Breaking News
Home / ਭਾਰਤ / ਸਵਾਮੀ ਚਿਨਮਯਾਨੰਦ ਜਬਰ ਜਨਾਹ ਦੇ ਦੇਸ਼ ਹੇਠ ਗ੍ਰਿਫਤਾਰ

ਸਵਾਮੀ ਚਿਨਮਯਾਨੰਦ ਜਬਰ ਜਨਾਹ ਦੇ ਦੇਸ਼ ਹੇਠ ਗ੍ਰਿਫਤਾਰ

ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਨੂੰ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਭੇਜਿਆ
ਸ਼ਾਹਜਹਾਂਪੁਰ : ਕਾਨੂੰਨ ਦੀ ਵਿਦਿਆਰਥਣ ਵੱਲੋਂ ਜਬਰ-ਜਨਾਹ ਦਾ ਦੋਸ਼ ਲਾਏ ਜਾਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯੂਪੀ ਦੇ ਸ਼ਾਹਜਹਾਂਪੁਰ ਦੀ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਕਾਨੂੰਨੀ ਮਾਹਿਰਾਂ ਨੇ ਇਸ ਗੱਲ ‘ਤੇ ਹੈਰਾਨੀ ਜਤਾਈ ਹੈ ਕਿ ਅਦਾਲਤ ਨੇ ਭਾਜਪਾ ਆਗੂ ਨੂੰ ਪੁਲਿਸ ਰਿਮਾਂਡ ‘ਤੇ ਭੇਜਣ ਦੀ ਬਜਾਏ ਸਿੱਧਾ ਜੇਲ੍ਹ ਕਿਸ ਆਧਾਰ ‘ਤੇ ਭੇਜ ਦਿੱਤਾ। ਭਾਜਪਾ ਆਗੂ ਨੂੰ ਪੁਲਿਸ ਨੇ ਉਸ ਦੇ ਆਸ਼ਰਮ ‘ਚੋਂ ਸਵੇਰੇ-ਸਵੇਰੇ ਕਾਬੂ ਕੀਤਾ। ਪੁਲਿਸ ਮੁਤਾਬਕ ਉਨ੍ਹਾਂ ਚਿਨਮਯਾਨੰਦ ਤੋਂ ਪੈਸੇ ਉਗਰਾਹੁਣ ਦੇ ਦੋਸ਼ ਹੇਠ ਤਿੰਨ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਓ. ਪੀ. ਸਿੰਘ ਨੇ ਕਿਹਾ ਕਿ ਚਿਨਮਯਾਨੰਦ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਗ੍ਰਿਫ਼ਤਾਰੀ ‘ਚ ਦੇਰੀ ਤੋਂ ਇਨਕਾਰ ਕਰਦਿਆਂ ਡੀਜੀਪੀ ਨੇ ਕਿਹਾ ਕਿ ਵਿਦਿਆਰਥਣ ਦੇ ਬਿਆਨ ਦਰਜ ਕਰਨ ਅਤੇ ਵੀਡੀਓ ਕਲਿੱਪਾਂ ਦੀ ਪੂਰੀ ਪੜਤਾਲ ਮਗਰੋਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਜਪਾ ਆਗੂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਮੁਮੁਕਸ਼ੂ ਆਸ਼ਰਮ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਵਿਸ਼ੇਸ਼ ਜਾਂਚ ਟੀਮ ਦੇ 12 ਮੈਂਬਰ 12 ਗੱਡੀਆਂ ‘ਚ ਆਸ਼ਰਮ ਪਹੁੰਚੇ ਸਨ ਅਤੇ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਸ ਦਾ ਸਰਕਾਰੀ ਹਸਪਤਾਲ ‘ਚ ਮੈਡੀਕਲ ਚੈਕਅੱਪ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਵਿਦਿਆਰਥਣ ਨੇ ਧਮਕੀ ਦਿੱਤੀ ਸੀ ਕਿ ਜੇਕਰ ਪੁਲਿਸ ਨੇ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਆਤਮਦਾਹ ਕਰ ਲਵੇਗੀ।
ਲੜਕੀ ਨੇ ਆਤਮਦਾਹ ਦੀ ਧਮਕੀ ਦਿੱਤੀ ਤਾਂ ਹੀ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕੀਤਾ ਗਿਆ : ਪ੍ਰਿਯੰਕਾ ਗਾਂਧੀ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਪੀੜਤ ਲੜਕੀ ਵੱਲੋਂ ਆਤਮਦਾਹ ਦੀ ਧਮਕੀ ਦੇਣ ਮਗਰੋਂ ਸਰਕਾਰ ਹਰਕਤ ‘ਚ ਆਈ ਅਤੇ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਟਵਿੱਟਰ ‘ਤੇ ਪ੍ਰਿਯੰਕਾ ਨੇ ਕਿਹਾ ਕਿ ਲੋਕਾਂ ਅਤੇ ਪੱਤਰਕਾਰੀ ਦੀ ਤਾਕਤ ਕਾਰਨ ਚਿਨਮਯਾਨੰਦ ਦੀ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਹ ਯਕੀਨੀ ਬਣਾਇਆ ਕਿ ‘ਬੇਟੀ ਬਚਾਓ’ ਸਿਰਫ਼ ਨਾਅਰਾ ਹੀ ਬਣ ਕੇ ਨਾ ਰਹਿ ਜਾਵੇ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਇਆ।
ਮੈਂ ਸ਼ਰਮਿੰਦਾ ਹਾਂ: ਚਿਨਮਯਾਨੰਦ
ਸ਼ਾਹਜਹਾਂਪੁਰ: ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਮੂਹਰੇ ਜੁਰਮ ਇਕਬਾਲ ਕਰਦਿਆਂ ਕਿਹਾ, ”ਮੈਂ ਸ਼ਰਮਿੰਦਾ ਹਾਂ।” ਸਿਟ ਦੀ ਅਗਵਾਈ ਕਰ ਰਹੇ ਨਵੀਨ ਅਰੋੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਦੌਰਾਨ ਚਿਨਮਯਾਨੰਦ ਨੇ ਆਪਣੇ ਕਾਰਿਆਂ ਨੂੰ ਕਬੂਲ ਕੀਤਾ ਅਤੇ ਕਿਹਾ, ”ਮੇਰੇ ਤੋਂ ਹੋਰ ਕੁਝ ਨਾ ਪੁੱਛੋ।” ਉਂਜ ਸਿਟ ਮੁਤਾਬਕ ਚਿਨਮਯਾਨੰਦ ਨੇ ਜਬਰ-ਜਨਾਹ ਦੇ ਦੋਸ਼ਾਂ ਨੂੰ ਨਕਾਰਿਆ ਹੈ। ਅਰੋੜਾ ਨੇ ਕਿਹਾ ਕਿ ਉਸ ਨੇ ਇਤਰਾਜ਼ਯੋਗ ਗੱਲਬਾਤ ਅਤੇ ਮਾਲਸ਼ ਕਰਵਾਉਣ ਸਮੇਤ ਹੋਰਾਂ ਕਈ ਦੋਸ਼ਾਂ ਨੂੰ ਕਬੂਲ ਕੀਤਾ ਹੈ।

Check Also

ਭਾਰਤ ’ਚ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀਆਂ ਵੋਟਾਂ ਭਲਕੇ

13 ਸੂਬਿਆਂ ਦੀਆਂ 88 ਸੀਟਾਂ ’ਤੇ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ …