
ਹਿੰਸਕ ਪ੍ਰਦਰਸ਼ਨਾਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 42 ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਧਾਨੀ ਦਿੱਲੀ ਵਿਚ 4 ਦਿਨ ਚੱਲੇ ਫਿਰਕੂ ਦੰਗਿਆਂ ਵਿਚ ਹੁਣ ਤੱਕ 42 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ 350 ਤੋਂ ਜ਼ਿਆਦਾ ਜ਼ਖ਼ਮੀ ਵੀ ਹੋਏ ਹਨ। ਮੌਤਾਂ ਦੀ ਗਿਣਤੀ ਦੇ ਹਿਸਾਬ ਨਾਲ ਲੰਘੇ 18 ਸਾਲਾਂ ਵਿਚ ਦੇਸ਼ ਦਾ ਇਹ ਤੀਜਾ ਸਭ ਤੋਂ ਵੱਡਾ ਦੰਗਾ ਹੈ। ਜ਼ਿਕਰਯੋਗ ਹੈ ਕਿ 2005 ਵਿਚ ਯੂਪੀ ਦੇ ਮਾਊ ਜ਼ਿਲ੍ਹੇ ‘ਚ ਫਿਰਕੂ ਮਾਹੌਲ ਦੌਰਾਨ 14 ਵਿਅਕਤੀਆਂ ਦੀ ਜਾਨ ਗਈ ਸੀ। 2006 ਵਿਚ ਗੁਜਰਾਤ ਦੇ ਵਡੋਦਰਾ ਵਿਚ ਪ੍ਰਸ਼ਾਸਨ ਵਲੋਂ ਇਕ ਦਰਗਾਹ ਹਟਾਉਣ ਨੂੰ ਲੈ ਕੇ ਹੋਏ ਫਸਾਦ ਵਿਚ 8 ਜਾਨਾਂ ਗਈਆਂ ਸਨ ਅਤੇ 2013 ਵਿਚ ਉਤਰ ਪ੍ਰਦੇਸ਼ ਦੇ ਮੁਜੱਫਰਨਗਰ ਵਿਚ ਫਿਰਕੂ ਦੰਗਿਆਂ ਵਿਚ 62 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 18 ਸਾਲ ਪਹਿਲਾਂ 2002 ਵਿਚ ਗੁਜਰਾਤ ਦੰਗਿਆਂ ਦੌਰਾਨ 2000 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਚਲੀ ਗਈ ਸੀ।