Breaking News
Home / ਭਾਰਤ / ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨਾਂ ਨੇ ਧਾਰਿਆ ਹਿੰਸਕ ਰੂਪ

ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨਾਂ ਨੇ ਧਾਰਿਆ ਹਿੰਸਕ ਰੂਪ

ਦਿੱਲੀ ‘ਚ ਹੈਡ ਕਾਂਸਟੇਬਲ ਸਮੇਤ 38 ਮੌਤਾਂ
ਪਥਰਾਅ ਤੇ ਅਗਜ਼ਨੀ ਦੀਆਂ ਘਟਨਾਵਾਂ, 250 ਤੋਂ ਜ਼ਿਆਦਾ ਜ਼ਖ਼ਮੀ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖਿਲਾਫ ਦਿੱਲੀ ਵਿਚ ਹੋ ਰਹੇ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ ਅਤੇ ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ 38 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਵੀ ਕਰ ਦਿੱਤਾ। ਇਸੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਮੁੱਦੇ ‘ਤੇ ਉਤਰ ਪੂਰਬੀ ਦਿੱਲੀ ਵਿਚ ਲਗਾਤਾਰ ਹਿੰਸਾ ਹੁੰਦੀ ਰਹੀ। ਪ੍ਰਦਰਸ਼ਨਕਾਰੀਆਂ ਨੇ ਮੌਜਪੁਰ ਅਤੇ ਬ੍ਰਹਮਪੁਰੀ ਇਲਾਕੇ ਵਿਚ ਪੱਥਰਬਾਜ਼ੀ ਕੀਤੀ, ਇਕ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਤੋਂ ਪਹਿਲਾਂ ਜਾਫਰਾਬਾਦ ਅਤੇ ਮੌਜਪੁਰ ਇਲਾਕੇ ਵਿਚ ਸੀਏਏ ਵਿਰੋਧੀ ਅਤੇ ਸਮਰਥਕ ਧਿਰਾਂ ਆਹਮਣੇ-ਸਾਹਮਣੇ ਹੋ ਗਈਆਂ। ਇਸ ਦੌਰਾਨ ਹਿੰਸਾ ਵਿਚ ਹੈਡ ਕਾਂਸਟੇਬਲ ਰਤਨ ਲਾਲ ਸਮੇਤ 38 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸ਼ਹਾਦਰਾ ਦੇ ਡੀਸੀਪੀ ਅਮਿਤ ਸ਼ਰਮਾ, ਏਸੀਪੀ ਅਨੁਜ ਕੁਮਾਰ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਸਮੇਤ 40 ਜਵਾਨ ਜ਼ਖ਼ਮੀ ਹੋ ਗਏ। ਇਸ ਹਿੰਸਕ ਪ੍ਰਦਰਸ਼ਨਾਂ ਵਿਚ 250 ਤੋਂ ਜ਼ਿਆਦਾ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ। ਪੁਲਿਸ ਨੇ ਕਿਹਾ ਕਿ ਸਥਿਤੀ ਕੰਟਰੋਲ ਹੇਠ ਅਤੇ ਕਈ ਇਲਾਕਿਆਂ ਵਿਚ ਤਣਾਅ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰੀ ਡੋਨਾਲਡ ਟਰੰਪ ਦੇ ਭਾਰਤ ਦੌਰੇ ਅਤੇ ਉਨ੍ਹਾਂ ਦੇ ਦਿੱਲੀ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਹੋਈ ਹਿੰਸਾ ਦੇ ਪਿੱਛੇ ਦਿੱਲੀ ਪੁਲਿਸ ਨੂੰ ਕਿਸੇ ਸਾਜਿਸ਼ ਦਾ ਸ਼ੱਕ ਹੈ। ਪੁਲਿਸ ਮੁਤਾਬਕ, ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਦੁਨੀਆ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੀ ਛਵੀ ਖਰਾਬ ਕੀਤੀ ਜਾ ਸਕੇ। ਟਰੰਪ ਸੋਮਵਾਰ ਰਾਤ ਨੂੰ ਦਿੱਲੀ ਦੇ ਚਾਣਕਿਆ ਪੁਰੀ ਸਥਿਤ ਇਕ ਹੋਟਲ ਵਿਚ ਰੁਕੇ ਅਤੇ ਜਿੱਥੇ ਹਿੰਸਾ ਹੋਈ, ਉਹ ਇਲਾਕਾ ਇਥੋਂ 20 ਕਿਲੋਮੀਟਰ ਦੂਰ ਹੈ।
ਦਿੱਲੀ ‘ਚ ਸ਼ਾਂਤੀ ਬਹਾਲੀ ਦਾ ਜ਼ਿੰਮਾ ਅਜੀਤ ਡੋਭਾਲ ਨੂੰ
ਮੋਦੀ ਨੂੰ ਦੇਣਗੇ ਜਾਣਕਾਰੀ-ਹਾਈਕੋਰਟ ਨੇ ਅੱਧੀ ਰਾਤ ਨੂੰ ਕੀਤੀ ਸੁਣਵਾਈ
ਨਵੀਂ ਦਿੱਲੀ : ਉਤਰ ਪੂਰਬੀ ਦਿੱਲੀ ਵਿਚ ਸੀਏਏ ਵਿਰੋਧੀ ਹਿੰਸਾ ਵਿਚ ਬੁੱਧਵਾਰ ਸਵੇਰ ਤੱਕ 18 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਹੁਣ ਹਾਲਾਤ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਐਨਐਸਏ ਅਜੀਤ ਡੋਭਾਲ ਨੂੰ ਦਿੱਤੀ ਗਈ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਬਨਿਟ ਨੂੰ ਰਿਪੋਰਟ ਦੇਣਗੇ। ਇਸ ਤੋਂ ਪਹਿਲਾਂ ਡੋਭਾਲ ਨੇ ਹਿੰਸਾ ਪ੍ਰਭਾਵਿਤ ਖੇਤਰ ਸੀਲਮਪੁਰ ਅਤੇ ਜਾਫਰਾਬਾਦ ਦਾ ਦੌਰਾ ਵੀ ਕੀਤਾ ਅਤੇ ਅਫਸਰਾਂ ਨਾਲ ਮੀਟਿੰਗ ਵੀ ਕੀਤੀ ਸੀ। ਮੁਸਤਫਾਬਾਦ ਹਿੰਸਾ ਵਿਚ ਜ਼ਖ਼ਮੀ ਕਈ ਵਿਅਕਤੀਆਂ ਦਾ ਅਲ ਹਿੰਦ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੰਗਲਵਾਰ ਦੇਰ ਰਾਤ ਇਕ ਵਕੀਲ ਨੇ ਜਸਟਿਸ ਮੁਰਲੀਧਰ ਨੂੰ ਫੋਨ ‘ਤੇ ਹਸਪਤਾਲ ਦੇ ਖਰਾਬ ਹਾਲਾਤ ਅਤੇ ਮਰੀਜ਼ਾਂ ਦੀ ਜਾਣਕਾਰੀ ਦਿੱਤੀ ਅਤੇ ਤੁਰੰਤ ਦਖਲ ਦੀ ਮੰਗ ਵੀ ਕੀਤੀ। ਇਸ ਤੋਂ ਬਾਅਦ ਜਸਟਿਸ ਮੁਰਲੀਧਰ ਅਤੇ ਜਸਟਿਸ ਏਜੇ ਭਵਾਨੀ ਨੇ ਜਸਟਿਸ ਮੁਰਲੀਧਰ ਦੇ ਘਰ ਹੀ ਮਾਮਲੇ ‘ਤੇ ਸੁਣਵਾਈ ਕੀਤੀ।
ਕੇਂਦਰੀ ਗ੍ਰਹਿ ਮੰਤਰੀ ਵਲੋਂ ਬੈਜਲ ਤੇ ਕੇਜਰੀਵਾਲ ਨਾਲ ਮੀਟਿੰਗ
ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਇਕ ਹਥਿਆਰਬੰਦ ਬਟਾਲੀਅਨ ਨੂੰ ਹਿੰਸਾ ਨਾਲ ਪ੍ਰਭਾਵਿਤ ਖੇਤਰਾਂ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ‘ਚ ਕਰੀਬ 1000 ਪੁਲਿਸ ਮੁਲਾਜ਼ਮ ਹਨ। ਇਸ ਤੋਂ ਇਲਾਵਾ ਅੰਤਰਰਾਜੀ ਸਰਹੱਦਾਂ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਦਿੱਤੀ। ਇਸ ਮੌਕੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੁਲਿਸ ਕਮਿਸ਼ਨਰ (ਦਿੱਲੀ) ਅਮੁੱਲਿਆ ਪਟਨਾਇਕ ਹਾਜ਼ਰ ਸਨ। ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਕੌਮੀ ਰਾਜਧਾਨੀ ਵਿਚ ਪੁਲਿਸ ਤੇ ਵਿਧਾਇਕਾਂ ਵਿਚਾਲੇ ਤਾਲਮੇਲ ਵਧਾਇਆ ਜਾਵੇ।
ਇਸ ਤੋਂ ਇਲਾਵਾ ਸਮਾਜ ਦੇ ਸਾਰੇ ਵਰਗਾਂ ਦੇ ਨੁਮਾਇੰਦਿਆਂ, ਧਰਮਾਂ ਤੇ ਉੱਘੇ ਸਥਾਨਕ ਨਾਗਰਿਕਾਂ ਦੀਆਂ ਸ਼ਾਂਤੀ ਬਹਾਲੀ ਕਮੇਟੀਆਂ ਬਣਾਈਆਂ ਜਾਣ। ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ‘ਤੇ ਹੋਈ ਹਿੰਸਾ ਵਿਚ ਹੁਣ ਤੱਕ ਪੁਲਿਸ ਮੁਲਾਜ਼ਮ ਸਣੇ 10 ਜਣੇ ਮਾਰੇ ਗਏ ਹਨ। ਹਿੰਸਾਗ੍ਰਸਤ ਖੇਤਰਾਂ ਵਿਚ ਵਿਸ਼ੇਸ਼ ਅਧਿਕਾਰੀਆਂ ਦੇ ਨਾਲ ਵਾਧੂ ਬਲ ਤਾਇਨਾਤ ਕੀਤੇ ਜਾ ਰਹੇ ਹਨ। ਦਿੱਲੀ ਦੀਆਂ ਉੱਤਰ ਪ੍ਰਦੇਸ਼ ਤੇ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ ਦੀ ਪੁਲਿਸ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਨਿਗਰਾਨੀ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਵੱਲੋਂ ਚੌਕਸੀ ਵਜੋਂ ਨਾਕੇਬੰਦੀ ਕਰ ਕੇ ਚੈਕਿੰਗ ਸਣੇ ਹੋਰ ਕਦਮ ਚੁੱਕੇ ਜਾ ਰਹੇ। ਜ਼ਿਕਰਯੋਗ ਹੈ ਕਿ ਨਵੇਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਦਾ ਕੇਂਦਰ ਬਣੇ ਸ਼ਾਹੀਨ ਬਾਗ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਵੀ ਆਉਣ ਵਾਲਾ ਹੈ। ਪੇਸ਼ੇਵਰ ਸਮੀਖਿਆ ਮੁਤਾਬਕ ਰਾਜਧਾਨੀ ਵਿਚ ਹਿੰਸਾ ਲਗਾਤਾਰ ਹੋਈ ਹੈ ਤੇ ਬਲਾਂ ਨੇ ਤਾਕਤ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਹੈ, ਅਗਾਂਹ ਵੀ ਅਜਿਹਾ ਕੀਤਾ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਅਫ਼ਵਾਹਾਂ ਤੇ ਝੂਠੀਆਂ ਸੂਚਨਾਵਾਂ ਪੁਲਿਸ ਲਈ ਅੜਿੱਕਾ ਬਣ ਰਹੀਆਂ ਹਨ।
ਉਤਰ ਪੂਰਬੀ ਦਿੱਲੀ ਦੇ ਕਈ ਇਲਾਕਿਆਂ ‘ਚੋਂ ਹਿਜ਼ਰਤ ਸ਼ੁਰੂ
1984 ਵਾਲੇ ਹਾਲਾਤ ਬਣੇ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਸਮਰਥਕ ਅਤੇ ਵਿਰੋਧੀ ਧੜਿਆਂ ਵਿਚਕਾਰ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਚੱਲ ਰਹੀਆਂ ਹਨ। ਮੌਜਪੁਰ ਵਿਚ ਪ੍ਰਦਰਸ਼ਨਕਾਰੀਆਂ ਨੇ ਫਾਇਰਿੰਗ ਅਤੇ ਪਥਰਾਅ ਕੀਤਾ। ਇਸ ਨੂੰ ਦੇਖਦਿਆਂ ਉਤਰ ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿਚੋਂ ਲੋਕਾਂ ਨੇ ਹਿਜ਼ਰਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਸਾਬਕਾ ਪੁਲਿਸ ਕਮਿਸ਼ਨਰ ਟੀ.ਆਰ. ਕੱਕੜ ਦਾ ਕਹਿਣਾ ਸੀ ਕਿ ਦਿੱਲੀ ਵਿਚ ਅਜਿਹੇ ਹਾਲਾਤ 1984 ਤੋਂ ਬਾਅਦ ਦਿਸੇ ਹਨ। ਉਸ ਤੋਂ ਪਹਿਲਾਂ ਅਜਿਹੀ ਭਿਆਨਕ ਸਥਿਤੀ 1968 ਵਿਚ ਸੀ। ਇੱਥੇ ਪਹਿਲਾਂ ਵੀ ਫਸਾਦ ਹੋਏ ਹਨ, ਪਰ ਉਹ ਇਕ ਜ਼ਿਲ੍ਹੇ ਤੱਕ ਸੀਮਤ ਸਨ। ਹੁਣ ਮੁੱਖ ਸੜਕਾਂ ਦੀ ਬਜਾਏ ਗਲੀਆਂ ਵਿਚ ਵੀ ਹਿੰਸਾ ਹੋ ਰਹੀ ਹੈ।
ਦੰਗਾਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ
ਦਿੱਲੀ ਦੇ ਉਤਰੀ ਪੂਰਬੀ ਇਲਾਕੇ ਵਿਚ ਹਿੰਸਕ ਪ੍ਰਦਰਸ਼ਨਕਾਰੀਆਂ ਖਿਲਾਫ ਸਖਤ ਕਾਰਵਾਈ ਸ਼ੁਰੂ ਹੋ ਗਈ ਹੈ। ਸੁਰੱਖਿਆ ਬਲਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਹਿੰਸਾ ਫੈਲਾਉਣ ਦੀ ਕੋਸਿਸ਼ ਕਰਨ ਵਾਲੇ ਕਿਤੇ ਵੀ ਦਿਖਾਈ ਦੇਣ, ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਦੇਸ਼ ‘ਤੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੇ ਬਾਅਦ ਜਾਫਰਾਬਾਦ ਇਲਾਕੇ ਤੋਂ ਪ੍ਰਦਰਸ਼ਨਕਾਰੀਆਂ ਨੂੰ ਵੀ ਹਟਾ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਵਿਚ ਫਲੈਗ ਮਾਰਚ ਕਰਕੇ ਸੜਕਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ। ਜਾਫਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਨੇ ਮੰਗਲਵਾਰ ਸ਼ਾਮ ਨੂੰ ਸੜਕ ਖਾਲੀ ਕਰ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਇਹ ਮਹਿਲਾਵਾਂ ਸ਼ਨਿਚਰਵਾਰ ਰਾਤ ਤੋਂ ਰੋਸ ਪ੍ਰਦਰਸ਼ਨ ਕਰ ਰਹੀਆਂ ਸਨ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …