Breaking News
Home / ਪੰਜਾਬ / ਬੇਅਦਬੀ ਕਾਂਡ ਮੁੜ ਇਕ ਵਾਰ ਫਿਰ ਚਰਚਾ ‘ਚ

ਬੇਅਦਬੀ ਕਾਂਡ ਮੁੜ ਇਕ ਵਾਰ ਫਿਰ ਚਰਚਾ ‘ਚ

ਐਸ.ਆਈ.ਟੀ ਦੇ ਮੁਖੀ ਦੀ ਬਦਲੀ ਤੋਂ ਸਿਆਸੀ ਅਟਕਲਾਂ ਦਾ ਬਜ਼ਾਰ ਗਰਮ
ਜਲੰਧਰ/ਬਿਊਰੋ ਨਿਊਜ਼
ਕੈਪਟਨ ਸਰਕਾਰ ਵਲੋਂ ਬੇਅਦਬੀ ਮਾਮਲਿਆਂ ਤੋਂ ਬਾਅਦ ਹੋਏ ਬਹਿਬਲ ਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਪੁਲਿਸ ਫਾਇਰਿੰਗ ਦੇ ਕੇਸਾਂ ਦੀ ਜਾਂਚ ਲਈ ਬਿਠਾਈ ਸਿਟ ਦੇ ਮੁਖੀ ਦੇ ਤਬਾਦਲੇ ਨਾਲ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਡੀ.ਜੀ.ਪੀ. (ਸਪੈਸ਼ਲ) ਪ੍ਰਬੋਧ ਕੁਮਾਰ ਨੂੰ ਇਸ ਅਹੁਦੇ ਤੋਂ ਬਦਲ ਕੇ ਬਹੁਤ ਹੀ ਘੱਟ ਅਹਿਮ ਡੀ.ਜੀ.ਪੀ. ਪ੍ਰੋਵੀਜ਼ਨਲ ਦੇ ਅਹੁਦੇ ਉੱਪਰ ਲਗਾ ਦਿੱਤਾ ਹੈ ਜਦਕਿ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਅਰਪਿਤ ਸ਼ੁਕਲਾ ਨੂੰ ਬਿਊਰੋ ਚੀਫ਼ ਦਾ ਅਹੁਦਾ ਦਿੱਤਾ ਹੈ। ਇਕ ਚੋਟੀ ਦੇ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਬਿਊਰੋ ਦੇ ਚੀਫ਼ ਹੋਣ ਦੇ ਨਾਮ ‘ਤੇ ਹੁਣ ਸ਼ੁਕਲਾ ਹੀ ਸਿਟ ਦੇ ਵੀ ਮੁਖੀ ਹੋਣਗੇ। ਇਕ ਹੋਰ ਅਹਿਮ ਗੱਲ ਇਹ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਐੱਸ.ਐੱਸ.ਪੀ. ਕਪੂਰਥਲਾ ਸਤਿੰਦਰ ਸਿੰਘ ਤੋਂ ਵਾਪਸ ਲੈ ਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਥ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਪਿਛਲੇ ਵਰ੍ਹੇ 30 ਮਈ ਨੂੰ ਕੋਟਕਪੂਰਾ ਪੁਲਿਸ ਫਾਇਰਿੰਗ ਦੇ ਕੇਸ ਦਾ ਚਲਾਨ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਕੱਲਿਆਂ ਹੀ ਅਦਾਲਤ ਵਿਚ ਪੇਸ਼ ਕੀਤਾ ਸੀ ਤੇ ਇਸ ਚਲਾਨ ਵਿਚ ਡੇਰਾ ਸਿਰਸਾ ਵਿਰੁੱਧ ਬਠਿੰਡਾ ਵਿਖੇ 2007 ਵਿਚ ਦਰਜ ਕੇਸ ਦੇ 2012 ‘ਚ ਵਾਪਸ ਲੈਣ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਡੇਰਾ ਮੁਖੀ ਨੂੰ ਮੁਆਫ਼ ਕੀਤੇ ਜਾਣ ਤੇ ਫਿਰ ਅਕਾਲੀ ਲੀਡਰਸ਼ਿਪ ਦੇ ਕਈ ਆਗੂਆਂ ਦੇ ਨਾਮ ਵੀ ਦਰਜ ਕੀਤੇ ਸਨ। ਇਸ ਚਲਾਨ ਨੂੰ ਲੈ ਕੇ ਸਿਟ ਵਿਚ ਮੱਤਭੇਦ ਉਭਰ ਆਏ ਸਨ। ਸਿਟ ਮੁਖੀ ਤੇ ਦੋ ਹੋਰ ਮੈਂਬਰਾਂ ਨੇ ਤਾਂ ਇਹ ਵੀ ਆਖ ਦਿੱਤਾ ਸੀ ਕਿ ਪੇਸ਼ ਕੀਤੇ ਚਲਾਨ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਪਿਛਲਾ ਕਰੀਬ ਇਕ ਸਾਲ ਸਿਟ ਠੰਢੀ ਹੀ ਰਹੀ ਹੈ। ਇਸ ਕਾਰਨ ਕਾਂਗਰਸ ਦੇ ਵਜ਼ੀਰਾਂ, ਵਿਧਾਇਕਾਂ ਤੇ ਬਹੁਤ ਸਾਰੇ ਆਗੂਆਂ ਵਲੋਂ ਮੁੱਖ ਮੰਤਰੀ ਉੱਪਰ ਸਵਾਲ ਵੀ ਖੜ੍ਹੇ ਕੀਤੇ ਜਾਂਦੇ ਰਹੇ ਹਨ। ਬਹੁਤ ਹੀ ਭਰੋਸੇਯੋਗ ਸੂਤਰਾਂ ਮੁਤਾਬਿਕ ਮੁੱਖ ਮੰਤਰੀ ਨੇ ਇਸ ਮੁੱਦੇ ਉਪਰ ਕੁਝ ਨਾ ਕੁਝ ਕਾਰਵਾਈ ਕਰਨ ਲਈ ਤਾਲਾਬੰਦੀ ਲੱਗਣ ਤੋਂ ਕੁਝ ਦਿਨ ਪਹਿਲਾਂ ਇਕ ਉੱਚ ਪੱਧਰੀ ਮੀਟਿੰਗ ਸੱਦੀ ਸੀ। ਸੂਚਨਾ ਮੁਤਾਬਿਕ ਇਸ ਮੀਟਿੰਗ ਵਿਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖਜਿੰਦਰ ਸਿੰਘ ਸੁਖ ਸਰਕਾਰੀਆ ਤੋਂ ਇਲਾਵਾ, ਐਡਵੋਕੇਟ ਜਨਰਲ, ਪੁਲਿਸ ਮੁਖੀ ਤੇ ਸਿਟ ਦੇ ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਹਾਜ਼ਰ ਸਨ। ਇਸ ਮੀਟਿੰਗ ਵਿਚ ਕੁਝ ਮੰਤਰੀਆਂ ਵਲੋਂ ਦਿਖਾਈ ਗਰਮਜੋਸ਼ੀ ਤੋਂ ਬਾਅਦ ਮੁੱਖ ਮੰਤਰੀ ਨੇ ਸਿਟ ਵਿਚ ਰੱਦੋ ਬਦਲ ਦੀ ਪੇਸ਼ਕਸ਼ ਕੀਤੀ। ਕੁਝ ਦਿਨ ਬਾਅਦ ਤਾਲਾਬੰਦੀ ਲੱਗਣ ਕਾਰਨ ਇਹ ਗੱਲ ਠੰਢੀ ਪੈ ਗਈ ਸੀ ਤੇ ਇਸ ਮੀਟਿੰਗ ਦੇ ਏਜੰਡੇ ਨੂੰ ਅੱਗੇ ਤੋਰਦਿਆਂ ਹੀ ਕੁਝ ਦਿਨ ਪਹਿਲਾਂ ਬਹਿਬਲ ਕਲਾਂ ਕਾਂਡ ਦੀ ਜਾਂਚ ਸਤਿੰਦਰ ਸਿੰਘ ਤੋਂ ਵਾਪਸ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੱਥ ਦਿੱਤੀ ਗਈ ਹੈ। ਇੱਥੇ ਜਾਣਨਾ ਜ਼ਰੂਰੀ ਹੈ ਕਿ ਪੰਜ ਮੈਂਬਰੀ ਜਾਂਚ ਟੀਮ ਵਿਚ ਕੰਮ ਵੰਡ ਅਨੁਸਾਰ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਆਈ.ਜੀ. ਅਰੁਣਪਾਲ ਸਿੰਘ ਤੇ ਐੱਸ.ਐੱਸ.ਪੀ. ਸਤਿੰਦਰ ਸਿੰਘ ਕੋਲ ਸੀ ਤੇ ਕੋਟਕਪੂਰਾ ਕਾਂਡ ਦੀ ਜਾਂਚ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਕੋਲ ਸੀ। ਹੁਣ ਚਰਚਾ ਹੈ ਕਿ ਸਾਰੀ ਸਿਟ ਵਿਚ ਹੀ ਰੱਦੋ ਬਦਲ ਹੋ ਸਕਦੀ ਹੈ। ਭਾਵੇਂ ਬਿਊਰੋ ਚੀਫ਼ ਹੋਣ ਕਾਰਨ ਮੁਖੀ ਤਾਂ ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਹੀ ਹੋਣਗੇ ਪਰ ਪ੍ਰਮੁੱਖ ਭੂਮਿਕਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੱਥ ਦਿੱਤੀ ਜਾ ਸਕਦੀ ਹੈ। ਉਂਝ ਵੀ ਇਸ ਵੇਲੇ ਦੋਵਾਂ ਬਹਿਬਲ ਕਲਾਂ ਤੇ ਕੋਟਕਪੂਰਾ ਮਾਮਲਿਆਂ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਕੋਲ ਚਲੀ ਗਈ ਹੈ। ਸਿਆਸੀ ਹਲਕਿਆਂ ਵਿਚ ਅਟਕਲਾਂ ਲੱਗ ਰਹੀਆਂ ਹਨ ਕਿ 2022 ਦੀ ਚੋਣ ਤੋਂ ਪਹਿਲਾਂ ਕਾਂਗਰਸ ਤੇ ਕੈਪਟਨ ਇਸ ਮੁੱਦੇ ਨੂੰ ਮੁੜ ਜਿਊਂਦਾ ਕਰ ਕੇ ਅਕਾਲੀ ਲੀਡਰਸ਼ਿਪ ਨੂੰ ਬਚਾਅ ਵਾਲੀ ਹਾਲਤ ਵਿਚ ਧੱਕਣ ਦੀ ਨੀਤੀ ਅਪਣਾ ਕੇ ਚੱਲ ਰਹੇ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …