Breaking News
Home / ਪੰਜਾਬ / ਕਿਸਾਨਾਂ-ਮਜ਼ਦੂਰਾਂ ਨੇ ਬਾਦਲਾਂ ਦੀ ਰਿਹਾਇਸ਼ ਦਾ ਕੀਤਾ ਘਿਰਾਓ

ਕਿਸਾਨਾਂ-ਮਜ਼ਦੂਰਾਂ ਨੇ ਬਾਦਲਾਂ ਦੀ ਰਿਹਾਇਸ਼ ਦਾ ਕੀਤਾ ਘਿਰਾਓ

ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਕੀਤਾ ਲਾਠੀਚਾਰਜ
ਲੰਬੀ/ਬਿਊਰੋ ਨਿਊਜ਼ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰੀ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਖ਼ਿਲਾਫ਼ ਬਾਦਲਾਂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਖਿਉਵਾਲੀ ਰੋਡ ਨਾਕੇ ‘ਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਵਰ੍ਹਾਈਆਂ ਡਾਂਗਾਂ ਨਾਲ ਸੰਘਰਸ਼ ਕਮੇਟੀ ਦੇ ਆਗੂ ਧਰਮ ਸਿੰਘ ਸਮੇਤ ਕਰੀਬ ਚਾਰ ਕਾਰਕੁਨ ਜ਼ਖ਼ਮੀ ਹੋ ਗਏ। ਬਾਕੀ ਨਾਕਿਆਂ ‘ਤੇ ਕਿਸਾਨ ਸਾਰੀਆਂ ਰੋਕਾਂ ਤੋੜ ਕੇ ਬਾਦਲਾਂ ਦੀ ਰਿਹਾਇਸ਼ ਅੱਗੇ ਪਹੁੰਚਣ ਵਿਚ ਕਾਮਯਾਬ ਹੋਏ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਪਿੱਦੀ ਨੇ ਕਿਹਾ ਕਿ ਖੇਤੀ ਤੇ ਬਿਜਲੀ ਰਾਜਾਂ ਦੀ ਸਮਵਰਤੀ ਸੂਚੀ ਵਿਚ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ‘ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ।
ਉਕਤ ਤਿੰਨਾਂ ਆਰਡੀਨੈਂਸਾਂ ਨਾਲ ਪੰਜਾਬ ਦੀ ਪੰਜ ਏਕੜ ਤੋਂ ਘੱਟ ਵਾਲੀ ਕਿਸਾਨੀ ਜੋ ਕਿ 85 ਫੀਸਦ ਬਣਦੀ ਹੈ, ਖੇਤੀ ਕਿੱਤੇ ਵਿਚੋਂ ਬਾਹਰ ਹੋ ਜਾਵੇਗੀ ਅਤੇ 500 ਤੋਂ 1000 ਏਕੜ ਤੱਕ ਦੇ ਵੱਡੇ ਖੇਤੀ ਫਾਰਮ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੇਠ ਬਣਨਗੇ। ਕਰੋਨਾ ਮਹਾਮਾਰੀ ਵਿਚ ਸਮਾਜਿਕ ਦੂਰੀ ਦੇ ਮਸਲੇ ‘ਤੇ ਪਿੱਦੀ ਨੇ ਕਿਹਾ ਕਿ ਇਹ ਬਿਮਾਰੀ ਕਿਸੇ ਮਿਹਨਤਕਸ਼ ਨੂੰ ਨਹੀਂ ਹੁੰਦੀ। ਇਹ ਵਿਹਲੜਾਂ, ਅਫਸਰਾਂ ਤੇ ਮੰਤਰੀ-ਵਿਧਾਇਕਾਂ ਨੂੰ ਹੋਣ ਵਾਲੀ ਬਿਮਾਰੀ ਹੈ। ਕੇਂਦਰ ਸਰਕਾਰ ਨੇ ਮਹਾਮਾਰੀ ਦਾ ਖੌਫ਼ ਵਿਖਾ ਕੇ ਆਮ ਜਨਤਾ ‘ਤੇ ਖੇਤੀ ਸੁਧਾਰ ਅਤੇ ਬਿਜਲੀ ਸੋਧ ਬਿੱਲ ਦਾ ਫਾਹਾ ਲੋਕਾਂ ਦੇ ਗਲੇ ਵਿਚ ਪਾ ਦਿੱਤਾ ਹੈ। ਪਿੱਦੀ ਨੇ ਬਾਦਲਾਂ ਨੂੰ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਆਰਡੀਨੈਂਸ ਵਾਪਸ ਕਰਵਾਉਣ ਦੀ ਅਪੀਲ ਕੀਤੀ।

 

Check Also

ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਚਿਤਾਵਨੀ

ਕਿਹਾ : ਕਾਂਗਰਸ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਮਾਨ ਖਿਲਾਫ਼ ਮਾਮਲਾ ਹੋਵੇਗਾ ਦਰਜ ਸੰਗਰੂਰ/ਬਿਊਰੋ …