ਸੰਗਤਾਂ ਦੇ ਦਰਬਾਰ ਸਾਹਿਬ ਆਉਣ ‘ਤੇ ਕੋਈ ਰੋਕ ਨਹੀਂ : ਡਾ : ਰੂਪ ਸਿੰਘ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਸੰਗਤਾਂ ਦੇ ਲਈ ਹਰ ਪਲ ਖੁੱਲ੍ਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕੀਤਾ। ਉਨ੍ਹਾਂ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੀ ਸੰਗਤ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਰੋਕ ਨਹੀਂ ਹੈ ਤੇ ਗੁਰੂਘਰ ਦੇ ਦਰਵਾਜ਼ੇ ਸਭ ਸੰਗਤਾਂ ਲਈ ਹਮੇਸ਼ਾ ਖੁੱਲ੍ਹੇ ਹਨ। ਕੁੱਝ ਚੈਨਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ‘ਤੇ ਰੋਕ ਲਗਾਏ ਜਾਣ ਸਬੰਧੀ ਖ਼ਬਰਾਂ ਪ੍ਰਸਾਰਿਤ ਕਰਨ ‘ਤੇ ਉਨ੍ਹਾਂ ਕਿਹਾ ਕਿ ਇਹ ਤੱਥਾਂ ਰਹਿਤ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਕੋਰੋਨਾ ਤੋਂ ਬਚਾਉ ਸਬੰਧੀ ਸੰਗਤਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ, ਅੰਦਰ ਜਾਣ ਵੇਲੇ ਸਭ ਦੇ ਹੱਥ ਸੈਨੇਟਾਈਜ਼ ਕਰਵਾਏ ਜਾ ਰਹੇ ਹਨ ਤੇ ਲੰਗਰ ਵਿਚ ਵੀ ਇਹਿਤਿਆਤ ਵਰਤੀ ਜਾ ਰਹੀ ਹੈ।