Breaking News
Home / ਪੰਜਾਬ / ਸਵਾਮੀ ਦੇ ਕਰਤਾਰਪੁਰ ਲਾਂਘੇ ਬਾਰੇ ਬਿਆਨ ਦੀ ਤਿੱਖੀ ਆਲੋਚਨਾ

ਸਵਾਮੀ ਦੇ ਕਰਤਾਰਪੁਰ ਲਾਂਘੇ ਬਾਰੇ ਬਿਆਨ ਦੀ ਤਿੱਖੀ ਆਲੋਚਨਾ

ਚੰਡੀਗੜ੍ਹ/ਬਿਊਰੋ ਨਿਊਜ਼ : ਭਾਜਪਾ ਆਗੂ ਤੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਵੱਲੋਂ ਕਰਤਾਰਪੁਰ ਲਾਂਘਾ ਨਾ ਖੋਲ੍ਹਣ ਦੀ ਵਕਾਲਤ ਕੀਤੇ ਜਾਣ ਮਗਰੋਂ ਸੂਬੇ ਦੀ ਸਿਆਸਤ ਵਿਚ ਜ਼ੋਰਦਾਰ ਹਲਚਲ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਸ ਬਿਆਨ ਦੀ ਕਰੜੀ ਆਲੋਚਨਾ ਕਰਦਿਆਂ ਇਸ ਨੂੰ ਬੇਲੋੜਾ ਅਤੇ ਸਿੱਖ ਵਿਰੋਧੀ ਦੱਸਿਆ ਹੈ।
ਕਾਂਗਰਸ ਦੇ 10 ਸੀਨੀਅਰ ਆਗੂਆਂ ਨੇ ਕਿਹਾ ਕਿ ਇਸ ਬਿਆਨ ਨਾਲ ਸਿੱਖ ਭਾਈਚਾਰੇ ਨੂੰ ਠੇਸ ਪੁੱਜੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਸਵਾਮੀ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਇਹ ਮਾਮਲਾ ਕਰੋੜਾਂ ਲੋਕਾਂ ਦੀ ਸ਼ਰਧਾ ਨਾਲ ਜੁੜਿਆ ਹੋਇਆ ਹੈ। ਇਹ ਬਿਆਨ ਵਾਪਸ ਲੈਣ ਲਈ ਕਿਹਾ ਹੈ। ਇਸ ਨਾਲ ਅਕਾਲੀਆਂ ਤੇ ਭਾਜਪਾ ਵਿਚ ਦੂਰੀਆਂ ਵਧਣ ਦੀਆਂ ਸੰਭਾਵਨਾਵਾਂ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਕੁਲਜੀਤ ਸਿੰਘ ਨਾਗਰਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਫਤਹਿਜੰਗ ਸਿੰਘ ਬਾਜਵਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਬਲਵਿੰਦਰ ਸਿੰਘ ਲਾਡੀ ਤੇ ਸੰਤੋਖ ਸਿੰਘ ਭਲਾਈਪੁਰ ਨੇ ਭਾਜਪਾ-ਅਕਾਲੀ ਗੱਠਜੋੜ ਨੂੰ ਇਸ ਮਾਮਲੇ ‘ਤੇ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਭਾਜਪਾ ਦਾ ਭਾਈਵਾਲ ਹੋਣ ਦੇ ਬਾਵਜੂਦ ਗੁਰੂ ਘਰਾਂ ਉੱਤੇ ਲਾਇਆ ਜੀਐੱਸਟੀ ਨਹੀਂ ਰੋਕ ਸਕਿਆ ਤੇ ਹੁਣ ਲਾਂਘੇ ਦਾ ਕੰਮ ਰੋਕਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਖ ਤੇ ਪੰਜਾਬ ਵਿਰੋਧੀ ਫ਼ੈਸਲਿਆਂ ਉਤੇ ਅਕਾਲੀ ਦਲ ਦੀ ਚੁੱਪੀ ਸਾਬਿਤ ਕਰਦੀ ਹੈ ਕਿ ਅਕਾਲੀ ਦਲ ਬਰਾਬਰ ਦਾ ਗੁਨਾਹਗਾਰ ਹੈ। ਸੀਪੀਆਈ ਨੇ ਵੀ ਸਵਾਮੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਸੀਪੀਆਈ (ਪੰਜਾਬ) ਦੇ ਸਕੱਤਰ ਬੰਤ ਸਿੰਘ ਬਰਾੜ ਨੇ ਭਾਜਪਾ ਆਗੂ ਦੇ ਬਿਆਨ ‘ਤੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਜਦ ਸਾਰੀ ਦੁਨੀਆ ਵਿਚ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਤਾਂ ਭਾਜਪਾ ਆਗੂ ਦਾ ਇਸ ਨੂੰ ਬੰਦ ਕਰਨ ਬਾਰੇ ਬਿਆਨ ਦੇਣਾ ਮੰਦਭਾਗਾ ਅਤੇ ਨਿੰਦਣਯੋਗ ਹੈ। ਇਸ ਤੋਂ ਵੀ ਵੱਧ ਭੜਕਾਊ ਗੱਲ ਇਹ ਹੈ ਕਿ ਉਸ ਨੇ ਸਿੱਖਾਂ ਨੂੰ ਸੰਬੋਧਨ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਮਾੜੇ ਇਰਾਦਿਆਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕੱਲੇ ਸਿੱਖ ਨਹੀਂ ਸਗੋਂ ਸਮੁੱਚਾ ਪੰਜਾਬੀ ਭਾਈਚਾਰਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦਾ ਹੈ।
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਇਸ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਦੇ ਬਿਆਨ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ ਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ਤੋਂ ਉਹ ਦੂਰ ਰਹਿਣ ਅਤੇ ਪ੍ਰਾਜੈਕਟ ਬਾਰੇ ਆਪਣੀ ਸਲਾਹ ਆਪਣੇ ਕੋਲ ਰੱਖਣ ਕਿਉਂਕਿ ਸਿੱਖ ਹਮੇਸ਼ਾ ਪੂਰੇ ਜੋਸ਼ ਤੇ ਸਮਰਪਣ ਨਾਲ ਦੇਸ਼ ਦੀ ਸੇਵਾ ਲਈ ਜਾਣੇ ਜਾਂਦੇ ਹਨ।
ਸਵਾਮੀ ਦੇ ਲਾਂਘੇ ਬਾਰੇ ਬਿਆਨ ਦੀ ਚੁਫੇਰਿਓਂ ਨਿੰਦਾ : ਸਿੱਖ ਬੁੱਧੀਜੀਵੀਆਂ ਨੇ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਵੱਲੋਂ ਕਰਤਾਰਪੁਰ ਸਾਹਿਬ ਦੇ ਚਲਦੇ ਲਾਂਘੇ ਦੇ ਕੰਮ ਨੂੰ ਰੋਕਣ ਸਬੰਧੀ ਦਿੱਤੇ ਗਏ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਸਿੱਖ ਬੁੱਧੀਜੀਵੀਆਂ ਸਾਬਕਾ ਆਈਏਐੱਸ ਗੁਰਤੇਜ ਸਿੰਘ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਿੰਦਰ ਸਿੰਘ (ਖਾਲਸਾ ਪੰਚਾਇਤ) ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਘੇ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਕਿਉਂਕਿ ਗਾਹੇ-ਬਗਾਹੇ ਦਿੱਤੇ ਅਜਿਹੇ ਬਿਆਨ ਸਿੱਖਾਂ ਵਿੱਚ ਦੁਵਿਧਾ ਅਤੇ ਘਬਰਾਹਟ ਪੈਦਾ ਕਰਦੇ ਹਨ। ਸਿੱਖ ਬੁੱਧੀਜੀਵੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਪਿਛਲੇ ਸਾਲ 22 ਨਵੰਬਰ ਨੂੰ ਆਪਣੀ ਕੈਬਨਿਟ ਮੀਟਿੰਗ ਵਿਚ ਐਲਾਨ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਦੇ ਆਸ਼ੀਰਵਾਦ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਹੈ ਜਿਹੜਾ ਦੋਹਾਂ ਮੁਲਕਾਂ ਦਰਮਿਆਨ ਪੁਲ ਦਾ ਕੰਮ ਕਰੇਗਾ। ਉਨ੍ਹਾਂ ਯਾਦ ਕਰਵਾਇਆ ਕਿ ਮੋਦੀ ਨੇ ਕੁਝ ਮਹੀਨੇ ਪਹਿਲਾਂ ਪੰਜਾਬ ਤੇ ਰਾਜਸਥਾਨ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕਾਂਗਰਸੀ ਲੀਡਰਾਂ ਨੂੰ ਨਾ ਤਾਂ ਗੁਰੂ ਨਾਨਕ ਦੇਵ ਜੀ ਦੀ ਮਹੱਤਤਾ ਦਾ ਪਤਾ ਸੀ ਅਤੇ ਨਾ ਹੀ ਸਿੱਖਾਂ ਦੀ ਗੁਰੂਆਂ ਪ੍ਰਤੀ ਸ਼ਰਧਾ ਦਾ ਕੋਈ ਖਿਆਲ ਸੀ, ਨਹੀਂ ਤਾਂ ਕਰਤਾਰਪੁਰ ਸਾਹਿਬ ਉਸ ਸਮੇਂ ਹੀ ਭਾਰਤ ਵਾਲੇ ਪਾਸੇ ਹੋ ਜਾਂਦਾ।
ਅਕਾਲੀ ਦਲ ਲਾਂਘਾ ਮੁਕੰਮਲ ਕਰਨ ਦੇ ਹੱਕ ਵਿਚ: ਦਲਜੀਤ ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਲਾਂਘੇ ਨੂੰ ਮੁਕੰਮਲ ਕਰਨ ਲਈ ਵਚਨਬੱਧ ਹਨ ਤੇ ਅਜਿਹੀ ਸਥਿਤੀ ਵਿਚ ਸਵਾਮੀ ਨੂੰ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਸੀ। ਉਨ੍ਹਾਂ ਦੀ ਪਾਕਿਸਤਾਨ ਪ੍ਰਤੀ ਨਫ਼ਰਤ ਹੋ ਸਕਦੀ ਹੈ ਪਰ ਲਾਂਘੇ ਪ੍ਰਤੀ ਅਜਿਹੇ ਬਿਆਨ ਵਾਜਬ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਦਾ ਲਾਂਘੇ ਪ੍ਰਤੀ ਰੁਖ਼ ਸਪੱਸ਼ਟ ਹੈ ਤੇ ਇਹ ਹਰ ਹਾਲ ਵਿਚ ਬਣਨਾ ਤੇ ਚਾਲੂ ਹੋਣਾ ਚਾਹੀਦਾ ਹੈ।
ਭਾਜਪਾ ਸਵਾਮੀ ਨੂੰ ਪਾਰਟੀ ‘ਚੋਂ ਬਰਖ਼ਾਸਤ ਕਰੇ: ‘ਆਪ’
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਸੁਬਰਾਮਨੀਅਮ ਸਵਾਮੀ ਦੇ ਬਿਆਨ ਦੀ ਨਿਖੇਧੀ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਾਈਕਮਾਨ ਨੂੰ ਕਿਹਾ ਹੈ ਕਿ ਜਾਂ ਤਾਂ ਪਾਰਟੀ ਆਪਣੇ ਆਗੂ (ਸਵਾਮੀ) ਤੋਂ ਬਿਆਨ ਵਾਪਸ ਕਰਵਾ ਕੇ ਮੁਆਫ਼ੀ ਮੰਗਵਾਏ ਅਤੇ ਜਾਂ ਫਿਰ ਉਸ ਨੂੰ ਪਾਰਟੀ ਵਿਚੋਂ ਬਰਖ਼ਾਸਤ ਕੀਤਾ ਜਾਵੇ। ਪਾਰਟੀ ਦੇ ਵਿਧਾਇਕਾਂ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸਵਾਮੀ ਦੀ ਸੋਚ ਅਤੇ ਲਫ਼ਜ਼ਾਂ ਨੇ ਦੁਨੀਆ ਭਰ ਵਿਚ ਵਸਦੀ ‘ਨਾਨਕ ਨਾਮ ਲੇਵਾ ਸੰਗਤ’ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਰਕੇ ਸਵਾਮੀ ਨੇ ਖ਼ੁਦ ਨੂੰ ਪਾਕਿਸਤਾਨ ਦੇ ਉਸ ਫ਼ੌਜੀ ਅਫ਼ਸਰ ਬਰਾਬਰ ਖੜ੍ਹਾ ਕਰ ਲਿਆ ਹੈ, ਜੋ ਕਰਤਾਰਪੁਰ ਲਾਂਘੇ ਨੂੰ ਲੈ ਕੇ ਨਿਰਆਧਾਰ ਰੌਲਾ ਪਾ ਰਿਹਾ ਹੈ। ਵਿਧਾਇਕਾਂ ਨੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ‘ਭਗਵਾਨ ਸ੍ਰੀ ਕ੍ਰਿਸ਼ਨ’ ਨਾਲ ਕਰਨ ਦੀ ਵੀ ਨਿਖੇਧੀ ਕੀਤੀ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …