Breaking News
Home / ਭਾਰਤ / ਬਦਲਾਅ : ਕਾਮਨ ਸੈਂਟਰਲ ਸਕੱਤਰੇਤ ਤੇ ਸੈਂਟਰਲ ਵਿਸਟਾ ‘ਤੇ ਖਰਚ ਹੋਣਗੇ ਸਾਢੇ 12 ਹਜ਼ਾਰ ਕਰੋੜ ਰੁਪਏ

ਬਦਲਾਅ : ਕਾਮਨ ਸੈਂਟਰਲ ਸਕੱਤਰੇਤ ਤੇ ਸੈਂਟਰਲ ਵਿਸਟਾ ‘ਤੇ ਖਰਚ ਹੋਣਗੇ ਸਾਢੇ 12 ਹਜ਼ਾਰ ਕਰੋੜ ਰੁਪਏ

ਪੰਜ ਤਾਰਾ ਸਹੂਲਤ ਨਾਲ ਲੈਸ ਹੋਵੇਗਾ ਨਵਾਂ ਸੰਸਦ ਭਵਨ, ਕੰਮ ਅਗਲੇ ਸਾਲ ਤੋਂ
ਨਵੇਂ ਭਵਨ ਵਿਚ ਇਕ ਹਜ਼ਾਰ ਤੋਂ ਵੱਧ ਸੰਸਦ ਮੈਂਬਰ ਬੈਠ ਸਕਣਗੇ, ਨਾਰਥ ਤੇ ਸਾਊਥ ਬਲਾਕ ਭੂਚਾਲ ਰੋਕੂ ਹੋਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੀ ਰਾਜਧਾਨੀ ਦਿੱਲੀ ਦਾ ਚਿਹਰਾ ਬਦਲਣ ਦੀ ਪਹਿਲ ਸ਼ੁਰੂ ਕਰ ਦਿੱਤੀ ਗਈ ਹੈ। ਸੰਸਦ ਭਵਨ ਨੂੰ ਪੰਜ ਤਾਰਾ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਆਧੁਨਿਕ ਤਕਨੀਕ ਨਾਲ ਲੈਸ ਹੋਣ ਕਾਰਨ ਦੇਸ਼ ਦੇ ਨਵੇਂ ਸੰਸਦ ਭਵਨ ‘ਤੇ ਸਾਈਬਰ ਹਮਲਾ ਸੰਭਵ ਨਹੀਂ ਹੋਵੇਗਾ। ਨਵਾਂ ਸੰਸਦ ਭਵਨ ਭੂਚਾਲ ਦੇ ਝਟਕੇ ਸਹਿਣਯੋਗ ਤੇ ਫਾਇਰਪਰੂਫ ਹੋਵੇਗਾ। ਤਜਵੀਜ਼ਸ਼ੁਦਾ ਯੋਜਨਾ ‘ਚ ਅਗਲੇ ਢਾਈ ਸੌ ਸਾਲ ਤਕ ਦੀਆਂ ਭਵਿੱਖੀ ਲੋੜਾਂ ਨੂੰ ਧਿਆਨ ‘ਚ ਰੱਖਿਆ ਗਿਆ ਹੈ। ਪ੍ਰਾਜੈਕਟ ਵੇਲੇ ਸਿਰ ਪੂਰਾ ਕਰਨ ਲਈ ਕੰਸਲਟੈਂਟ ਕੰਪਨੀ ਦੀ ਚੋਣ ਕੀਤੀ ਗਈ ਹੈ, ਜਿਹੜੀ ਆਈਡੀਆ, ਡਿਜ਼ਾਈਨ ਤੇ ਪਲਾਨਿੰਗ ਦੇ ਨਾਲ-ਨਾਲ ਅਮਲ ‘ਤੇ ਵੀ ਕੰਮ ਕਰੇਗੀ।
ਚੋਣ ਕੰਸਲਟੈਂਟ ਕੰਪਨੀ ਦੇ ਖਰੜੇ ਨੂੰ ਮਨਜ਼ੂਰੀ ਤੋਂ ਬਾਅਦ ਉਸ ‘ਤੇ ਲੋਕਾਂ ਦੀ ਰਾਏ ਲੈਣ ਲਈ ਵੈਬਸਾਈਟ ‘ਤੇ ਪਾ ਦਿੱਤਾ ਜਾਵੇਗਾ। ਡਿਜ਼ਾਈਨ ਤੇ ਆਰਕੀਟੈਕਚਰ ਦੇ ਆਈਡੀਆ ਦੇਣ ਲਈ ਆਲਮੀ ਟੈਂਡਰ ‘ਚ ਕੁਲ 24 ਕੰਪਨੀਆਂ ਨੇ ਹਿੱਸਾ ਲਿਆ ਸੀ, ਜਿਸ ‘ਚੋਂ ਛੇ ਨੂੰ ਚੁਣਿਆ ਗਿਆ ਸੀ। ਪ੍ਰੋ. ਪੀਐੱਸਐੱਨ ਰਾਓ ਦੀ ਛੇ ਮੈਂਬਰੀ ਕਮੇਟੀ ਨੇ ਅਖ਼ੀਰ ‘ਚ ਗੁਜਰਾਤ ਦੀ ਫਰਮ ਐੱਚਸੀਪੀ ਡਿਜ਼ਾਈਨ, ਪਲਾਨਿੰਗ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਡ ਦੀ ਚੋਣ ਕੀਤੀ। ਕੰਪਨੀ ਨੂੰ ਫੀਸ ਦੇ ਰੂਪ ‘ਚ 229 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਇਹ ਕੰਸਲਟੈਂਟ ਕੰਪਨੀ ਪ੍ਰਾਜੈਕਟ ਦੇ ਆਰਕੀਟੈਕਚਰ ਤੇ ਡਿਜ਼ਾਈਨਿੰਗ ਨਾਲ ਅਮਲ ਦਾ ਕੰਮ ਵੀ ਕਰੇਗੀ ਜਦਕਿ ਪ੍ਰਾਜੈਕਟ ਦੀ ਨੋਡਲ ਏਜੰਸੀ ਸੀਪੀਡਬਲਯੂ ਹੋਵੇਗੀ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਸ ਦੇ ਨਿਰਮਾਣ ‘ਚ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੰਸਦ ਦੇ ਨਵੇਂ ਭਵਨ, ਕਾਮਨ ਸੈਂਟਰਲ ਸਕੱਤਰੇਤ ਤੇ ਸੈਂਟਰਲ ਵਿਸਟਾ ਦੇ ਨਿਰਮਾਣ ਵਰਗੇ ਅਹਿਮ ਕੰਮਾਂ ਲਈ ਇਕ ਵਿਸ਼ਵ ਪੱਧਰੀ ਕੰਪਨੀਆਂ ਨਾਲ ਸਮਝੌਤਾ ਕੀਤਾ ਜਾਵੇਗਾ। ਕੇਂਦਰੀ ਮੰਤਰੀ ਪੁਰੀ ਨੇ ਦੱਸਿਆ ਕਿ ਨਵਾਂ ਸੰਸਦ ਭਵਨ ਕੰਪਲੈਕਸ ਸਾਇਬਰ ਕ੍ਰਾਈਮ ਮੁਕਤ ਹੋਵੇਗਾ। ਭਵਨ ਨੂੰ ਫਾਇਰ ਪਰੂਫ ਬਣਾਉਣ ਲਈ ਵਿਸ਼ਵ ਪੱਧਰੀ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
ਸ਼ਹਿਰੀ ਵਿਕਾਸ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੀ ਤਕਨੀਕ ਲਈ ਕਿਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਹ ਇਮਾਰਤ ਢਾਈ ਸੌ ਸਾਲ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਬਣਾਈ ਜਾਣ ਵਾਲੀ ਹੈ। ਇਸ ਦੇ ਨਿਰਮਾਣ ‘ਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਵਰਤੀ ਜਾ ਸਕਦੀ।
ਇਕ ਸਵਾਲ ਦੇ ਜਵਾਬ ‘ਚ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਪੁਰੀ ਨੇ ਦੱਸਿਆ ਕਿ ਸੰਸਦ ਦੇ ਨਵੇਂ ਭਵਨ ‘ਚ ਇਕ ਹਜ਼ਾਰ ਤੋਂ ਵੱਧ ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਸਾਰੇ ਸੰਸਦ ਮੈਂਬਰਾਂ ਨਾਲ ਉਨ੍ਹਾਂ ਦੇ ਸਟਾਫ ਲਈ ਵੀ ਵੱਖ-ਵੱਖ ਕਮਰੇ ਦਿੱਤੇ ਸਕਣਗੇ। ਉਨ੍ਹਾਂ ਕਿਹਾ ਕਿ 10 ਤੋਂ 15 ਲੱਖ ਵੋਟਰਾਂ ਦੇ ਨੁਮਾਇੰਦਿਆਂ ਦੇ ਸੰਸਦ ਭਵਨ ‘ਚ ਬੈਠਣ ਦੀ ਸਹੀ ਵਿਵਸਥਾ ਹੋਣੀ ਚਾਹੀਦੀ ਹੈ। ਪੁਰਾਣੇ ਸੰਸਦ ਭਵਨ ਦੀ ਸਹੀ ਵਰਤੋਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਹੈਰੀਟੇਜ ਭਵਨ ਦੇ ਤੌਰ ‘ਤੇ ਉਸ ਦਾ ਬਾਹਰਲਾ ਹਿੱਸਾ ਜਿਉਂ ਦਾ ਤਿਉਂ ਕਾਇਮ ਰਹੇਗਾ, ਜਦਕਿ ਅੰਦਰੂਨੀ ਹਿੱਸੇ ‘ਚ ਬਦਲਾਅ ਕੀਤੇ ਜਾਣ ਦੀ ਸੰਭਾਵਨਾ ਹੈ।
ਦੁਰਗਾ ਸ਼ੰਕਰ ਮਿਸ਼ਰ ਨੇ ਦੱਸਿਆ ਕਿ ਦੇਸ਼ ਦੀ ਸ਼ਾਨ ਨਾਲ ਜੁੜੇ ਇਸ ਪ੍ਰਾਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ। ਇਸ ‘ਚ ਸਭ ਤੋਂ ਚੰਗੇ ਵਾਸਤੂਕਾਰਾਂ ਨਾਲ ਪਲਾਨਿੰਗ ਵੀ ਭਵਿੱਖ ਨੂੰ ਧਿਆਨ ‘ਚ ਰੱਖ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਈ 2020 ਤਕ ਸਾਰੇ ਨਿਰਮਾਣ ਕਾਰਜ ਚੁਣੀਆਂ ਗਈਆਂ ਕੰਪਨੀਆਂ ਨੂੰ ਵੰਡ ਦਿੱਤੇ ਜਾਣਗੇ। ਸੀਪੀਡਬਲਯੂਡੀ ਦੇ ਡਾਇਰੈਕਟਰ ਜਨਰਲ ਪ੍ਰਭਾਕਰ ਸਿੰਘ ਨੇ ਦੱਸਿਆ ਕਿ ਪੂਰੇ ਪ੍ਰਾਜੈਕਟ ਦੀ ਨੋਡਲ ਏਜੰਸੀ ਦੇ ਰੂਪ ‘ਚ ਉਨ੍ਹਾਂ ਦਾ ਵਿਭਾਗ ਕੰਮ ਕਰੇਗਾ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਦੱਸਿਆ ਕਿ ਸੰਸਦ ਭਵਨ ਦੀ ਨਵੀਂ ਇਮਾਰਤ, ਕਾਮਨ ਕੇਂਦਰੀ ਸਕੱਤਰੇਤ ਤੇ ਸੈਂਟਰਲ ਵਿਸਟਾ ਦਾ ਕੰਮ ਕਰਵਾਉਣ ਲਈ ਪਹਿਲ ਦੇ ਆਧਾਰ ‘ਤੇ 12450 ਕਰੋੜ ਰੁਪਏ ਖ਼ਰਚ ਦਾ ਅਨੁਮਾਨ ਹੈ। ਨਾਰਥ ਤੇ ਸਾਊਥ ਬਲਾਕ ਦੀਆਂ ਇਮਾਰਤਾਂ ਨੂੰ ਭੂਚਾਲ ਵਿਰੋਧੀ ਟ੍ਰੀਟਮੈਂਟ ਦੀ ਸਖ਼ਤ ਜ਼ਰੂਰਤ ਹੈ, ਜਿਸ ਨੂੰ ਇਸੇ ਦੌਰਾਨ ਪੂਰਾ ਕੀਤਾ ਜਾਵੇਗਾ। ਰਾਸ਼ਟਰਪਤੀ ਭਵਨ ਸਮੇਤ ਇਨ੍ਹਾਂ ਹੈਰੀਟੇਜ ਇਮਾਰਤਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ।
ਕਈ ਪ੍ਰਾਜੈਕਟ ਡੈਵਲਪ ਕਰ ਚੁੱਕੀ ਹੈ ਗੁਜਰਾਤ ਦੀ ਫਰਮ ਐੱਚਸੀਪੀ
ਆਰਕੀਟੈਕਟ ਬਿਮਲ ਪਟੇਲ ਦੀ ਅਗਵਾਈ ਵਾਲੀ ਅਹਿਮਦਾਬਾਦ ਸਥਿਤ ਫਰਮ ਐੱਚਸੀਪੀ ਕਈ ਪ੍ਰਾਜੈਕਟ ਡੈਵਲਪ ਕਰ ਚੁੱਕੀ ਹੈ। ਇਸੇ ਫਰਮ ਨੇ ਸਾਬਰਮਤੀ ਰੀਵਰਫਰੰਟ ਡੈਵਲਪ ਕੀਤਾ ਹੈ ਜਿੱਥੇ ਹੁਣੇ ਜਿਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਸਮਾਗਮ ਕੀਤਾ ਸੀ। ਇਸ ਤੋਂ ਇਲਾਵਾ ਇਸ ਫਰਮ ਨੇ ਗਾਂਧੀਨਗਰ ‘ਚ ਸੈਂਟਰਲ ਵਿਸਟਾ ਤੇ ਮੁੰਬਈ ਪੋਰਟ ਕੰਪਲੈਕਸ ਡਿਵੈਲਪ ਕੀਤਾ ਹੈ।

Check Also

ਚੰਡੀਗੜ੍ਹ ਦੇ ਨਵੇਂ ਡੀਸੀ ਲਈ ਹਰਿਆਣਾ ਸਰਕਾਰ ਤੋਂ ਮੰਗਿਆ ਪੈਨਲ

ਲੋਕ ਸਭਾ ਚੋਣਾਂ ਤੋਂ ਬਾਅਦ ਅਫ਼ਸਰਸ਼ਾਹੀ ’ਚ ਹੋਵੇਗਾ ਬਦਲਾਅ, ਕਈ ਅਧਿਕਾਰੀਆਂ ਦਾ ਕਾਰਜਕਾਲ ਹੋ ਰਿਹਾ …