
ਭਾਰਤ ਕਿਸੇ ਵੀ ਮੁਸ਼ਕਲ ਨਾਲ ਨਿਪਟਣ ਲਈ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਨ ਨਾਲ ਹੋਏ ਟਕਰਾਅ ਤੋਂ ਬਾਅਦ ਭਾਰਤ ਨੇ ਕਿਸੇ ਵੀ ਹਾਲਾਤ ਨਾਲ ਨਿਪਟਣ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਲੰਘੇ ਦਿਨੀਂ ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ ਵੀ ਲੇਹ ਪਹੁੰਚੇ ਸਨ ਅਤੇ ਇਸ ਤੋਂ ਬਾਅਦ ਸ੍ਰੀਨਗਰ ਏਅਰਬੇਸ ਵੀ ਗਏ ਸਨ, ਪਰ ਇਹ ਜਾਣਕਾਰੀ ਅੱਜ ਹੀ ਸਾਹਮਣੇ ਆਈ ਹੈ। ਇਸਦੇ ਚੱਲਦਿਆਂ ਏਅਰ ਫੋਰਸ ਨੇ ਆਪਣੇ ਲੜਾਕੂ ਜਹਾਜ਼ ਸਰਹੱਦ ‘ਤੇ ਤਾਇਨਾਤ ਕਰ ਦਿੱਤੇ ਹਨ। ਉਧਰ ਚੀਨ ਨੇ ਵੀ ਕੰਟਰੋਲ ਰੇਖਾ ਨੇੜੇ ਆਪਣੇ 10 ਹਜ਼ਾਰ ਤੋਂ ਜ਼ਿਆਦਾ ਫੌਜੀ ਤੈਨਾਤ ਕਰ ਦਿੱਤੇ। ਇਸ ਨੂੰ ਦੇਖਦਿਆਂ ਏਅਰ ਚੀਫ ਮਾਰਸ਼ਲ ਨੇ ਕਿਸੇ ਵੀ ਹਾਲਾਤ ਨਾਲ ਨਿਪਟਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਹਿ ਚੁੱਕੇ ਹਨ ਕਿ ਸਮਾਂ ਆਉਣ ‘ਤੇ ਚੀਨ ਨੂੰ ਢੁੱਕਵਾਂ ਜਵਾਬ ਦਿੱਤਾ ਜਾਵੇਗਾ ਅਤੇ ਭਾਰਤੀ ਜਵਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।