ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰਾਂ ‘ਤੇ ਖਰਚੇ ਸਨ 90 ਲੱਖ ਰੁਪਏ – ਉੱਠਣ ਲੱਗੇ ਸਵਾਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਬੇਅਦਬੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਸਿਰਸਾ ਮੁਖੀ ਨੂੰ ਨਾਮਜ਼ਦ ਕੀਤੇ ਜਾਣ ਮਗਰੋਂ ਹੁਣ ਸਤੰਬਰ 2015 ਵਿਚ ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਦਿੱਤੀ ਮੁਆਫ਼ੀ ਦਾ ਮਾਮਲਾ ਭਖਣ ਲੱਗਿਆ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ਼ਤਿਹਾਰਾਂ ‘ਤੇ ਖ਼ਰਚ ਕੀਤੇ ਗਏ ਲਗਭਗ 90 ਲੱਖ ਰੁਪਏ ਕਾਰਨ ਸਿੱਖ ਸੰਸਥਾ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਬੇਅਦਬੀ ਮਾਮਲੇ ਬਾਰੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਆਖਿਆ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਹੋਰਨਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਸੀ, ਜੋ ਕਿ ਸਮੁੱਚੇ ਘਟਨਾਕ੍ਰਮ ਦਾ ਇੱਕ ਹਿੱਸਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਉਸ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਲੱਗੇਗੀ ਅਤੇ ਕਾਨੂੰਨੀ ਕਾਰਵਾਈ ਦੀ ਚਾਰਾਜੋਈ ਹੋਵੇਗੀ। ਉਨ੍ਹਾਂ ਆਖਿਆ ਕਿ ਇਸ ਸਾਰੇ ਘਟਨਾਕ੍ਰਮ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਸ਼ੱਕੀ ਰਹੀ ਹੈ ਕਿਉਂਕਿ ਸੂਬੇ ਦੀ ਸੱਤਾ ਵਿੱਚ ਹੋਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੁੰਦਿਆਂ ਅਕਾਲੀ ਦਲ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿਚ ਭੂਮਿਕਾ ਨਿਭਾਈ ਸੀ, ਜਿਸ ਦਾ ਖੁਲਾਸਾ ਉਸ ਵੇਲੇ ਇਕ ਜਥੇਦਾਰ ਵਲੋਂ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਅਕਾਲੀ ਆਗੂਆਂ ਕੋਲੋਂ ਪੁੱਛ-ਪੜਤਾਲ ਕੀਤੇ ਜਾਣ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਸਬੰਧੀ ਸਵਾਲ ਕੀਤੇ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਦੇ ਸਮਰਥਨ ਵਿਚ 90 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਸਨ, ਜੋ ਕਿ ਅਜਾਈਂ ਗਏ ਹਨ। ਕੀ ਉਹ ਰਕਮ ਵਸੂਲੀ ਜਾਵੇਗੀ?
ਉਨ੍ਹਾਂ ਆਖਿਆ ਕਿ ਮੌੜ ਬੰਬ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਤੇ ਹੋਰ ਮਾਮਲਿਆਂ ਵਿਚ ਵੀ ਪਹਿਲਾਂ ਜੋ ਤੱਥ ਦਿੱਤੇ ਗਏ ਸਨ, ਉਹ ਹੁਣ ਗਲਤ ਸਾਬਤ ਹੋਏ ਹਨ, ਜਿਸ ਬਾਰੇ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਸੀਬੀਆਈ ਜਾਂਚ ਵਿਚ ਅੜਿੱਕਾ ਪਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਇਸ ਅੜਿੱਕੇ ਦਾ ਵਿਰੋਧ ਕਰਨਗੇ। ਇਸ ਤੋਂ ਪਹਿਲਾਂ ਏਆਈਸੀਸੀ ਦੇ ਕਿਸਾਨ ਵਿੰਗ ਦੇ ਆਗੂ ਬਲੀਏਵਾਲ ਵਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇ ਕੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਉਭਾਰਿਆ ਗਿਆ ਹੈ। ਉਨ੍ਹਾਂ ਇਸ ਮਾਮਲੇ ਵਿਚ ਸਾਬਕਾ ਜਥੇਦਾਰ ਨੂੰ ਤਲਬ ਕਰਕੇ ਸਪੱਸ਼ਟੀਕਰਨ ਲੈਣ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਪੁੱਛ-ਪੜਤਾਲ ਕਰਨ ਦੀ ਅਪੀਲ ਕੀਤੀ ਹੈ ਕਿ ਉਸ ਨੇ ਕਿਸ ਮਜਬੂਰੀ ਤਹਿਤ ਉਸ ਵੇਲੇ 90 ਲੱਖ ਰੁਪਏ ਦੀ ਰਕਮ ਖਰਚ ਕੀਤੀ ਸੀ।
Check Also
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਿ੍ਰਪੁਰਾ ਅਤੇ ਮਿਜ਼ੋਰਮ ਦੇ ਰਾਜਪਾਲ
ਪਰਿਵਾਰ ਸਮੇਤ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਅੰਮਿ੍ਰਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ …