਰੀ ਤੇ ਕਲੱਸਟਰ ਯੋਜਨਾ ਤਹਿਤ ਚੱਲਦੀਆਂ ਬੱਸਾਂ ਵਿੱਚ ਮੰਗਲਵਾਰ ਤੋਂ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਬੱਸਾਂ ‘ਤੇ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੂੰ ਗੁਲਾਬੀ ਕਾਰਡ ਦਿੱਤੇ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਯੋਜਨਾ ਨਾਲ ਜਿੱਥੇ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਵਿੱਚ ਮਦਦ ਮਿਲੇਗੀ, ਉਥੇ ਮਹਿਲਾਵਾਂ ਨਾਲ ਹੁੰਦੇ ਲਿੰਗ ਆਧਾਰਿਤ ਵਿਤਕਰੇ ਨੂੰ ਘਟਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ‘ਏਕੇ ਐਪ’ ਰਾਹੀਂ ਉਕਤ ਯੋਜਨਾ ਨੂੰ ‘ਭਾਈ ਦੂਜ’ ਦੇ ਤਿਓਹਾਰ ਮੌਕੇ ਔਰਤਾਂ ਲਈ ਤੋਹਫ਼ਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥਣਾਂ ਨੂੰ ਆਪਣੀ ਪੜ੍ਹਾਈ ਵਿਚਾਲੇ ਨਹੀਂ ਛੱਡਣੀ ਪਵੇਗੀ ਤੇ ਉਹ ਬੱਸਾਂ ਰਾਹੀਂ ਸਫ਼ਰ ਕਰ ਕੇ ਦੂਰ ਦਰਾਜ ਦੇ ਸਕੂਲਾਂ/ਕਾਲਜਾਂ ‘ਚ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਦਫ਼ਤਰਾਂ ਦੀਆਂ ਕੰਮਕਾਜੀ ਮਹਿਲਾਵਾਂ ਨੂੰ ਵੀ ਟਰਾਂਸਪੋਰਟ ਨੂੰ ਲੈ ਕੇ ਚਿੰਤਤ ਹੋਣ ਦੀ ਲੋੜ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਬਜ਼ੁਰਗਾਂ ਤੇ ਵਿਦਿਆਰਥੀਆਂ ਲਈ ਵੀ ਮੁਫ਼ਤ ਬੱਸ ਸ਼ੁਰੂ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮਹਿਲਾਵਾਂ ਲਈ ਮੁਫਤ ਯਾਤਰਾ ਮੰਗਲਵਾਰ ਤੋਂ ਹੀ ਦਿੱਲੀ ਬੱਸਾਂ ਵਿੱਚ ਸ਼ੁਰੂ ਹੋ ਗਈ ਹੈ। ਮਹਿਲਾਵਾਂ ਦੀ ਸੁਰੱਖਿਆ ਦੇ ਨਾਲ-ਨਾਲ ਇਹ ਕਦਮ ਦਿੱਲੀ ਦੀ ਆਰਥਿਕਤਾ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਏਗਾ। ਹੁਣ ਤੋਂ ਮਹਿਲਾਵਾਂ ਦਿੱਲੀ ਦੀਆਂ ਬੱਸਾਂ ਵਿਚ ਮੁਫਤ ਯਾਤਰਾ ਕਰ ਸਕਣਗੀਆਂ। ਦਿੱਲੀ ਦੀ ਕਲੱਸਟਰ ਸਕੀਮ ਅਧੀਨ ਲਗਪਗ 3700 ਡੀਟੀਸੀ ਬੱਸਾਂ ਤੇ 1800 ਹੋਰ ਬੱਸਾਂ ਹਨ।
ਬੱਸਾਂ ‘ਚ 13 ਹਜ਼ਾਰ ਮਾਰਸ਼ਲਾਂ ਦੀ ਤਾਇਨਾਤੀ : ਦਿੱਲੀ ਸਰਕਾਰ ਨੇ ਰਾਜਧਾਨੀ ਦੀਆਂ ਬੱਸਾਂ ਅੰਦਰ ਮਹਿਲਾ ਸੁਰੱਖਿਆ ਬੰਦੋਬਸਤ ਮਜ਼ਬੂਤ ਕਰਦੇ ਹੋਏ ਮਾਰਸ਼ਲਾਂ ਦੀ ਤਾਇਨਾਤੀ ਕੀਤੀ ਹੈ। ਕਰੀਬ 13 ਹਜ਼ਾਰ ਮਾਰਸ਼ਲਾਂ ਨੂੰ ਦਿੱਲੀ ਦੀਆਂ ਬੱਸਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਬੀਤੇ ਦਿਨੀਂ ਸ਼ੁਰੂ ਕੀਤੀਆਂ ਗਈਆਂ ਨਵੀਆਂ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …