ਰਾਜਸਥਾਨ ਵਿਚ ਇਟਲੀ ਦੇ ਨਾਗਰਿਕ ਦੀ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਵਾਇਰਸ ਨਾਲ ਪੰਜਵੀਂ ਮੌਤ ਰਾਜਸਥਾਨ ਵਿਚ ਹੋਈ ਹੈ। ਅੱਜ 70 ਸਾਲ ਦੇ ਇਟਲੀ ਦੇ ਨਾਗਰਿਕ ਨੇ ਰਾਜਸਥਾਨ ਦੇ ਜੈਪੁਰ ਵਿਚ ਦਮ ਤੋੜਿਆ। ਉਹ 16 ਵਿਅਕਤੀਆਂ ਦੇ ਇਕ ਗਰੁੱਪ ਨਾਲ ਭਾਰਤ ਘੁੰਮਣ ਲਈ ਆਇਆ ਹੋਇਆ ਸੀ ਅਤੇ ਬਾਕੀ ਵਿਅਕਤੀਆਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਭਾਰਤ ਵਿਚ ਵੀ ਕਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਰਹੀ ਹੈ ਅਤੇ ਇਹ ਗਿਣਤੀ 213 ਤੱਕ ਪਹੁੰਚ ਗਈ ਹੈ। ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ 52 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਕੇਰਲਾ ਵਿਚ 28 ਅਤੇ ਉਤਰ ਪ੍ਰਦੇਸ਼ ਵਿਚ ਪੀੜਤਾਂ ਦੀ ਗਿਣਤੀ 23 ਹੋ ਚੁੱਕੀ ਹੈ। ਉਧਰ ਦਿੱਲੀ ਸਰਕਾਰ ਨੇ ਵੀ ਸਲਾਹ ਦਿੱਤੀ ਹੈ ਕਿ ਰਾਜਧਾਨੀ ਵਿਚ ਸਥਿਤ ਸਾਰੇ ਨਿੱਜੀ ਦਫਤਰਾਂ ਨੂੰ 31 ਮਾਰਚ ਤੱਕ ਕਰਮਚਾਰੀਆਂ ਨੂੰ ਘਰਾਂ ਵਿਚ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੰਘੇ ਕੱਲ੍ਹ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਐਤਵਾਰ ਸਵੇਰੇ 7 ਤੋਂ ਲੈ ਕੇ ਸ਼ਾਮ 9 ਵਜੇ ਤੱਕ ਲੋਕ ਘਰਾਂ ਵਿਚ ਹੀ ਰਹਿਣ।

